ਪੰਜਾਬ 'ਚ ਅਕਾਲੀ ਦਲ ਜਾ ਸਕਦੈ ਹਾਸ਼ੀਏ 'ਤੇ

ਜਿਲ੍ਹਾ  ਲੋਕ ਸੰਪਰਕ ਅਧਿਕਾਰੀ (ਰਿਟਾਇਰਡ) ਦਰਸ਼ਨ ਸਿੰਘ  ਸ਼ੰਕਰ ਦੀ ਕਲਮ ਤੋਂ

ਪੰਜਾਬ 'ਚ ਅਕਾਲੀ ਦਲ ਜਾ ਸਕਦੈ ਹਾਸ਼ੀਏ 'ਤੇ
ਲੇਖਕ।

ਸ਼ਾਨਾਮੱਤੇ ਇਤਿਹਾਸ ਵਾਲੀ ਪੰਜਾਬ ਦੀ ਮੁੱਖ ਰਾਜਸੀ ਪਾਰਟੀ 'ਸ਼੍ਰੋਮਣੀ ਅਕਾਲੀ ਦਲ' ਸ਼ਤਾਬਦੀ ਵਰੇ 'ਚ ਗੰਭੀਰ  ਸੰਕਟ ਨਾਲ ਦੋ ਚਾਰ ਹੋ ਰਹੀ ਹੈ। ਆਪਣਿਆਂ ਦਾ ਲਾਇਆ ਖੋਰਾ ਰੁੱਕਣ ਦਾ ਨਹੀਂ  ਲੈ ਰਿਹਾ। ਸੁੱਖਬੀਰ ਬਾਦਲ ਦੇ  ਅਕਾਲੀ ਦਲ ਵਿਚ ਪੰਥਕ ਦਿੱਖ, ਸੋਚ ਅਤੇ  ਸਿਧਾਂਤ ਤਾਂ ਅਲੋਪ ਜਾਪਦੇ ਨੇ। ਸ਼੍ਰੋਮਣੀ ਕਮੇਟੀ ਅਤੇ ਪਾਰਟੀ ਤੇ ਬਾਦਲਾਂ ਦੀ ਤਾਨਾਸ਼ਾਹੀ ਦੀ ਗਲ ਕਰਨ ਵਾਲੇ ਗੱਦਾਰ ਦੱਸਕੇ ਲਾਂਭੇ ਕਰ ਦਿਤੇ। ਛੋਟੇ ਲੀਡਰ ਉੱਚੀ ਥਾਂ  ਮੱਲਣ ਲਈ ਕਾਹਲੇ ਪਏ ਨੇ। ਪਾਰਟੀ ਦਾ ਸੰਕਟ ਦਿਨੋ  ਦਿਨ ਗਹਿਰਾਅ ਰਿਹੈ।
ਪਾਰਟੀ  ਪਿਛੋਕੜ:
ਰਾਜਸੀ ਏਜੰਡੇ ਦੀ ਪ੍ਰਾਪਤੀ ਲਈ1920 'ਚ ਬਣਿਆ ਸ਼੍ਰੋਮਣੀ ਅਕਾਲੀ ਦਲ  ਊਧਮ ਸਿੰਘ ਨਾਗੋਕੇ, ਮਾਸਟਰ  ਤਾਰਾ ਸਿੰਘ, ਸੰਤ ਫਤਹਿ  ਸਿੰਘ, ਮੋਹਣ ਸਿੰਘ  ਤੁੱੜ, ਜਗਦੇਵ ਸਿੰਘ  ਤਲਵੰਡੀ,  ਸੰਤ ਹਰਚੰਦ ਸਿੰਘ  ਲੌਂਗੋਵਾਲ, ਸੁਰਜੀਤ ਸਿੰਘ  ਬਰਨਾਲਾ,  ਪਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ  ਟੌਹੜਾ ਧੜੱਲੇਦਾਰ ਲੀਡਰਾਂ  ਦੀ ਅਗਵਾੲੀ  ਵਿਚ ਕੌਮੀ ਅਤੇ ਸੁਬਾਈ ਰਾਨਜੀਤੀ ਤੇ ਛਾਇਆ ਰਿਹਾ। ਅਣਗਿਣਤ ਕੁਰਬਾਨੀਆਂ ਪਿਛੋਂ 1966 ਮੌਜੂਦਾ ਪੰਜਾਬ ਹੋਂਦ 'ਚ ਆ ਤਾਂ ਗਿਆ, ਪਰ ਨਾਲ ਹੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਵੰਡ ਵਰਗੇ ਮਸਲੇ ਖੜ੍ਹੇ ਹੋ ਗਏ, ਜੋ ਅੱਜ ਤਕ ਕਿਸੇ ਤਣ ਪੱਤਣ ਨਹੀਂ  ਲੱਗੇ। ਧਰਮ ਅਤੇ  ਸਿਆਸਤ ਇਕੱਠੇ ਰੱਖ ਕੇ ਸੂਬੇ ਵਿਚ 7 ਵਾਰ  ਸਰਕਾਰਾਂ  ਬਣਾਈਆਂ ਅਤੇ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ  ਕਮੇਟੀ ਤੇ ਲਗਾਤਾਰ ਕਾਬਜ ਰਹੀ।  1967 ਅਤੇ 1969 ਅਕਾਲੀ ਦਲ ਦੇ ਮੁੱਖ  ਮੰਤਰੀ  ਜਸਟਿਸ  ਗੁਰਨਾਮ ਸਿੰਘ  ਦੀ ਅਗਵਾੲੀ 'ਚ  ਥੋੜ੍ਹੇ ਸਮੇਂ  ਦੀਆਂ ਸਾਝੀਆਂ ਸਰਕਾਰਾਂ   ਬਣੀਆਂ। 1971 ਵਿਚ   ਪਰਕਾਸ਼ ਸਿੰਘ  ਬਾਦਲ ਮੁੱਖ ਮੰਤਰੀ ਬਣੇ ਤੇ ਸਰਕਾਰ ਸਿਰਫ ਸਵਾ ਸਾਲ  ਹੀ ਚਲੀ।ਸਰਕਾਰੀ 
ਅਮਰਜੈਂਸੀ ਖਿਲਫ  ਮੋਰਚਾ:
1975 ਵਿਚ ਅਮਰਜੈਂਸੀ ਖਿਲਾਫ ਜੈਪ੍ਰਕਾਸ਼  ਨਾਰਾਇਣ  ਦੀ ਅਗਵਾੲੀ 'ਚ ਅੰਦੋਲਨ ਦੌਰਾਨ ਅਕਾਲੀ ਦਲ ਦੇ ਮੋਰਚੇ 'ਚ ਹਜਾਰਾਂ ਪੰਜਾਬੀਆਂ ਨੇ ਗਿ੍ਫਤਾਰੀ ਦਿੱਤੀ, ਇਸ ਦੀ  ਕੇਂਦਰੀ ਰਾਜਨੀਤੀ ਚੜਾਈ ਹੋ ਗਈ। ਵਿਰੋਧੀਆਂ ਨੇ ਜਨਤਾ ਪਾਰਟੀ  ਬਣਾ  ਕੇ 1977 'ਚ ਕਾਂਗਰਸ ਨੂੰ ਸੱਤਾਹੀਣ ਕੀਤਾ। ਅਕਾਲੀ ਦਲ ਨੇ ਜਨਤਾ  ਪਾਰਟੀ ਦਾ ਸਾਥ ਦਿੱਤਾ। 1977 ਦੀਆਂ ਅਸੈਂਬਲੀ ਚੋਣਾਂ 'ਚ ਵੱਡੀ ਜਿੱਤ ਨਾਲ ਬਾਦਲ ਦੀ ਅਗਵਾਈ 'ਚ ਸਾਂਝੀ ਸਰਕਾਰ ਬਣੀ। 1978 ਦੇ ਨਿਰੰਕਾਰੀ ਕਾਂਡ ਨਾਲ ਮਹੌਲ ਵਿਗੜਿਆ। ਇਹ ਸਰਕਾਰ ਫਰਵਰੀ  1980 ਤਕ ਚਲੀ। 1980ਵਿਆਂ 'ਚ ਪ੍ਰਧਾਨ ਹਰਚੰਦ ਸਿੰਘ  ਲੋਂਗੋਵਾਲ ਦੀ ਅਗਵਾਈ  'ਚ ਕੇਂਦਰ ਖਿਲਾਫ ਕਈ ਮੋਰਚੇ ਲੱਗੇ ਅਤੇ 26 ਜਨਵਰੀ  1984 ਨੂੰ ਅਕਾਲੀਆਂ ਨੇ  ਸੰਵਿਧਾਨ ਦੀ ਧਾਰਾ 25 ਫੂਕੀ। ਦਰਬਾਰ ਸਾਹਿਬ ਤੇ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਨੇ ਸਿੱਖ ਸਿਆਸਤ ਹੀ ਬਦਲ ਦਿੱਤੀ।1985 ਵਿਚ  ਅੈਸਵਾਈਅੈਲ ਅਤੇ ਹੋਰ ਮੰਗਾਂ ਸਬੰਧੀ ਲੋਂਗੋਵਾਲ ਅਤੇ  ਰਾਜੀਵ ਗਾਂਧੀ ਸਮਝੌਤੇ ਪਿੱਛੋਂ ਸੰਤ ਲੌਗੋਵਾਲ ਦਾ ਕਤਲ ਹੋ ਗਿਆ ਅਤੇ  ਸੁਰਜੀਤ ਸਿੰਘ  ਬਰਨਾਲਾ ਪਾਰਟੀ ਪ੍ਰਧਾਨ  ਬਣੇ । 1985 ਅਸੈੰਬਲੀ ਚੋਣਾਂ  'ਚ 73 ਸੀਟਾਂ ਜਿੱਤ ਕੇ ਬਰਨਾਲਾ ਮੁੱਖ  ਮੰਤਰੀ  ਬਣੇ। ਬਾਦਲ, ਤਲਵੰਡੀ ਅਤੇ ਟੌਹੜਾ ਬਰਨਾਲਾ ਦੇ ਲਾਂਭੇ ਹੋਣ ਤੇ ਬਰਨਾਲਾ ਸਰਕਾਰ ਕਾਂਗਰਸ ਦੀ ਹਮਾਇਤ  ਨਾਲ ਡੇਢ  ਸਾਲ ਚਲੀ।1988 'ਚ ਜਥੇਦਾਰ ਤਲਵੰਡੀ ਦੀ ਪ੍ਰਧਾਨਗੀ ਹੇਠ ਵੱਖਰਾ ਅਕਾਲੀ ਦਲ ਬਣਿਅਾ। 1992 ਤੱਕ ਗਵੱਰਨਰੀ ਰਾਜ ਰਿਹਾ। 1989 ਲੋਕ ਸਭਾ ਚੋਣਾਂ 'ਚ ਸਿਮਰਨਜੀਤ ਸਿੰਘ ਮਾਨ ਦੀ ਹਨੇਰੀ ਚਲੀ ਤੇ ਉਸ ਦੇ 8 ਅੈਮਪੀ ਜਿੱਤੇ। ਬਾਦਲ-ਟੌਹੜਾ-ਤਲਵੰਡੀ ਨੇ  ਸ. ਮਾਨ ਨੂੰ  ਪ੍ਰਧਾਨ ਮੰਨ ਲਿਆ। 
ਬਾਦਲਾਂ ਦੀ ਚੜ੍ਹਤ ਦਾ ਦੌਰ:
1996 ਪਰਕਾਸ਼  ਸਿੰਘ  ਬਾਦਲ  ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ।ਸ਼ਰਾਫਤ ਅਤੇ ਨਿੱਘੇ ਸੁਭਾਅ ਕਾਰਨ ਵਿਰੋਧੀ ਵੀ ਬਾਦਲ  ਦਾ ਸਤਿਕਾਰ ਕਰਦੇ ਸਨ। 1997 ਵਿਚ ਅਕਾਲੀ ਅਕਾਲੀ-  ਬੀਜੇਪੀ  ਗੱਠਜੋੜ ਨੇ 93 ਸੀਟਾਂ  ਜਿੱਤ ਕੇ ਬਾਦਲ  ਦੀ ਅਗਵਾਈ 'ਚ  ਸਰਕਾਰ ਬਣਾਈ ਜੋ 5 ਸਾਲ ਚੱਲੀ।1999 ਦੀਆਂ  ਲੋਕ ਸਭਾ ਚੋਣਾਂ  ਵਿਚ  ਗੱਠਜੋੜ   ਨੇ 11 ਸੀਟਾਂ ਜਿੱਤੀਆਂ। ਸੁਖਬੀਰ ਬਾਦਲ ਵਾਜਪਾਈ ਦੀ ਸਰਕਾਰ ਵਿਚ ਸਨਅਤੀ  ਰਾਜ ਮੰਤਰੀ ਬਣੇ, ਇਸੇ ਸਮੇਂ  ਗਵਾਂਡੀ ਰਾਜਾਂ 'ਚ ਸਨਅਤਾਂ ਨੂੰ ਵਿਸ਼ੇਸ਼  ਰਿਆਇਤਾਂ ਮਿਲੀਆਂ ਤੇ ਪੰਜਾਬ 'ਚ ਸਨਅਤੀ ਵਿਕਾਸ  ਠੱਪ ਹੋ ਗਿਆ।  ਇਹ ਰਿਆਇਤਾਂ ਅਜੇ  ਵੀ ਜਾਰੀ ਨੇ। ਅਕਾਲੀ ਦਲ ਨੇ ਸੱਤਾ ਤੋਂ ਬਾਹਰ  ਹੁੰਦੇ  ਕਾਂਗਰਸ ਤੇ ਪੰਜਾਬ ਨਾਲ ਮਾੜੇ ਸਲੂਕ ਦਾ ਹਮੇਸ਼ਾਂ ਰਾਗ ਅਲਾਪਿਆ, ਪਰ ਕੇਂਦਰ ਅਤੇ  ਪੰਜਾਬ ਵਿਚ ਅੈਨਡੀਏ ਸਰਕਾਰਾਂ  ਸਮੇਂ ਮਸਲੇ ਠੰਡੇ  ਬਸਤੇ 'ਚ ਰੱਖ ਛੱਡੇ। 
ਟੌਹੜਾ  ਦੀ ਬਗਾਵਤ: 
ਵੱਡੇ  ਬਾਦਲ ਮੁੱਖ ਮੰਤਰੀ ਦੇ ਨਾਲ ਪਾਰਟੀ ਦੇ ਪ੍ਰਧਾਨ  ਵੀ ਸਨ। 1998 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਟੌਹੜਾ , ਬਾਦਲ ਨੂੰ ਪਾਰਟੀ ਦਾ ਇਕ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਸਲਾਹ ਦੇ ਬੈਠੇ। ਬਾਦਲ ਕਰੀਬੀਆਂ ਨੇ ਮੋਰਚਾ ਖੋਲ੍ਹ ਕੇ ਟੌਹੜਾ ਨੂੰ  ਸ਼੍ਰੋਮਣੀ ਕਮੇਟੀ  ਦੀ ਪ੍ਰਧਾਨਗੀ ਅਤੇ  ਪਾਰਟੀ ਤੋਂ ਬਾਹਰ ਕਰਾ ਦਿਤਾ। ਟੌਹੜਾ  ਦੇ ਹਮਾਇਤੀ  ਅੱਧੀ ਦਰਜਨ ਮੰਤਰੀ ਵੀ ਅਸਤੀਫੇ ਦੇ ਗਏ। ਖਾਲਸੇ ਦੀ ਸਥਾਪਨਾ  ਦੇ 300 ਸਾਲਾ ਸਮੇਂ ਅਨੰਦਪੁਰ ਸਾਹਿਬ ਵਿਖੇ ਵੱਖਰੀਆਂ ਸਟੇਜਾਂ ਤੇ ਇਕ ਦੂਜੇ  ਨੂੰ ਗੱਦਾਰ ਦੱਸਦੇ ਖੂਬ  ਮਿੱਟੀ  ਪੁਲੀਤ ਕੀਤੀ । ਟੌਹੜਾ  ਨੇ ਸਰਬ ਹਿੰਦ  ਸ਼੍ਰੋਮਣੀ ਅਕਾਲੀ ਦਲ ਗੱਠਤ ਕਰਕੇ 2002 ਦੀਆਂ ਚੋਣਾਂ ਲੜੀਆਂ। ਬਾਦਲਾਂ ਖਿਲਾਫ ਭਿ੍ਸ਼ਟਾਚਾਰ ਦੇ ਦੋਸ਼ ਲੱਗੇ। ਟੌਹੜਾ  ਦੀ ਪਾਰਟੀ  ਕੋਈ ਸੀਟ ਤਾਂ ਨਹੀਂ  ਜਿੱਤੀ, ਬਾਦਲਾਂ ਸੱਤਾਹੀਣ ਹੋ ਗਏ। ਸ. ਬਾਦਲ ਨੇ ਮੁੱੜ ਜਥੇਦਾਰ ਟੌਹੜਾ ਨੂੰ  ਨਾਲ ਮਿਲਾਕੇ ਸ਼੍ਰੋਮਣੀ ਕਮੇਟੀ  ਦਾ ਪ੍ਰਧਾਨ ਬਣਾ ਦਿੱਤਾ। 