ਮੀਡੀਆ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਹਰਵਿੰਦਰ ਸਿੰਘ ਰਿਆੜ ਅਮਰੀਕਾ ਦੀ ਧਰਤੀ ਤੇ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲਾ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ- ਬਾਵਾ
ਲੁਧਿਆਣਾ: ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ, ਕਨਵੀਨਰ ਬਲਦੇਵ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਰਾਜਨ ਸਿੰਘ ਸਿੱਧੂ ਅਮਰੀਕਾ ਨੇ ਕਿਹਾ ਕਿ ਮੀਡੀਆ ਦੀ ਦੁਨੀਆਂ ਦਾ ਚਮਕਦਾ ਸਿਤਾਰਾ ਹਰਵਿੰਦਰ ਸਿੰਘ ਰਿਆੜ ਅਮਰੀਕਾ ਦੀ ਧਰਤੀ ਤੇ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲਾ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ । ਰਿਆੜ ਦੇ ਅਲਵਿਦਾ ਕਹਿਣ ਨਾਲ ਜਿੱਥੇ ਪੱਤਰਕਾਰਤਾ ਦੇ ਖੇਤਰ ਵਿੱਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ , ਉੱਥੇ ਸਮਾਜ ਵਿੱਚ ਵੀ ਉਨਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ।
ਬਾਵਾ ਨੇ ਕਿਹਾ ਕਿ ਜਦੋਂ ਵੀ ਉਹ ਅਮਰੀਕਾ ਦੇ ਦੌਰੇ ਤੇ ਜਾਂਦੇ ਤਾਂ ਹਰਵਿੰਦਰ ਸਿੰਘ ਰਿਆੜ ਨਾਲ ਜ਼ਰੂਰ ਮੁਲਾਕਾਤ ਹੁੰਦੀ, ਉਹ ਯਾਰਾਂ ਦੇ ਯਾਰ ਸਨ । ਰਿਆੜ ਦੇ ਚਲੇ ਜਾਣ ਨਾਲ ਦੋਸਤੀ ਦੀ ਦੁਨੀਆ ਚ ਇਕ ਦੋਸਤ ਦੀ ਕਮੀ ਹਮੇਸ਼ਾਂ ਖਟਕਦੀ ਰਹੇਗੀ।
ਸੀਨੀਅਰ ਪੱਤਰਕਾਰ ਹਰਵਿੰਦਰ ਰਿਆੜ ਦੇ ਦੇਹਾਂਤ ਤੇ ਐੱਮ.ਪੀ ਤਿਵਾੜੀ ਨੇ ਅਫਸੋਸ ਪ੍ਰਗਟਾਇਆ
ਰੋਪੜ: ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਅਮਰੀਕਾ ਚ ਰਹਿੰਦੇ ਪੰਜਾਬੀ ਦੇ ਸੀਨੀਅਰ ਪੱਤਰਕਾਰ ਹਰਵਿੰਦਰ ਰਿਆੜ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੱਥੇ ਜਾਰੀ ਇਕ ਬਿਆਨ ਚ ਐੱਮ.ਪੀ ਤਿਵਾੜੀ ਨੇ ਕਿਹਾ ਕਿ ਦੂਰਦਰਸ਼ਨ ਦੇ ਸਾਬਕਾ ਪੱਤਰਕਾਰ ਅਤੇ ਅਮਰੀਕਾ ਵਿਚ ਵੀਕਲੀ ਅਖ਼ਬਾਰ ਰਾਈਟਰ ਕੱਢਣ ਵਾਲੇ ਤੇ ਵੈੱਬ ਚੈਨਲ ਬਾਜ ਦੇ ਸੰਚਾਲਕ ਹਰਵਿੰਦਰ ਰਿਆਡ਼ ਨੇ ਪੱਤਰਕਾਰੀ ਦੇ ਖੇਤਰ ਵਿਚ ਇਕ ਅਹਿਮ ਰੁਤਬਾ ਹਾਸਿਲ ਕੀਤਾ, ਜਿਹੜੇ ਪੰਜਾਬੀ ਬੋਲੀ ਤੇ ਪੰਜਾਬ ਦੇ ਮਸਲਿਆਂ ਲਈ ਨਿਡਰਤਾ ਨਾਲ ਬੋਲਦੇ ਸਨ। ਸਾਬਕਾ ਕੇਂਦਰੀ ਮੰਤਰੀ ਨੇ ਪਰਮਾਤਮਾ ਅੱਗੇ ਸਵਰਗਵਾਸੀ ਹਰਵਿੰਦਰ ਰਿਆੜ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਬਖਸ਼ਣ ਲਈ ਹਿੰਮਤ ਦੇਣ ਦੀ ਪ੍ਰਾਰਥਨਾ ਕੀਤੀ ਹੈ।
ਇਸੇ ਤਰ੍ਹਾਂ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਵੀ ਸੀਨੀਅਰ ਪੱਤਰਕਾਰ ਹਰਵਿੰਦਰ ਰਿਆੜ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੀਵਾਨ ਨੇ ਕਿਹਾ ਕਿ ਸਵਰਗੀ ਰਿਆੜ ਹਮੇਸ਼ਾ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਰਪੱਖਤਾ ਤੇ ਨਿਡਰਤਾ ਨਾਲ ਆਪਣੀ ਅਵਾਜ ਚੁੱਕਦੇ ਰਹੇ ਹਨ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਪਏ ਘਾਟੇ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ।