ਓਲੰਪਿਕ ਖੇਡਾਂ ਦੇ 125 ਸਾਲਾ ਦੇ ਇਤਿਹਾਸ ਦਾ ਲੇਖਾ ਜੋਖਾ
ਘਾਹ ਵਾਲੀ ਹਾਕੀ ਦੇ ਜੇਤੂ ਤਮਗਿਆ ਤੋਂ ਇਲਾਵਾ ਭਾਰਤ ਦਾਬਾਕੀ ਖੇਡਾਂ ਵਿੱਚ ਮੰਦਾ ਹੀ ਰਿਹਾ
ਓਲੰਪਿਕ ਖੇਡਾਂ ਦੇ ਇਤਿਹਾਸ ਦੀ ਸ਼ੁਰੂਆਤ 1896 ਵਿੱਚ ਗ੍ਰੀਸ ਏਥਨਜ਼ ਤੋਂ ਹੋਈ , ਹੁਣ ਤਕ ਓਲੰਪਿਕ ਖੇਡਣ ਦੇ ਕੁੱਲ 31ਅੈਡੀਸ਼ਨ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਦੁਨੀਆਂ ਦੀਆਂ 2 ਵੱਡੀਆਂ ਲੜਾਈਆਂ ਕਾਰਨ 1916, 1940, 1944 ਦੀਆਂ ਓਲੰਪਿਕ ਖੇਡਾਂ ਰੱਦ ਵੀ ਕਰਨੀਆਂ ਪਈਆਂ , ਭਾਰਤੀ ਖਿਡਾਰੀਆਂ ਦੀ ਪਹਿਲੀ ਐਂਟਰੀ 1900 ਪੈਰਿਸ ਓਲੰਪਿਕ ਖੇਡਾਂ ਐਂਗਲੋ ਇੰਡੀਅਨ ਖਿਡਾਰੀਆਂ ਦੇ ਰੂਪ ਵਿੱਚ ਹੋਈ, 1900 ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਇੱਕਲੋਤਾਖਿਡਾਰੀ ਗੋਰਾ ਨੌਰਮਨ ਗਿਲਬਰਟ ਪਰਿਟਚਰਡ ਨੇ 200 ਮੀਟਰ ਹਰਡਲਜ਼ ਵਿੱਚ ਹਿੱਸਾ ਲਿਆ ਜਿਸ ਨੇ ਭਾਰਤ ਦੇ ਨਾਮ ਤੇ 2 ਚਾਂਦੀ ਦੇ ਤਮਗੇ ਜਿੱਤੇ ਜਦਕਿ ਅਸਲ ਵਿਚ ਭਾਰਤ ਦੇ ਖਿਡਾਰੀਆਂ ਨੇ 1928 ਐਮਸਟਰਡਮ ਓਲੰਪਿਕ ਖੇਡਾਂ ਤੋਂ ਹੀ ਹਿੱਸਾ ਲੈਣਾ ਸ਼ੁਰੂ ਕੀਤਾ ਜਿਸ ਵਿੱਚ ਭਾਰਤੀ ਹਾਕੀ ਟੀਮ ਤੋਂ ਇਲਾਵਾ ਕੁਝ ਅਥਲੀਟ ਵੀ ਗਏ ਪਹਿਲਾਂ ਪਹਿਲ ਆਰਮੀ ਨਾਲ ਸਬੰਧਤ ਖਿਡਾਰੀ ਹੀ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦੇ ਸਨ । 1928 ਓਲੰਪਿਕ ਖੇਡਾਂ ਵਿਚ ਕੇਹਰ ਸਿੰਘ ਗਿੱਲ ਨੂੰ ਪਹਿਲੇ ਸਿੱਖ ਓਲੰਪੀਅਨ ਅਤੇ ਦਲੀਪ ਸਿੰਘ ਗਰੇਵਾਲ ਨੂੰ ਪਹਿਲੇ ਸਿੱਖ ਅਥਲੀਟ ਓਲੰਪੀਅਨ ਬਣਨ ਦਾ ਮਾਣ ਹਾਸਲ ਹੋਇਆ ,ਮਾਣ ਵਾਲੀ ਗੱਲ ਦੋਨੋਂ ਸਰਦਾਰ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਨ ਕੇਹਰ ਸਿੰਘ ਦੇ ਪਿੰਡ ਗਿੱਲ ਅਤੇ ਦਲੀਪ ਸਿੰਘ ਗਰੇਵਾਲ ਦਾ ਪਿੰਡ ਦੋਲੋ ਜ਼ਿਲ੍ਹਾ ਲੁਧਿਆਣਾ ਸੀ । ਦਲੀਪ ਸਿੰਘ ਗਰੇਵਾਲ ਦਾ ਬੇਟਾ ਬਾਲਕ੍ਰਿਸ਼ਨ ਸਿੰਘ ਵੀ ਹਾਕੀ ਦਾ ਓਲੰਪੀਅਨ ਬਣਿਆ ਜਿਸ ਨੇ 1956 ਅਤੇ 1960 ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ । 1928 ਐਮਸਟਰਡਮ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਗੁਲਾਮ ਹੋ ਕੇ ਵੀ ਆਪਣਾ ਜੇਤੂ ਝੰਡਾ ਬੁਲੰਦ ਕੀਤਾ । ਧਿਆਨ ਚੰਦ ਅਤੇ ਰੂਪ ਸਿੰਘ ਭਰਾਵਾਂ ਦੀ ਜੋੜੀ ਨੇ ਓਲੰਪਿਕ ਹਾਕੀ ਵਿੱਚ ਤਹਿਲਕਾ ਮਚਾਇਆ। ਜੈਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦੇ ਪਹਿਲੇ ਕਪਤਾਨ ਬਣਨ ਦਾ ਮਾਣ ਹਾਸਲ ਹੋਇਆ । ਭਾਰਤ ਨੇ ਫਾੲੀਨਲ ਮੁਕਾਬਲੇ ਵਿੱਚ ਮੇਜ਼ਬਾਨ ਹਾਲੈਂਡ ਨੂੰ 3-0 ਗੋਲਾਂ ਨਾਲ ਹਰਾ ਕੇ ਪਹਿਲਾ ਸੋਨ ਤਗ਼ਮਾ ਜਿੱਤਿਆ । ਓੁਸਤੋਂ ਬਾਅਦ 1932 ਲਾਸ ਏਂਜਲਸ ਓਲੰਪਿਕ, 1936 ਬਰਲਿਨ ਓਲੰਪਿਕ, 1948 ਲੰਡਨ ਓਲੰਪਿਕ , 1952 ਹੈਲਸਿੰਕੀ ਓਲੰਪਿਕ , 1956 ਮੈਲਬੋਰਨ ਓਲੰਪਿਕ , 1964 ਟੋਕੀਓ ਓਲੰਪਿਕ , 1980 ਮਾਸਕੋ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮੇ ਜਿੱਤੇ ਜਦਕਿ 1960 ਰੋਮ ਓਲੰਪਿਕ ਵਿੱਚ ਚਾਂਦੀ ਦਾ, 1968 ਮੈਕਸੀਕੋ ਅਤੇ 1972 ਮਿਊਨਖ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ । ਓਲੰਪਿਕ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ 1908 ਓਲੰਪਿਕ ਤੋਂ ਹੋਈ । 1908 ਅਤੇ 1920 ਓਲੰਪਿਕ ਖੇਡਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਹਿੱਸਾ ਨਹੀਂ ਲਿਆ ਇਨ੍ਹਾਂ ਦੋਵੇਂ ਓਲੰਪਿਕ ਖੇਡਾਂ ਵਿੱਚ ਬਰਤਾਨੀਆ ਨੇ ਸੋਨ ਤਗ਼ਮਾ ਜਿੱਤਿਆ ।ਜਦ ਕਿ 1928 ਤੋਂ ਲੈ ਕੇ 1936 ਤੱਕ ਬਰਤਾਨੀਆ ਨੇ ਭਾਰਤੀ ਹਾਕੀ ਟੀਮ ਦੀ ਤਾਕਤ ਤੋਂ ਡਰਦਿਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਕਿ ਕਿਤੇ ਅਸੀਂ ਇਸ ਮੁਲਕ ਦੇ ਹੱਥੋਂ ਹਾਰ ਨਾ ਜਾਈਏ , ਕੁੱਲ ਮਿਲਾ ਕੇ ਜੇਕਰ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਲੇਖਾ ਜੋਖਾ ਕਰੀਏ ਤਾਂ ਭਾਰਤ ਦੀ 1928 ਤੋਂ 1972 ਤੱਕ ਹਾਕੀ ਉੱਤੇ ਸਰਦਾਰੀ ਰਹੀ ਜਿੱਥੇ ਭਾਰਤ ਨੇ ਹਰ ਵਾਰ ਕੋਈ ਨਾ ਕੋਈ ਤਮਗਾ ਜਿੱਤਿਆ ਇਹ ਹਾਕੀ ਦੇ ਸਾਰੇ ਮੁਕਾਬਲੇ ਘਾਹ ਵਾਲੇ ਮੈਦਾਨਾਂ ਤੇ ਹੋਏ 1976 ਮਾਂਟਰੀਅਲ ਓਲੰਪਿਕ ਤੋਂ ਐਸਟ੍ਰੋਟਰਫ ਹਾਕੀ ਮੈਦਾਨ ਦੀ ਸ਼ੁਰੂਆਤ ਹੋਈ । 1972 ਓਲੰਪਿਕ ਤਕ ਭਾਰਤ ਨੇ ਹਾਕੀ ਵਿੱਚ ਕੁੱਲ 10 ਤਮਗੇ ਜਿੱਤੇ । 1928 ਤੋਂ 1972 ਤੱਕ ਭਾਰਤੀ ਹਾਕੀ ਟੀਮ ਨੇ ਓਲੰਪਿਕ ਹਾਕੀ ਵਿੱਚ ਕੁੱਲ 58 ਮੈਚ ਖੇਡੇ ਜਿਨ੍ਹਾਂ ਵਿੱਚੋਂ 54 ਜਿੱਤੇ , 4 ਬਰਾਬਰ ਅਤੇ ਸਿਰਫ਼ 4 ਹਾਰੇ ਸਨ, ਜਦਕਿ ਐਸਟ੍ਰੋਟਰਫ਼ ਹਾਕੀ ਉਤੇ ਭਾਰਤ ਨੇ 1976 ਤੋਂ ਲੈਕੇ 2016 ਤੱਕ ਕੁੱਲ 68 ਮੈਚ ਖੇਡੇ ਜਿਨ੍ਹਾਂ ਵਿੱਚੋਂ 27 ਜਿੱਤੇ, 13 ਬਰਾਬਰ ਅਤੇ 28 ਹਾਰੇ ਹਨ। ਐਸਟ੍ਰੋਟਰਫ਼ ਹਾਕੀ ਉੱਤੇ 1980 ਮਾਸਕੋ ਓਲੰਪਿਕ ਵਿੱਚ ਸੋਨ ਤਗ਼ਮੇ ਦੀ ਜਿੱਤ ਨੂੰ ਛੱਡ ਕੇ ਭਾਰਤੀ ਹਾਕੀ ਟੀਮ ਕਦੇ ਵੀ ਸੈਮੀਫਾਈਨਲ ਵਿੱਚ ਵੀ ਨਹੀਂ ਪਹੁੰਚ ਸਕੀ , ਘਾਹ ਵਾਲੀ ਹਾਕੀ ਦੀ ਸਰਦਾਰੀ ਤੋਂ ਬਾਅਦ ਐਸਟ੍ਰੋਟਰਫ ਹਾਕੀ ਉੱਤੇ ਭਾਰਤੀ ਹਾਕੀ ਟੀਮ ਦਾ ਨਿਘਾਰ ਹੀ ਆਉਂਦਾ ਰਿਹਾ ਪਰ ਫੇਰ ਵੀ ਪਾਕਿਸਤਾਨ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਨੂੰ ਛੱਡ ਕੇ ਭਾਰਤੀ ਹਾਕੀ ਟੀਮ ਦਾ ਹਰ ਟੀਮ ਵਿਰੁੱਧ ਜੇਤੂ ਰਿਕਾਰਡ ਅੱਜ ਵੀ ਵਧੀਆ ਅੰਕੜਿਆਂ ਵਿੱਚ ਬੋਲਦਾ ਹੈ । ਕੁੱਲ ਮਿਲਾ ਕੇ ਭਾਰਤ ਨੇ ਓਲੰਪਿਕ ਖੇਡਾਂ ਦੇ ਵਿਚ ਖੇਡੇ 20 ਐਡੀਸ਼ਨਾਂ ਵਿਚੋਂ 11 ਵਾਰ ਜੇਤੂ ਸਟੈਂਡ ਤੇ ਖੜ੍ਹਨ ਦਾ ਪਰਚਮ ਲਹਿਰਾਇਆ ਹੈ ਜੋ ਕਿ ਇਕ ਮਾਣ ਮੱਤਾ ਜੇਤੂ ਇਤਿਹਾਸ ਹੈ ।
ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਕੁੱਲ 28 ਤਮਗੇ ਜਿੱਤੇ ਹਨ ਜਿਸ ਵਿੱਚ 1904 ਓਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਖੇਡਦਿਆਂ ਇਕ ਗੋਰੇ ਅਥਲੀਟ ਪੈਨਿਅਰ ਨੇ ਅਥਲੈਟਿਕਸ ਵਿੱਚ 2 ਤਮਗੇ ਜਿੱਤੇ ਓੁਸ ਤੋਂ ਬਾਅਦ 1952 ਹੈਲਸਿੰਕੀ ਓਲੰਪਿਕ ਖੇਡਾਂ ਵਿੱਚ ਪਹਿਲਵਾਨੀ ਵਿੱਚ ਕੇ ਡੀ ਯਾਦਵ ਨੇ ਕਾਂਸੀ ਦਾ ਤਮਗਾ ਜਿੱਤਿਆ ਫਿਰ 1996 ਐਟਲਾਂਟਾ ਓਲੰਪਿਕ ਵਿੱਚ ਲਿਏਂਡਰ ਪੇਸ ਨੇ ਟੈਨਿਸ ਵਿੱਚ ਕਾਂਸੀ ਦਾ ਤਮਗਾ , 2000 ਸਿਡਨੀ ਓਲੰਪਿਕ ਵਿਚ ਕਰਨਮ ਮਲੇਸ਼ਵਰੀ ਨੇ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗ਼ਮਾ , 2004 ਏਥਨਜ਼ ਗਰੀਸ ਓਲੰਪਿਕ ਖੇਡਾਂ ਵਿੱਚ ਜੈਵਰਧਨ ਰਾਠੌਰ ਨੇ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਮਗਾ ਜਦਕਿ ਚੀਨ ਬੀਜਿੰਗ 2008 ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਅਭਿਨਵ ਬਿੰਦਰਾ ਨੇ ਸੋਨ ਤਗਮਾ, ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮੁੱਕੇਬਾਜ਼ ਵਜਿੰਦਰ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ । 2012 ਲੰਡਨ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਵਿਅਕਤੀਗਤ ਮੁਕਾਬਲਿਆਂ ਵਿੱਚ 6 ਤਗ਼ਮੇ ਮਿਲੇ 2 ਚਾਂਦੀ ਦੇ ਅਤੇ 4 ਕਾਂਸੀ ਦੇ,ਲੰਡਨ ਓਲੰਪਿਕ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਨਿਸ਼ਾਨੇਬਾਜ਼ ਵਿਜੇ ਕੁਮਾਰ ਨੇ ਚਾਂਦੀ ਦੇ ਸਾਨੀਆ ਨੇਹਵਾਲ ਨੇ ਬੈਡਮਿੰਟਨ ਵਿੱਚ ਯੋਗੇਸ਼ਵਰ ਦੱਤ ਨੇ ਕੁਸ਼ਤੀ ਵਿੱਚ ਗਗਨ ਨਾਰੰਗ ਨੇ ਨਿਸ਼ਾਨੇਬਾਜ਼ੀ ਵਿੱਚ ਮੈਰੀਕੌਮ ਨੇ ਮੁੱਕੇਬਾਜ਼ੀ ਵਿੱਚ ਕਾਂਸੀ ਦੇ ਤਮਗੇ ਜਿੱਤੇ ਜਦਕਿ ਬ੍ਰਾਜ਼ੀਲ ਰੀਓ ਡੀ ਜੇਨਾਰਿਉ 2016 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਚਾਂਦੀ ਦਾ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦੇ ਤਗ਼ਮੇ ਜਿੱਤੇ ਇਸ ਤਰ੍ਹਾਂ ਹਾਕੀ ਦੇ 11ਤਮਗਿਆਂ ਤੋਂ ਇਲਾਵਾ 17 ਤਗ਼ਮੇ ਭਾਰਤ ਨੂੰ ਵਿਅਕਤੀਗਤ ਖੇਡਾਂ ਵਿੱਚ ਹੀ ਮਿਲੇ ਹਨ ਜਦਕਿ ਬਾਕੀ ਖੇਡਾਂ ਵਿੱਚ ਭਾਰਤ ਦਾ ਤਮਗੇ ਜਿੱਤਣ ਵਿਚ ਪੂਰੀ ਤਰ੍ਹਾਂ ਮੰਦਾ ਹੀ ਰਿਹਾ ਹੈ ਦੁਨੀਆਂ ਦੀ ਵੱਡੀ ਵਸੋਂ ਵਾਲੇ ਮੁਲਕ ਲਈ ਇਹ ਬੜੀ ਸ਼ਰਮਨਾਕ ਗੱਲ ਹੈ ਜੇਕਰ ਚੀਨ ਸਭ ਤੋਂ ਵੱਧ ਵਸੋਂ ਵਾਲਾ ਮੁਲਕ ਦੁਨੀਆਂ ਦੀਆਂ ਖੇਡਾਂ ਵਿੱਚ ਆਪਣੀ ਸਰਦਾਰੀ ਦਰਸਾ ਸਕਦਾ ਹੈ ਤਾਂ ਭਾਰਤ ਕਿਉਂ ਨਹੀਂ ? ਕਿਉਂਕਿ ਭਾਰਤ ਦੇ ਵਿੱਚ ਖੇਡ ਪ੍ਰਣਾਲੀ ਪ੍ਰਤੀ ਮੁਲਕ ਦੀਆਂ ਸਰਕਾਰਾਂ ਕਦੇ ਗੰਭੀਰ ਨਹੀਂ ਹੋਈਆਂ ਇਸੇ ਕਰਕੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦਾ ਨਾਮ ਧੁੰਦਲਾ ਹੈ ਸਿਰਫ ਹਾਕੀ ਖੇਡ ਹੀ ਇੱਕ ਅਜਿਹੀ ਖੇਡ ਹੈ ਜਿਸ ਨੇ ਆਪਣੇ ਦਮ ਉੱਤੇ ਭਾਰਤ ਦਾ ਨਾਮ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਰੌਸ਼ਨ ਕੀਤਾ ਹੈ ਅੱਜ ਵੀ ਮਾੜੇ ਹਾਲਾਤਾਂ ਦੇ ਬਾਵਜੂਦ ਭਾਰਤੀ ਹਾਕੀ ਟੀਮ ਦੁਨੀਆਂ ਦੀ ਦਰਜਾਬੰਦੀ ਵਿੱਚ ਚੌਥੇ ਸਥਾਨ ਤੇ ਚੱਲ ਰਹੀ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਹਾਕੀ ਅਤੇ ਹੋਰ ਖੇਡਾਂ ਪ੍ਰਤੀ ਥੋੜ੍ਹੀ ਜਿਹੀ ਗੰਭੀਰਤਾ ਦਿਖਾਉਣ ਤਾਂ ਭਾਰਤ ਦੀ ਸਰਦਾਰੀ ਓਲੰਪਿਕ ਖੇਡਾਂ ਦੇ ਵਿਚ ਹੋਰ ਵਧੀਆ ਹੋ ਸਕਦੀ ਹੈ । ਸਮੇਂ ਸਮੇਂ ਦੀਆਂ ਸਰਕਾਰਾਂ ਨੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕਦੇ ਕੋਈ ਯਤਨ ਹੀ ਨਹੀਂ ਕੀਤਾ । ਹੁਣ 2021 ਟੋਕੀਓ ਓਲੰਪਿਕ ਖੇਡਾਂ ਵਿੱਚ ਵਕਤ ਹੀ ਦੱਸੇਗਾ ਕਿ ਭਾਰਤੀ ਖਿਡਾਰੀ ਆਪਣੇ ਦਮ ਖਮ ਨਾਲ ਕਿੰਨੇ ਕੁ ਤਮਗੇ ਜਿੱਤਦੇ ਹਨ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਰਹਿੰਦੀ ਹੈ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਰੱਬ ਰਾਖਾ !
ਜਗਰੂਪ ਸਿੰਘ ਜਰਖੜ
ਖੇਡ ਲੇਖਕ!