ਦਿੱਲੀ ਗੇਟ ਦੇ ਨਵੀਨੀਕਰਨ ਤੋਂ ਬਾਅਦ ਵਿਧਾਇਕ ਪਿੰਕੀ ਨੇ ਦਿੱਲੀ ਗੇਟ ਦਾ ਕੀਤਾ ਉਦਘਾਟਨ
ਫਿਰੋਜ਼ਪੁਰ ਦੀਆਂ ਗਲੀਆਂ ਵਿੱਚ ਲੱਗਣਗੇ ਸੀਸੀਟੀਵੀ ਕੈਮਰੇ: ਵਿਧਾਇਕ ਪਿੰਕੀ
ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੇ ਪੁਰਾਤਨ ਦਿੱਲੀ ਗੇਟ ਦਾ ਨਵੀਨੀਕਰਨ ਕਰਨ ਉਪਰੰਤ ਸ਼ਹਿਰੀ ਹਲਕੇ ਦੇ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਦਿੱਲੀ ਗੇਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦਾ ਸਰਬਪੱਖੀ ਵਿਕਾਸ ਕਰਵਾਉਣਾ ਇੱਥੇ ਰਹਿ ਰਹੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਅਤੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਾਲ ਨਾਲ ਸ਼ਹਿਰ ਛਾਉਣੀ ਨੂੰ ਸੁੰਦਰ ਅਤੇ ਵਿਕਸਤ ਕਰਨਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਹੈ।
ਵਿਧਾਇਕ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਨੂੰ ਨੰਬਰ ਵਨ ਬਣਾਉਣ ਦਾ ਸੁਪਨਾ ਉਹ ਜਲਦੀ ਹੀ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਗਦਾਦੀ ਗੇਟ ਦੇ ਉਦਘਾਟਨ ਤੋਂ ਬਾਅਦ ਦਿੱਲੀ ਗੇਟ ਚੌਕ ਦਾ ਉਦਘਾਟਨ ਕੀਤਾ ਗਿਆ ਹੈ ਹੋਰ ਇਸ ਤਰ੍ਹਾਂ ਸ਼ਹਿਰ ਦੇ ਸਾਰੇ 10 ਗੇਟਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੋਰੀ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਨ੍ਹਾਂ ਸਾਰੇ ਗੇਟਾਂ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਉਹ ਗੇਟ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਲੋਕਾਂ ਦੀ ਪੂਰੀ ਜਾਣਕਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਛਾਉਣੀ ਦੀ ਹਰ ਗਲੀ ਮੁਹੱਲੇ ਵਿੱਚ ਡੇਢ ਮਹੀਨੇ ਦੇ ਅੰਦਰ ਅੰਦਰ ਸੀਸੀਟੀਵੀ ਕੈਮਰੇ ਲਗਾ ਦਿੱਤੇ ਜਾਣਗੇ ਅਤੇ ਸ਼ਹਿਰ ਛਾਉਣੀ ਦੇ ਹਰ ਗਲੀ ਮੁਹੱਲੇ ਦੀ ਸਾਰੀ ਗਤੀਵਿਧੀ ਦੀ ਜਾਣਕਾਰੀ ਉਤੇ ਪੁਲਸ ਦੀ ਨਜ਼ਰ ਹੋਵੇਗੀ।
ਵਿਧਾਇਕ ਪਿੰਕੀ ਨੇ ਕਿਹਾ ਕਿ ਪੀਜੀਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ ਦਾ ਕੰਮ ਜਾਰੀ ਹੈ ਅਤੇ ਕਰੀਬ ਦੋ ਹਜ਼ਾਰ ਕਰੋੜ ਦੇ ਪ੍ਰਾਜੈਕਟ ਵਾਲੇ ਇਸ ਹਸਪਤਾਲ ਵਿਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਮੈਡੀਕਲ ਸੁਵਿਧਾਵਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਛਾਉਣੀ ਦੀਆਂ ਸਾਰੀਆਂ ਗਲੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਨਾਲ ਨਾਲ ਓਪਨ ਗਾਰਡਨ ਜਿੰਮ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਕਰੋੜਾਂ ਰੁਪਏ ਦੇ ਕਰਜ਼ੇ ਹੇਠ ਦੱਬੀ ਹੋਈ ਸੀ ਅਤੇ ਸਾਢੇ ਚਾਰ ਸਾਲਾਂ ਵਿੱਚ ਨਗਰ ਕੌਂਸਲ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਵਿਕਾਸ ਕਾਰਜਾਂ ਦੇ ਲਈ ਕਰੀਬ ਚਾਲੀ ਕਰੋੜ ਰੁਪਏ ਲਿਆ ਕੇ ਦਿੱਤੇ ਗਏ ਹਨ ਅਤੇ ਜਲਦੀ ਹੀ ਪੰਜਾਬ ਨਿਰਮਾਣ ਦੇ ਤਹਿਤ ਦੱਸ ਕਰੋੜ ਰੁਪਏ ਸਪੈਸ਼ਲ ਪੈਕੇਜ ਦੇ ਤਹਿਤ ਸਾਢੇ ਚਾਰ ਕਰੋੜ ਰੁਪਏ, ਬਾਰਡਰ ਏਰੀਆ ਵਿਕਾਸ ਸਪੈਸ਼ਲ ਪੈਕੇਜ ਦੇ ਤਹਿਤ 12 ਕਰੋੜ ਰੁਪਏ ਹੋਰ ਲਿਆਂਦੇ ਜਾ ਰਹੇ ਹਨ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ, ਬਲਵੀਰ ਸਿੰਘ ਬਾਠ, ਧਰਮਜੀਤ ਸਿੰਘ, ਅਮਰਜੀਤ ਸਿੰਘ ਭੋਗਲ, ਕੁਲਦੀਪ ਗੱਖੜ, ਰਜਿੰਦਰ ਓਬਰਾਏ, ਚੇਅਰਮੈਨ ਪੰਜਾਬ ਰਾਜਿੰਦਰ ਛਾਬੜਾ, ਰਿਸ਼ੀ ਸ਼ਰਮਾ ਅਸ਼ੋਕ ਸਚਦੇਵਾ, ਸੁੱਖਾ ਕਰੀਆਂ, ਬੋਹੜ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ, ਨਵਜੋਤ ਸਿੰਘ, ਰਜੇਸ਼ ਚੰਨਾ, ਜਾਕੂਬ ਭੱਟੀ ਅਤੇ ਪਰਮਿੰਦਰ ਸਿੰਘ ਹਾਂਡਾ ਹਾਜ਼ਰ ਸਨ।