ਕਿਸੇ ਘਰ ਤਕ ਵੀ ਪੁੱਜ ਸਕਦੈ ਕੋਵਿਡ-19 ਦਾ ਸੇਕ
ਜਿਲ੍ਹਾ ਲੋਕ ਸੰਪਰਕ ਅਫਸਰ(ਰਿਟਾ.) ਦਰਸ਼ਨ ਸਿੰਘ ਸ਼ੰਕਰ ਵੱਲੋਂ ਮੌਜੂਦਾ ਹਾਲਾਤਾਂ 'ਤੇ ਲਿਖਿਆ ਗਿਆ ਲੇਖ
ਕਈ ਦਿਨਾਂ ਤੋਂ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਮਨ ਕਾਫੀ ਚਿੰਤਾ ਵਿਚ ਚਲ ਰਿਹੈ। ਪਹਿਲੀ ਕਤਾਰ ਵਿਚ ਲੜਨ ਵਾਲੇ ਕਮਾਂਡਰ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਪੁਲਿਸ ਅਨਿਲ ਕਮਾਰ ਕੋਹਲੀ ਦੀ ਕੋਰੋਨਾ ਨਾਲ ਮੌਤ ਦੀ ਖਬਰ ਨਾਲ ਸਭ ਨੂੰ ਸੁੰਨ ਕਰ ਦਿੱਤਾ। ਖਬਰ ਪਲਾਂ ਵਿਚ ਸੋਸ਼ਲ ਮੀਡੀਆ ਤੇ ਫੈਲ ਗਈ ਅਤੇ ਸਮੁੱਚੇ ਸੂਬੇ ਵਿਚ ਮਾਤਮ ਜਿਹਾ ਛਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਮਾਲ ਵਿਭਾਗ ਦਾ ਇਕ ਯੋਧਾ ਗੁਰਮੇਲ ਸਿੰਘ ਕਾਨੂੰਗੋ ਇਸ ਦੀ ਭੇਂਟ ਚੜ੍ਹ ਗਿਆ। ਏਸੀਪੀ ਨਾਲ ਨੇੜੇ ਤੋਂ ਕੰਮ ਕਰਨ ਵਾਲੀ ਐਸ ਐਚ ਓ ਅਰਸ਼ਦੀਪ ਕੌਰ, ਜਿਲਾ ਮੰਡੀ ਅਫਸਰ ਜਸਵੀਰ ਕੌਰ, ਏਸੀਪੀ ਦੀ ਪਤਨੀ ਅਤੇ ਗੰਨਮੈਨ ਵੀ ਟੈਸਟ ਕਰਨ ਉਪਰੰਤ ਪਾਜ਼ਿਟਿਵ ਪਾਏ ਗਏ ਜੋ ਇਸ ਸਮੇਂ ਜ਼ੇਰੇ ਇਲਾਜ਼ ਨੇ। ਏਸੀਪੀ, ਜਿਲਾ ਮੰਡੀ ਅਫਸਰ ਅਤੇ ਐਸ ਐਚ ਓ ਕੋਰੋਨਾ ਵਿਰੁੱਧ ਜੰਗ ਦੀ ਪਹਿਲੀ ਕਤਾਰ ਵਿਚ ਸਨ ਅਤੇ ਰੋਜ਼ਾਨਾ ਸੈਂਕੜੇ ਸਾਥੀ ਅਧਿਕਾਰੀ, ਕਰਮਚਾਰੀ ਅਤੇ ਲੋਕ ਉਨ੍ਹਾਂ ਨਾਲ ਸਿਧੇ ਸੰਪਰਕ ਵਿਚ ਆਉੰਦੇ ਰਹੇ ਨੇ। ਸਿਹਤ ਵਿਭਾਗ ਵਲੋਂ ਉਨ੍ਹਾਂ ਸਭ ਦੀ ਸ਼ਨਾਖਤ ਕਰਕੇ ਜਾਂਚ ਹੋ ਰਹੀ ਹੈ। ਜਿਲਾ ਮੰਡੀ ਅਫਸਰ ਸਬਜੀਆਂ/ਫਲਾਂ ਅਤੇ ਕਣਕ ਦੀ ਖਰੀਦ ਪ੍ਰਬੰਧਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਸਮੇਤ ਬਹੁਤ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ 'ਚ ਸ਼ਾਮਿਲ ਹੁੰਦੇ ਰਹੇ ਨੇ। ਉਨ੍ਹਾਂ ਨੇ 14 ਅਪਰੈਲ ਨੂੰ ਡਿਪਟੀ ਕਮਿਸ਼ਨਰ ਨਾਲ ਮੰਡੀਆਂ ਵਿਚ ਖਰੀਦ ਦੇ ਪ੍ਰਬੰਧਾਂ ਸਬੰਧੀ ਮੰਡੀਆਂ ਦਾ ਦੌਰਾ ਕੀਤਾ ਸੀ ਅਤੇ ਬਹੁਤ ਸਾਰੇ ਲੋਕਾਂ ਦੇ ਸੰਪਰਕ 'ਚ ਆਏ। 18 ਅਪਰੈਲ ਨੂੰ ਏਸੀਪੀ ਦੀ ਮੌਤ ਉਪਰੰਤ ਡੀ ਸੀ ਪਰਦੀਪ ਅਗਰਵਾਲ ਨੇ ਨਿਯਮਾਂ ਦੀ ਪਾਲਣਾ ਕਰਦੇ ਖੁੱਦ ਨੂੰ ਇਕਾਂਤਵਾਸ ਕਰਕੇ ਕੰਮ ਕਰਦੇ ਰਹਿਣ ਦਾ ਫੈਸਲਾ ਕਰ ਲਿਆ। ਉਨਾਂ ਦੀ ਦਿਨ ਦੀ ਸਥਿਤੀ ਬਾਰੇ ਜਾਣਕਾਰੀ ਵੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਪ੍ਰੈਸ ਨੋਟ ਰਾਹੀਂ ਦਿੱਤੀ।
ਰਾਜਸੀ ਲੋਕ ਜਾਣਦੇ ਨੇ ਟਿੱਚ:
16 ਅਪਰੈਲ ਨੂੰ ਵਿਭਾਗ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਹੋਰ ਲੀਡਰਾਂ ਨੇ ਵੱਡੇ ਗਰੁੱਪ ਵਿਚ ਖੰਨਾ ਮੰਡੀ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਨਾਲ ਜਿਲਾ ਮੰਡੀ ਅਫਸਰ ਜਸਵੀਰ ਕੌਰ ਵੀ ਮੌਜੂਦ ਸਨ ਅਤੇ ਮਾਰਕੀਟ ਕਮੇਟੀ ਦਫਤਰ ਵਿਚ ਅਧਿਕਾਰੀਆਂ ਅਤੇ ਆਹੜਤੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੰਤਰੀ ਸਮੇਤ ਹਾਜਰ ਸਾਰੇ ਆਗੂ ਅਤੇ ਅਧਿਕਾਰੀ ਨੇ ਅਜੇ ਤਕ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਕਾਂਤਵਾਸ ਨਹੀਂ ਹੋਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕੋਰੋਨਾ ਵਾਇਰਸ ਦੀ ਮਹਾਂਵਾਰੀ ਨੂੰ ਰੋਕਣ ਲਈ ਲੋਕਡਾਊਨ ਹੀ ਨਹੀਂ ਸਗੋਂ ਕਰਫਿਊ ਲਗਾ ਕੇ ਜਿੱਥੇ ਇੱਕ ਮਿਸਾਲ ਪੈਦਾ ਕੀਤੀ, ਉੱਥੇ ਸਰਕਾਰ ਦੀ ਮੰਤਰੀ ਅਤੇ ਅਫ਼ਸਰ ਸਿਰਤ ਵਿਭਾਗ ਦੀ ਅਡਵਾਈਜ਼ਰੀ ਨੂੰ ਮੰਨਣ ਤੋਂ ਹੀ ਇਨਕਾਰੀ ਨੇ। ਜਿਸ ਨਾਲ ਖਤਰਾ ਹੈ ਕਿ ਇਨ੍ਹਾਂ ਦੀ ਅਵੱਗਿਆ ਸੂਬੇ ਲਈ ਵੱਡਾ ਖਤਰਾ ਨਾ ਬਣ ਜਾਏ। ਸਿਹਤ ਵਿਭਾਗ ਵੀ ਉਨ੍ਹਾਂ ਦੇ ਸੈਂਪਲ ਲੈਣ ਤੋਂ ਅਵੇਸਲੇ ਹਨ। ਏਸੀਪੀ ਕੋਹਲੀ ਦੇ ਗੰਨਮੈਨ ਨੂੰ ਵੀ ਲੋਕਲ ਪੱਧਰ ਤੇ ਇਕਾਂਤਵਾਸ ਕਰਨ ਦੀ ਬਜਾਏ ਦੋ ਜ਼ਿਲਿਆਂ ਦੀ ਹੱਦ ਪਾਰ ਕਰਕੇ ਉਸ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਘਰ ਛੱਡ ਆਂਦਾ , ਜਿੱਥੇ ਕਿ ਉਹ ਇਕਾਂਤਵਾਸ ਰਹਿਣ ਦੀ ਥਾਂ ਤੇ ਆਮ ਲੋਕਾਂ ਚ ਵਿਚਰਦਾ ਰਿਹਾ । 17 ਅਪਰੈਲ ਨੂੰ ਉਸ ਦੀ ਆਈ ਕਰੋਨਾ ਵਾਇਰਸ ਪਾਜੀਟਿਵ ਰਿਪੋਰਟ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਵੀ ਹੜਕੰਪ ਮਚਾ ਦਿੱਤਾ ਜੋ ਕਰੋਨਾ ਵਾਇਰਸ ਤੋਂ ਮੁਕਤ ਸੀ।
ਨਵਜੋਤ ਸਿੱਧੂ ਦੀ ਅਵੱਗਿਆ:
ਸੂਬੇ ਦੀਆਂ ਬਹੁਤ ਸਾਰੀਆਂ ਥਾਵਾਂ ਤੋਂ ਰੋਜਾਨਾ ਰਾਸ਼ਣ, ਲੰਗਰ ਅਤੇ ਮਾਸਕ ਆਦਿ ਵੰਡਣ ਲਈ ਇਕੱਠ ਕੀਤੇ ਜਾਂਦੇ ਨੇ। ਜਿਥੋਂ ਰਾਜਨੀਤੀ ਚਮਕਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਨੇ ਅਤੇ ਆਪਸੀ ਦੂਰੀ ਦੇ ਨਿਯਮਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕੀਤੀ ਜਾਂਦੀ। ਅਜੇਹੀ ਅਣਗਹਿਲੀ ਦੀ ਭਿਆਨਕ ਮਿਸਾਲ ਮੋਹਾਲੀ ਜਿਲ੍ਹੇ ਦੇ ਪਿੰਡ ਜਵਾਹਰਪੁਰ ਤੋਂ ਸਾਹਮਣੇ ਆ ਚੁੱਕੀ ਹੈ ਜਿਥੇ ਇਕੱਲੇ ਪਿੰਡ ਵਿਚੋਂ 3 ਦਰਜਨ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਲੰਮੇ ਸਮੇਂ ਤੋਂ ਮੋਨ ਸਾਧੀ ਇਕਾਂਤਵਾਸ ਬੈਠੇ ਸਨ ਕਾਫੀ ਚਰਚਾ ਵਿਚ ਨੇ। ਅਮਿ੍ਤਸਰ ਆਪਣੇ ਹਲਕੇ ਵਿਚ ਉਹ ਰਾਸ਼ਣ/ਮਾਸਕ ਵੰਡਣ ਜਾਂ ਕੋਰੋਨਾ ਵਿਰੁੱਧ ਅੱਗੇ ਕੰਮ ਕਰ ਰਹੇ ਕਰਮਚਾਰੀਆਂ ਦਾ ਸਨਮਾਨ ਕਰਨ ਬਾਹਰ ਨਿਕਲਦੇ ਨੇ। ਉਹ ਕਦੇ ਵੀ ਆਪਸੀ ਦੂਰੀ ਅਤੇ ਘਰੋਂ ਬਾਹਰ ਮਾਸਕ ਲਗਾਉਣ ਦੇ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ। ਮੀਡੀਆ ਵਿਚ ਕਾਫੀ ਚਰਚਾ ਹੋਣ ਅਤੇ ਮੁੱਖ ਮੰਤਰੀ ਵਲੋਂ ਨਿਯਮਾਂ ਦੀ ਉਲੰਘਣਾ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ਾਂ ਦੇ ਬਾਵਯੂਦ ਸਿੱਧੂ ਪ੍ਰਵਾਹ ਨਹੀਂ ਕਰ ਰਹੇ। ਇਹ ਨਹੀਂ ਕਿ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਨਹੀਂ, ਸਗੋਂ ਉਹ ਸ਼ਰੇਆਮ ਉਲੰਘਣਾ ਕਰਕੇ ਮੁੱਖ ਮੰਤਰੀ ਦਾ ਮੂੰਹ ਚਿੜਾ ਰਹੇ ਲਗਦੇ ਨੇ। ਉਨ੍ਹਾਂ ਦੇ ਨਾਲ ਜਾਂਦੇ ਦਰਜਨਾਂ ਸਾਥੀ ਵੀ ਮਾਸਕ ਅਤੇ ਆਪਸੀ ਦੂਰੀ ਦੇ ਨਿਯਮਾਂ ਦਾ ਮਜਾਕ ਉੜਾਂਉਦੇ ਦਿਖਦੇ ਨੇ। ਇਸੇ ਤਰਾਂ ਮੰਡੀਆਂ ਵਿਚ ਮੰਤਰੀ, ਵਧਾਇਕ ਅਤੇ ਹੋਰ ਲੀਡਰ ਵੀ ਰੋਜ਼ਾਨਾ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਾਜਨੀਤੀ ਚਮਕਾ ਰਹੇ ਨੇ। ਇਹਨਾਂ ਲੋਕਾਂ ਦੀ ਜਿੰਮੇਵਾਰੀ ਇਸ ਸਮੇਂ ਆਮ ਜਨਤਾ ਨੂੰ ਘਰਾਂ ਵਿਚ ਬੰਦ ਰਹਿਣ ਲਈ ਜਾਗਰੂਕ ਕਰਨ ਦੀ ਹੈ। ਜਦੋਂ ਇਹ ਲੋਕ ਖੁੱਦ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ ਤਾਂ ਇਨ੍ਹਾਂ ਤੋਂ ਲੋਕਾਂ ਨੂੰ ਕੀ ਸੇਧ ਮਿਲ ਸਕੇਗੀ।
ਮਹਾਂਮਾਰੀ ਦੀ ਗੰਭੀਰਤਾ:
ਲਾਇਲਾਜ਼ ਕੋਰੋਨਾਵਾਇਰਸ ਦੀ ਮਹਾਂਮਾਰੀ ਪੂਰੇ ਵਿਸ਼ਵ ਵਿਚ ਮਨੁੱਖਤਾ ਲਈ ਵੱਡਾ ਖਤਰਾ ਬਣ ਚੁੱਕੀ ਹੈ। ਅਜੇ ਤਕ ਇਸ ਦੇ ਇਲਾਜ਼ ਅਤੇ ਬਚਾਓ ਲਈ ਕੋਈ ਦਵਾਈ ਵੀ ਨਹੀਂ ਖੋਜੀ ਜਾ ਸਕੀ, ਸਾਰੀਆਂ ਗਤੀਵਿਧੀਆਂ ਠੱਪ ਹੋ ਚੁੱਕੀਆਂ ਨੇ ਅਤੇ ਲੋਕ ਘਰਾਂ ਵਿਚ ਸਹਿਮੇ ਬੈਠੇ ਨੇ। ਵਿਗਿਆਨੀਆਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਵੇਂ ਇਸ ਮਹਾਮਾਰੀ ਤੋਂ ਸਮੁੱਚੀ ਮਾਨਵਤਾ ਨੂੰ ਬਚਾਇਆ ਜਾ ਸਕੇ। ਬਹੁਤ ਸਾਰੀਆਂ ਦਾਨੀ ਜਥੇਬੰਦੀਆਂ ਲੋੜਵੰਦਾਂ ਦੀ ਸੇਵਾ ਵਿਚ ਜੁੱਟੀਆਂ ਨੇ। ਹੁਣ ਤਕ ਵਿਸ਼ਵ ਵਿਚ ਮਰੀਜਾਂ ਦੀ ਗਿਣਤੀ 24 ਲੱਖ ਦੇ ਪਾਰ ਹੋਣ ਵਾਲੀ ਹੈ ਅਤੇ 1.60 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਛੇ ਲੱਖ ਮਰੀਜ਼ ਠੀਕ ਹੋਏ ਨੇ। ਅਮਰੀਕਾ ਵਿਚ ਸਥਿਤੀ ਸਭ ਤੋ ਭਿਆਨਕ ਹੈ ਜਿਥੇ 7 ਲੱਖ ਤੋਂ ਵੱਧ ਪੀੜਤ ਹਨ ਅਤੇ ਕਰੀਬ 40 ਹਜ਼ਾਰ ਲੋਕ ਮਰ ਚੁੱਕੇ ਨੇ। ਇਸੇ ਤਰ੍ਹਾਂ ਸਪੇਨ, ਇਟਲੀ, ਫਰਾਂਸ, ਜਰਮਨ, ਇੰਗਲੈਂਡ ਵਿਚ ਮਰੀਜਾਂ ਦੀ ਗਿਣਤੀ ਲੱਖਾਂ 'ਚ ਪੁੱਜ ਚੁੱਕੀ ਹੈ ਅਤੇ ਹਜਾਰਾਂ ਲੋਕ ਆਏ ਦਿਨ ਮਹਾਂਮਾਰੀ ਦੀ ਭੇਟ ਚੜ੍ਹਦੇ ਨੇ। ਚੀਨ ਵਲੋਂ ਵੁਹਾਨ ਵਿਚ ਮਰਨ ਵਾਲਿਆਂ ਦੇ ਅੰਕੜੇ ਵਿਚ 1300 ਦਾ ਵਾਧਾ ਕੀਤਾ ਜਾਣਾ ਵੀ ਖਤਰੇ ਦੀ ਘੰਟੀ ਹੈ। ਭਾਰਤ ਵਿਚ ਵੀ ਮਹਾਂਮਾਰੀ ਘੇਰਾ ਤੇਜ਼ੀ ਨਾਲ ਫੈਲਦਾ ਜਾ ਰਿਹੈ। ਪੀੜਤਾਂ ਦਾ ਅੰਕੜਾ 16 ਹਜਾਰ ਪੁੱਜ ਚੁੱਕਾ ਹੈ ਅਤੇ 5 ਸੌ ਤੋਂ ਵੱਧ ਲੋਕ ਜਾਨਾਂ ਗੁਆ ਚੁੱਕੇ ਨੇ। ਮਹਾਰਾਸ਼ਟਰ ਵਿਚ ਮਰੀਜਾਂ ਦੀ ਗਿਣਤੀ 4 ਹਜਾਰ ਦੇ ਕਰੀਬ ਹੈ ਅਤੇ 211 ਮੌਤਾਂ ਹੋਈਆਂ ਨੇ। ਇਸੇ ਤਰ੍ਹਾਂ ਦਿੱਲੀ ਵਿਚ ਪੀੜਤਾਂ ਦਾ ਅੰਕੜਾ 2 ਹਜਾਰ ਹੋ ਚੁੱਕੈ ਅਤੇ 211 ਲੋਕ ਮਰ ਚੁਕੇ ਨੇ। ਦਿੱਲੀ ਵਿਚ 5 ਦਰਜਨ ਤੋਂ ਵੱਧ ਹੌਟ ਸਪੌਟ ਘੋਸ਼ਿਤ ਹੋ ਚੁੱਕੇ ਹਨ ਅਤੇ ਇਕੋ ਪਰਵਾਰ ਦ 26 ਮੈਂਬਰ ਪੀੜਤ ਪਾਏ ਗਏ। ਪੰਜਾਬ ਵਿਚ ਵੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। 18 ਅਪਰੈਲ ਨੂੰ ਇਕੋ ਦਿਨ 26 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ 16 ਮੌਤਾਂ ਹੋ ਚੁੱਕੀਆਂ ਨੇ। ਪਟਿਆਲਾ ਵਿਚ ਇਕੋ ਦਿਨ 15 ਨਵੇਂ ਕੇਸ ਆਏ ਨੇ ਜਿਨ੍ਹਾਂ ਵਿਚੋਂ 9 ਇਕ ਕਿਤਾਬ ਵਿਕਰੇਤਾ ਨਾਲ ਅਤੇ 6 ਰਾਜਪੁਰਾ ਦੀ ਬਿਰਧ ਔਰਤ ਮਰੀਜ਼ ਨਾਲ ਸਬੰਧਤ ਨੇ। ਮੁਹਾਲੀ ਦ ਪਿੰਡ ਨਇਆ ਗਾਓਂ ਵਿਚ ਪੀਜੀਆਈ ਦੇ ਸਿਹਤ ਕਰਮਚਾਰੀ ਸਮੇਤ ਇਕੋ ਪਰਵਾਰ ਦੇ 5 ਮੈਂਬਰ ਪਾਜ਼ਿਟਿਵ ਹੋਏ ਨੇ। ਹੁਣ ਤਕ ਪੰਜਾਬ ਦੇ ਮੋਹਾਲੀ, ਜਲੰਧਰ, ਪਠਾਨਕੋਟ ਅਤੇ ਨਵਾਂ ਸ਼ਹਿਹ 4 ਜਿਲ੍ਹੇ ਹੌਟ ਸਪੌਟ ਨਾਮਜ਼ਦ ਹੋ ਚੁੱਕੇ ਨੇ ਅਤੇ ਪਟਿਆਲਾ ਵੀ ਇਨਾਂ ਦੇ ਨੇੜੇ ਹੀ ਹੈ। ਸਰਕਾਰ ਇਨ੍ਹਾਂ ਜਿਲਿਆਂ ਵਿਚ ਰੈਪਿਡ ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ। ਇਹ ਸਭ ਜਾਣਕਾਰੀ ਦਾ ਮਕਸਦ ਲੋਕਾਂ ਵਿਚ ਡਰ ਪੈਦਾ ਕਰਨਾ ਹਰਗਿਜ਼ ਨਹੀਂ, ਸਗੋਂ ਉਨ੍ਹਾਂ ਸਹੀ ਤੱਥਾਂ ਦੀ ਜਾਣਕਾਰੀ ਦੇ ਕੇ ਸਾਵਧਾਨ ਕਰਨਾ ਹੈ।
ਘਟੀਆ ਰਾਜਨੀਤੀ ਸ਼ੁਰੂ:
ਬੇਸ਼ਕ ਹੁਣ ਤਕ ਸਾਰੀਆਂ ਰਾਜਸੀ ਪਾਰਟੀਆਂ ਮਹਾਂਮਾਰੀ ਦੇ ਮਾਮਲੇ ਤੇ ਇਕ ਆਵਾਜ਼ ਸਹਿਯੋਗ ਰਹੀਆਂ ਸਨ। ਅਚਾਨਕ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਆਦਤ ਅਨੁਸਾਰ ਕੇਂਦਰ ਸਰਕਾਰ ਵਲੋਂ 889 ਕਰੋੜ ਰੁਪਏ ਭੇਜਣ ਦਾ ਸੋਸ਼ਾ ਛੱਡ ਕੇ ਮਹੌਲ ਭੜਕਾ ਦਿੱਤੈ। ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਵੀ ਦੱਸਿਆ ਕਿ ਜੋ 2000 ਕਰੋੜ ਦੇ ਕਰੀਬ ਫੰਡ ਕੇਂਦਰ ਤੋਂ ਮਿਲੇ ਨੇ ਉਹ ਸੂਬੇ ਦੇ ਰੁੱਕੇ ਹੋਏ ਜੀਅੈਸਟੀ ਦੇ ਬਕਾਇਆ 6 ਹਜਾਰ ਕਰੋੜ ਵਿਚੋਂ ਹੀ ਆਏ ਨੇ, ਹੋਰ ਇਕ ਕੌਡੀ ਵੀ ਨਹੀਂ ਆਈ। ਉਨ੍ਹਾਂ ਸ਼੍ਰੀਮਤੀ ਬਾਦਲ ਨੂੰ ਬੋਲਣ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰ ਲੈਣ ਦੀ ਸਲਾਹ ਵੀ ਦਿੱਤੀ।
ਹਾਲਾਤ ਸਮਝਣ ਦੀ ਲੋੜ :
ਮਹਾਂਮਾਰੀ ਕਾਰਨ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ। ਵਾਇਰਸ ਨਾਲ ਅਗਲੇ ਫਰੰਟ ਤੇ ਲੜਨ ਵਾਲਾ ਸਿਹਤ ਅਮਲਾ, ਪੁਲਿਸ ਤੇ ਸਫਾਈ ਕਰਮਚਾਰੀ ਆਪਣੀਆ ਜਾਨਾਂ ਖਤਰੇ ਵਿਚ ਪਾ ਕੇ ਸਾਨੂੰ ਸੁਰੱਖਿਅਤ ਰੱਖਣ ਲਈ ਲੜਾਈ ਲੜ ਰਹੇ ਨੇ। ਜਰਾ ਸਮਝੋ ਇਨ੍ਹਾਂ ਦੇ ਪਰਵਾਰ ਕਿੰਨੀ ਤਣਾਅ ਵਾਲੀ ਸਥਿਤੀ ਵਿਚ ਹੋਣਗੇ। ਸਾਰੇ ਦੇਸ਼ ਦੇ ਕਾਰੋਬਾਰ ਅਤੇ ਕਾਰਖਾਨੇ ਬੰਦ ਹੋਣ ਨਾਲ ਕਰੋੜਾਂ ਮਜਦੂਰ ਬੇਕਾਰ ਹੋ ਕੇ ਭੁਖਮਰੀ ਦੇ ਕਰੀਬ ਨੇ। ਅਸੀਂ ਸਿਰਫ ਆਪਣੇ ਘਰਾਂ ਅੰਦਰ ਅਜੇ ਵੀ ਆਰਾਮ ਵਿਚ ਹਾਂ। ਫਿਰ ਵੀ ਕਿਉਂ ਸਮਝ ਨਹੀਂ ਆ ਰਿਹੈ, ਕਿ ਆਏ ਦਿਨ ਮੌਕਾ ਮਿਲਦੇ ਹੀ ਸਾਡੇ ਵਿਚੋਂ ਬਹੁਤੇ ਘਰਾਂ ਤੋਂ ਬਾਹਰ ਨਿਕਲਕੇ ਆਪਸੀ ਦੂਰੀ ਅਤੇ ਦੂਜੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨੇ। ਜੇਕਰ ਅਸੀਂ ਅਜੇਹੇ ਭਿਆਨਕ ਹੋ ਰਹੇ ਹਾਲਾਤਾਂ ਵਿਚ ਵੀ ਨਾਂ ਸਮਝੇ ਤਾਂ ਇਹ ਮੌਤ ਦਾ ਸੇਕ ਸਿਰਫ ਦੂਜਿਆਂ ਤਕ ਹੀ ਸੀਮਿਤ ਨਹੀਂ ਰਹੇਗਾ ਸਾਡੇ ਪਰਵਾਰਾਂ ਤਕ ਵੀ ਪੁੱਜੇਗਾ। 20 ਅਪਰੈਲ ਤੋਂ ਸਰਕਾਰ ਵਲੋਂ ਕੁੱਝ ਜਰੂਰੀ ਕੰਮਾਂ ਲਈ ਢਿੱਲ ਦਿੱਤੀ ਜਾ ਰਹੀ ਹੈ। ਜਿਸ ਦੌਰਾਨ ਵੀ ਬਚਾਓ ਦ ਸਾਰੇ ਨਿਯਮਾਂ ਦੀ ਪਾਲਣਾ ਜਰੂਰੀ ਹੋਏਗੀ। ਇਸ ਲਈ ਸਭ ਸਾਥੀਆਂ ਨੂੰ ਬੇਨਤੀ ਹੈ ਕਿ ਜਲਦੀ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਘਰਾਂ ਅੰਦਰ ਰਹਿ ਕੇ ਆਪਣਾ ਯੋਗਦਾਨ ਪਾਈਏ।