2007 'ਚ ਕੈਪਟਨ ਅਮਰਿੰਦਰ ਖਿਲਾਫ ਲੁਧਿਆਣਾ  ਸਿਟੀ-ਸੈਂਟਰ ਘੁਟਾਲੇ ਦੇ ਦੋਸ਼ ਲਗਾ ਕੇ ਗੱਠਜੋੜ 67 ਸੀਟਾਂ ਜਿੱਤਿਆ ਤੇ ਵੱਡਾ ਬਾਦਲ ਮੁੱਖ ਮੰਤਰੀ  ਬਣਿਆ। ਇਸ ਸਮੇਂ  ਤਕ ਪਾਰਟੀ  ਤੇ ਪੰਥਕ ਸੋਚ ਤੇ ਦਿੱਖ ਹਾਵੀ ਰਹੀ।

ਪੰਥਕ ਦਿੱਖ ਤੋਂ  ਕਿਨਾਰਾ:
ਸੁਖਬੀਰ ਬਾਦਲ ਜਨਵਰੀ 2008 'ਚ ਪਾਰਟੀ ਪ੍ਰਧਾਨ ਅਤੇ ਜਨਵਰੀ  2009  'ਚ ਉੱਪ ਮੁੱਖ  ਮੰਤਰੀ ਬਣੇ। ਪੰਥਕ ਆਗੂ ਅੰਦਰੇ ਵਿਸ  ਘੋਲਦੇ ਰਹੇ। ਸੁਖਬੀਰ ਤੇ  ਮਜੀਠੀਆ ਸਰਵੇ ਸਰਵਾ ਹੋ ਗਏ। ਵੱਡੇ  ਬਾਦਲ ਅੌਖੇ ਸਮੇਂ ਡੈਮੇਜ ਕੰਟਰੋਲ ਕਰਦੇ ਰਹੇ। 2012 ਵਿਚ ਫਿਰ ਗੱਠਜੋੜ 68 ਸੀਟਾਂ  ਜਿੱਤ ਕੇ  ਸੱਤਾ  'ਚ ਆਇਆ।  5 ਸਾਲ ਸੁਖਬੀਰ ਅਤੇ  ਮਜੀਠੀਆ  ਦਾ ਸਿੱਕਾ ਚੱਲਿਆ। 
ਬੱਜਰ ਗਲਤੀਆਂ:
ਝੂਠੇ ਮੁਕਾਲਿਆਂ ਲਈ ਬਦਨਾਮ ਸੁਮੇਧ ਸੈਣੀ  ਨੂੰ  ਡੀਜੀਪੀ ਬਣਾਉਣ ਤੇ ਸਿੱਖਾਂ ਹਿਰਦੇ ਬਲੂੰਦਰੇ ਗਏ। ਰੇਤ-ਬਜਰੀ, ਨਸ਼ੇ, ਟਰਾਂਸਪੋਰਟ, ਸ਼ਰਾਬ, ਪ੍ਰਾਪਰਟੀ ਮਾਫੀਆਂ ਰਾਹੀਂ ਸ਼ਰੇਆਮ ਅੰਨੀ ਲੁੱਟ ਮੱਚੀ। ਰੇਤਾ ਸੋਨਾ ਬਣਿਆ, ਗੁੰਡਾ ਟੈਕਸ ਸਿਰ ਚੜ੍ਹ  ਬੋਲਿਆ।  ਚਿੱਟੇ ਅਤੇ  ਕੈਮੀਕਲ  ਨਸ਼ੇ ਨੇ ਜਵਾਨੀ ਨਕਾਰਾ ਕਰਤੀ। ਵਜੀਰਾਂ ਦੇ ਨਾਮ ਮਾਫੀਆਂ ਨਾਲ ਜੁੜੇ। ਨਿੱਜੀ ਬਿਜਲੀ  ਕੰਪਨੀਆਂ ਨਾਲ ਬਿਜਲੀ  ਸਮਝੌਤਿਆਂ 'ਚ ਲੱਗੇ ਭਿ੍ਸ਼ਟਾਚਾਰ ਦੇ ਦੋਸ਼ । ਕਰਜਾ 55 ਹਜਾਰ ਕਰੋੜ  ਤੋਂ  1.80 ਲੱਖ ਕਰੋੜ ਪੁੱਜਿਾਆ। ਬੇਰੁਜਗਾਰ ਜਵਾਨੀ ਵਿਦੇਸ਼ਾਂ  ਦੇ ਰਾਹ ਪਈ। ਸਾਲਾਨਾ 50 ਹਜ਼ਾਰ  ਕਰੋੜ ਰੁਪਏ ਤੋਂ ਵੱਧ ਵਿਦੇਸ਼ਾਂ 'ਚ ਜਾ ਰਿਹੈ। ਆਰਥਿਕਤਾ ਬੱਦ ਤੋਂ  ਬੱਦਤਰ ਹੋਈ।
