ਹੋਲੀ ਦੇ ਤੋਹਫੇ ਵਜੋਂ, ਸਿੱਧਵਾਂ ਨਹਿਰ ਬ੍ਰਿਜ ਕੱਲ ਵਹੀਕਲਾਂ ਦੀ ਆਵਾਜਾਈ ਲਈ ਜਾਵੇਗਾ ਖੋਲਿਆ - ਭਾਰਤ ਭੂਸ਼ਣ ਆਸ਼ੂ
-ਕਿਹਾ! ਬ੍ਰਿਜ ਦੇ ਨਿਰਮਾਣ ਦਾ ਕੰਮ ਤੈਅ ਸਮੇਂ ਤੋਂ ਪਹਿਲਾਂ ਹੋਇਆ ਪੂਰਾ
ਲੁਧਿਆਣਾ: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਦੱਸਿਆ ਕਿ ਵਸਨੀਕਾਂ ਦੀ ਭਲਾਈ ਅਤੇ ਹੋਲੀ ਦੇ ਤੋਹਫ਼ੇ ਵਜੋਂ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ ਨਾਲ ਜੋੜਨ ਵਾਲਾ ਸਿੱਧਵਾਂ ਨਹਿਰ ਦਾ ਪੁਲ ਕੱਲ੍ਹ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਹ ਖੁਲਾਸਾ ਅੱਜ ਬਾਅਦ ਦੁਪਹਿਰ ਬ੍ਰਿਜ ਵਾਲੀ ਥਾਂ 'ਤੇ ਮੁਕੰਮਲ ਹੋਏ ਕੰਮ ਦਾ ਨਿਰੀਖਣ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸੁਪਰਇਨਟੈਂਡਿੰਗ ਇੰਜੀਨੀਅਰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਰਾਹੁਲ ਗਗਨੇਜਾ, ਕਾਰਜਕਾਰੀ ਇੰਜੀਨੀਅਰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਰਮਨ ਕੌਸ਼ਲ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪੁਲ ਦਾ ਨਿਰਮਾਣ 23 ਦਸੰਬਰ, 2020 ਨੂੰ ਸ਼ੁਰੂ ਹੋਇਆ ਸੀ ਅਤੇ ਕੱਲ੍ਹ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਸਿੰਜਾਈ ਵਿਭਾਗ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਅਧਿਕਾਰੀਆਂ ਨੂੰ ਵੀ ਇਸ ਪ੍ਰਾਜੈਕਟ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ ਕਿਉਂਕਿ ਵਾਹਨਾਂ ਦੀ ਆਵਾਜਾਈ ਵਿੱਚ ਵਾਧਾ ਹੋਣ ਕਾਰਨ ਇਸ ਬ੍ਰਿਜ 'ਤੇ ਜਾਮ ਲੱਗਿਆ ਰਹਿੰਦਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਨੂੰ ਸਰਾਭਾ ਨਗਰ (ਐਮ.ਸੀ.}ੋਨ ਡੀ ਦਫਤਰ ਨੇੜੇ) ਨਾਲ ਜੋੜਨ ਵਾਲੇ ਸਿੱਧਵਾਂ ਨਹਿਰ ਦੇ ਪੁਲ ਦੀ ਉਸਾਰੀ 1.40 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਇਹ ਪ੍ਰਾਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੁਆਰਾ ਫੰਡ ਕੀਤਾ ਗਿਆ ਸੀ ਅਤੇ ਪੰਜਾਬ ਸਿੰਚਾਈ ਵਿਭਾਗ ਦੁਆਰਾ ਚਲਾਇਆ ਗਿਆ ਸੀ ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨਵਾਂ ਸਿੱਧਵਾਂ ਨਹਿਰ ਦਾ ਪੁਲ ਮੌਜੂਦਾ 4 ਮੀਟਰ ਤੋਂ 9 ਮੀਟਰ ਚੌੜਾ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਇਲਾਕਾ ਵਾਸੀਆਂ ਨੂੰ ਕਾਫ਼ੀ ਹੱਦ ਤੱਕ ਲਾਭ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ) ਅਤੇ ਰੇਲ ਓਵਰ ਬ੍ਰਿਜ (ਆਰ.ਓ.ਬੀ) ਪ੍ਰਾਜੈਕਟ ਦੇ ਚੱਲ ਰਹੇ ਨਿਰਮਾਣ ਦੇ ਮੱਦੇਨਜ਼ਰ ਪੱਖੋਵਾਲ ਰੋਡ (ਸਿੱਧਵਾਂ ਨਹਿਰ ਦੇ ਪੁਲ ਤੋਂ ਹੀਰੋ ਬੇਕਰੀ ਚੌਕ ਤੱਕ) ਵੀ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।