ਕਣਕ ਦੀ ਸੁਚੱਜੀ ਖ਼ਰੀਦ ਲਈ ਜ਼ਿਲੇ ਵਿਚ 53 ਖ਼ਰੀਦ ਕੇਂਦਰ ਸਥਾਪਿਤ-ਡੀ. ਸੀ
ਸਮੂਹ ਖ਼ਰੀਦ ਕੇਂਦਰਾਂ ਵਿਚ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ
ਨਵਾਂਸ਼ਹਿਰ: ਸੂਬੇ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਦੌਰਾਨ ਕੋਵਿਡ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਖ਼ਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਦੱਸਿਆ ਕਿ ਕਣਕ ਦੀ ਸੁਚੱਜੀ ਖ਼ਰੀਦ ਲਈ ਜ਼ਿਲੇ ਵਿਚ 53 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨਾਂ ਵਿਚ 30 ਮੰਡੀਆਂ ਅਤੇ 23 ਵਾਧੂ ਯਾਰਡ ਸ਼ਾਮਲ ਹਨ। ਉਨਾਂ ਕਿਹਾ ਕਿ ਸਾਰੇ ਖ਼ਰੀਦ ਕੇਂਦਰਾਂ ’ਤੇ ਕੋਵਿਡ ਤੋਂ ਬਚਾਅ ਸਬੰਧੀ ਲਗਾਤਾਰ ਜਾਗਰੂਕਤਾ ਪੈਦਾ ਕਰਦੇ ਰਹਿਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ, ਸਾਫ਼-ਸਫ਼ਾਈ ਦਾ ਧਿਆਨ ਰੱਖਣ ਆਦਿ ਸਮੇਤ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ, ਇਸ ਲਈ ਲੋੜੀਂਦੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਅਤੇ ਸਾਫ਼-ਸੁਥਰੀ ਕਣਕ ਹੀ ਲੈ ਕੇ ਆਉਣ, ਤਾਂ ਜੋ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਪ੍ਰਸ਼ਾਸਨ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਦੀ ਫ਼ਸਲ ਦੀ ਸੁਚੱਜੀ ਖ਼ਰੀਦ ਦੇ ਨਾਲ-ਨਾਲ ਉਨਾਂ ਨੂੰ ਕੋਵਿਡ ਦੇ ਪ੍ਰਭਾਵ ਤੋਂ ਬਚਾਇਆ ਜਾਵੇ। ਉਨਾਂ ਕਿਹਾ ਕਿ ਕਿਸਾਨਾਂ ਅਤੇ ਲੇਬਰ ਸਮੇਤ ਮੰਡੀਆਂ ਵਿਚ ਆਉਣ ਅਤੇ ਕੰਮ ਕਰਨ ਦੌਰਾਨ ਹਰੇਕ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਸਮੂਹ ਮੰਡੀਆਂ ਵਿਚ ਬਾਰਦਾਨੇ, ਸਟੋਰੇਜ, ਲੇਬਰ, ਢੁਕਵੇਂ ਸ਼ੈੱਡ, ਪੀਣ ਵਾਲੇ ਪਾਣੀ, ਪਖਾਨਿਆਂ, ਰੋਸ਼ਨੀ, ਹੱਥ ਧੋਣ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਖ਼ਰੀਦ ਕੇਂਦਰਾਂ ਵਿਚ ਏਜੰਸੀਆਂ ਦੇ ਸਟਾਫ਼, ਲੇਬਰ ਅਤੇ ਟਰਾਂਸਪੋਰਟੇਸ਼ਨ ਨਾਲ ਸਬੰਧਤ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲਾ ਮੰਡੀ ਅਫ਼ਸਰ ਸਵਰਨ ਸਿੰਘ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਚਰਨਜੀਤ ਸਿੰਘ ਵਾਲੀਆ ਤੋਂ ਇਲਾਵਾ ਖ਼ਰੀਦ ਪ੍ਰਕਿਰਿਆ ਨਾਲ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।