ਬੇਅਦਬੀ ਮਾਮਲਾ: 
ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ  ਦੋ ਸਿੰਘਾਂ ਦੀ ਹੱਤਿਆ ਦੇ ਮਾਮਲੇ ਰਫਾ ਦਫਾ ਕੀਤੇ ਗਏ। ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਬਦਸਲੂਕੀ ਮਹਿੰਗੀ ਪਈ । ਸਿਰਸਾ ਸਾਧ ਨੂੰ ਅਕਾਲ ਤਖਤ ਤੋਂ ਮੁਆਫੀ ਅਤੇ  ਸ਼੍ਰੋਮਣੀ ਕਮੇਟੀ ਵਲੋਂ  97 ਲੱਖ ਦੇ ਇਸ਼ਤਿਹਾਰਾਂ ਨੇ ਸਿੱਖ ਹਿਰਫੇ ਵਲੂੰਘਰੇ। ਭਾਰੀ ਵਿਰੋਧ ਪਿੱਛੋਂ  ਫੈਸਲਾ ਵਾਪਿਸ ਲੈਣਾ ਪਿਆ। ਬਰਗਾੜੀ ਮੋਰਚੇ ਨੇ ਬਾਦਲਾਂ ਨੂੰ  ਕੱਖੋਂ ਹੌਲੇ ਕੀਤਾ। 
ਗੱਠਜੋੜ ਦੀ ਹਾਰ ਤੇ ਹਾਰ:  ਬਾਦਲਾਂ ਵਿਰੁੱਧ ਗੁੱਸੇ ਕਾਰਨ 2014 ਲੋਕ ਸਭਾ ਚੋਣਾਂ ਦੌਰਾਨ ਮੋਦੀ ਹਨੇਰੀ ਪੰਜਾਬ ਵਿਚ ਠੁੱਸ ਹੋ ਗਈ, ਗੱਠਜੋੜ ਪੱਲੇ 5 ਸੀਟਾਂ ਹੀ ਪਈਆਂ ਅਤੇ 'ਆਪ' ਨੇ ਪੰਜਾਬ  'ਚ ਦਸਤਕ ਦਿੱਤੀ। ਫਿਰ  2017 ਅਸੈਂਬਲੀ  ਚੋਣਾਂ  ਵਿਚ ਗੱਠਜੋੜ  ਦੀ  ਹੋਈ ਕਰਾਰੀ  ਹਾਰ। ਅਕਾਲੀ ਵਿਰੋਧੀ  ਧਿਰ ਵੀ ਨਾਂ ਬਣ ਸਕੇ। 
ਬਾਲਾਕੋਟ ਹਮਲੇ ਪਿੱਛੋਂ   2019 ਦੀਆਂ  ਲੋਕ ਸਭਾ ਚੋਣਾਂ ਵਿਚ ਮੋਦੀ ਦੇ ਤੁਫਾਨ ਦੀ ਹਵਾ ਪੰਜਾਬ 'ਚ ਨਿਕਲੀ। ਅਕਾਲੀ ਸੁਖਬੀਰ  ਅਤੇ ਹਰਸਿਮਰਤ  ਵਾਲੀਆਂ ਦੋ ਸੀਟਾਂ  ਹੀ ਜਿੱਤੇ। 
ਮੋਦੀ ਸਰਕਾਰ ਦੀ ਬੇਰੁੱਖੀ:
ਕੇਂਦਰ ਵਿਚ ਹਰਸਿਮਰਤ  ਮੰਤਰੀ ਬਣੀ, ਸੀਨੀਅਰ  ਨੇਤਾ ਗੁੱਸਾ ਪੀ ਕੇ ਰਹਿ ਗਏ। ਮੋਦੀ ਨੇ 6 ਸਾਲਾਂ  ਦੌਰਾਨ  ਨਾਂ  ਤਾਂ  ਕੋਈ  ਵੱਡਾ  ਪ੍ਰਾਜੈਕਟ ਦਿੱਤਾ, ਨਾਂ  ਹੀ ਆਰਥਿਕ ਸੰਕਟ ਚੋਂ ਕੱਢਣ ਲਈ ਕੋਈ ਮੱਦਦ। ਕਰਜੱਈ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ। ਫਸਲਾਂ ਦੀ ਅੈਮਅੈਸਪੀ ਤੋਂ  ਹੱਥ ਖਿਚਣ ਦੇ   ਸੰਕੇਤ ਆਏ। ਗਵਾਂਡੀ  ਰਾਜਾਂ ਨੂੰ  ਸਨਅਤਾਂ  ਰਿਆਇਤਾਂ 'ਚ ਕੀਤਾ 10 ਸਾਲਾਂ  ਦਾ ਵਾਧਾ। 
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਕਰਤਾਰਪੁਰ ਲਾਂਘੇ ਤੇ ਹਰਸਿਮਰਤ ਵਲੋਂ ਬਖੇੜੇ ਨੇ ਵੀ ਕਿ੍ਕਰੀ ਕਰਾਈ।
ਨਾਰਾਜ਼ ਨੇਤਾਵਾਂ ਵਲੋਂ  ਖੋਰਾ:
ਬੇਅਦਬੀ ਮਾਮਲੇ ਤੇ ਪਾਰਟੀ  ਸਫਾਂ 'ਚ ਬਾਦਲਾਂ ਵਿਰੁੱਧ ਸੁਰਾਂ ਉਠੀਆਂ। ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ਾਂ ਨਾਲ ਅਕਾਲੀ ਦਲ ਦੀ ਪੰਥਕ ਦਿੱਖ ਵਿਗੜੀ। ਖੂੰਜੇ ਲਗੇ ਪੰਥਕ ਲੀਡਰਾਂ ਨੇ ਲਗਾਤਾਰ ਹਾਰਾਂ ਲਈ  ਸੁਖਬੀਰ ਨੂੰ ਜਿੰਮੇਵਾਰ ਦੱਸ ਕੇ ਅਸਤੀਫੇ ਦੀ ਮੰਗ ਕਰ ਦਿੱਤੀ। ਫੀਲਿਆਂ ਨੇ ਕੁਰਬਾਨੀਆਂ ਵਾਲਿਆਂ ਨੂੰ  ਗੱਦਾਰ ਦੱਸ ਕੇ ਪਾਰਟੀ 'ਚੋਂ ਬਾਹਰ ਕਰਵਾ ਦਿੱਤਾ। ਬੇਇੱਜ਼ਤ ਹੋਏ ਪੰਥਕ ਆਗੂ ਰਣਜੀਤ  ਸਿੰਘ  ਬ੍ਰਹਮਪੁਰਾ, ਰਤਨ ਸਿੰਘ  ਅਜਨਾਲਾ, ਸੇਵਾ  ਸਿੰਘ  ਸੇਖਵਾਂ  ਅਤੇ ਹੋਰ ਵੱਖਰਾ ਅਕਾਲੀ  ਦਲ (ਟਕਸਾਲੀ ) ਬਣਾ ਕੇ ਲੋਕ ਸਭਾ ਚੋਣਾਂ 'ਚ ਆ ਨਿਤਰੇ, ਕੋਈ  ਸੀਟ ਤਾਂ  ਜਿੱਤ  ਨਹੀਂ  ਸਕੇ, ਪਰ ਗੱਠਜੋੜ ਦੀਆਂ ਜੜ੍ਹਾਂ 'ਚ ਜਰੂਰ  ਬੈਠ ਗਏ। ਹਾਸ਼ੀਏ ਤੇ ਧੱਕੇ ਚੰਗੇ ਛਵੀ ਵਾਲੇ ਸੀਨੀਅਰ ਲੀਡਰ ਸਾਬਕਾ ਕੇੰਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਦੀ  ਕਾਬਲੀਅਤ  ਨੂੰ  ਚੁਣੌਤੀ ਦੇ ਦਿੱਤੀ। ਉਨ੍ਹਾਂ ਦੇ ਪੁੱਤਰ  ਸਾਬਕਾ  ਖਜਾਨਾ ਮੰਤਰੀ ਪਰਮਿੰਦਰ ਢੀਂਡਸਾ  ਵੀ ਖੁੱਲ ਕੇ ਸੁਖਬੀਰ ਖਿਲਾਫ ਆ ਨਿਤਰੇ। ਅਕਾਲੀ ਦਲ ਅਤੇ  ਸ਼੍ਰੋਮਣੀ ਕਮੇਟੀ  ਨੂੰ  ਬਾਦਲਾਂ ਦੇ ਗਲਬੇ ਤੋਂ ਮੁਕਤ  ਕਰਾਉਣ ਦਾ ਬਿਗਲ ਵਜਾ ਦਿਤਾ। ਸੁਖਬੀਰ  ਨੇ ਮਨਾਉਣ ਦੀ ਬਜਾਏ' ਉਨ੍ਹਾਂ  ਵਿਰੁੱਧ ਸੰਗਰੂਰ ਵਿਚ  ਸੂਬਾ ਪੱਧਰੀ ਰੈਲੀ ਕਰ ਦਿਤੀ । ਰੈਲੀ ਵਿਚ ਸੁਖਬੀਰ ਦੀ ਢੀਂਡਸਿਆਂ ਖਿਲਾਫ ਘਟੀਆ ਭਾਸ਼ਾ ਨੇ ਉਸ ਦਾ ਅਕਸ਼ ਧੁੰਦਲਾਇਆ । 
ਢੀਂਡਸਾ  ਦੇ ਅੱਗੇ ਲੱਗਣ ਤੇ ਵਿਰੋਧੀਆਂ ਦੇ ਹੌਸਲੇ ਬੁਲੰਦ ਹੋਏ। ਨਾਰਾਜ਼  ਬੈਠੇ  ਅਕਾਲੀ  ਬਾਦਲਾਂ ਨੂੰ  ਛੱਡ ਢੀਂਡਸਾ ਵਲ ਹੋ ਤੁਰੇ। ਦਿੱਲੀ ਤੋਂ ਮਨਜੀਤ ਜੀਕੇ, ਲੁਧਿਆਣਾ ਤੋਂ  ਗਰਚਾ ਪਰਵਾਰ, ਹਰਜੀਤ ਕੌਰ ਤਲਵੰਡੀ ਅਤੇ  ਦੇਸਰਾਜ ਧੁੱਗਾ ਵਰਗੇ  ਅਕਾਲੀ ਵੀ ਬਾਦਲਾਂ ਦਾ ਸਾਥ ਛੱਡ  ਗਏ ।
ਸ਼੍ਰੋਮਣੀ ਕਮੇਟੀ ਚੋਣਾਂ: 
ਉਲਟ ਹਵਾ ਭਾਂਪਦੇ 2016 'ਚ ਹੋਣ ਵਾਲੀ ਚੋਣ ਬਾਦਲਾਂ ਨੇ ਲਮਕਾ ਰੱਖੀ। ਢੀਂਡਸਾ ਨਾਲ  ਪੰਥਕ  ਧਿਰਾਂ ਬਾਦਲਾਂ ਦੇ ਗਲਬੇ ਨੂੰ ਤੋੜਨ ਲਈ  ਇੱਕ ਜੁੱਟ ਨੇ। ਕਮੇਟੀ ਤੇ ਕਾਬਜ ਨੂੰ  ਹੀ ਅਸਲੀ ਅਕਾਲੀ ਦਲ ਮੰਨਿਆ  ਜਾਂਦੈ। ਪੰਥਕ ਹਲਕਿਆਂ 'ਚ  ਢੀਂਡਸਾ ਦੀ ਮਜਬੂਤੀ ਬਾਦਲਾਂ ਲਈ  ਖਤਰੇ ਦੀ ਘੰਟੀ। ਦਿੱਲੀ 'ਚ ਕੇਜਰੀਵਾਲ ਦੀ ਜਿੱਤ ਨਾਲ ਪੰਜਾਬ ਦੀ 'ਆਪ' ਵਿਚ ਵੀ ਪਈ ਜਾਨ।  ਜੇ ਸੁਖਬੀਰ ਧੜਾ ਹੈਂਕੜ  ਤਿਆਗ ਕੇ ਬਾਗੀਆਂ  ਨੂੰ ਨਾਲ ਜੋੜਨ 'ਚ ਸਫਲ ਨਹੀਂ  ਹੁੰਦਾ ਤਾਂ ਅਕਾਲੀ ਦਲ  ਪੰਜਾਬ 'ਚ ਹਾਸ਼ੀਏ ਤੇ ਜਾ ਸ਼ਕਦੈ।