ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਕਰਮੀਆਂ ਦਾ ਹੋਵੇਗਾ ਹਰੇਕ ਮਹੀਨੇ ਸਨਮਾਨ-ਐਸ. ਐਸ. ਪੀ
ਮੁੱਖ ਅਫ਼ਸਰ ਥਾਣਾ ਔੜ ਮਲਕੀਤ ਸਿੰਘ ਨੂੰ ਮਿਲਿਆ ‘ਮਹੀਨੇ ਦਾ ਸਰਬੋਤਮ ਪੁਲਿਸ ਕਰਮੀ’ ਦਾ ਸਨਮਾਨ
ਨਵਾਂਸ਼ਹਿਰ: ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਕਰਮੀਆਂ ਦਾ ਹਰੇਕ ਮਹੀਨੇ ਸਨਮਾਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮਹੀਨੇ ਵਧੀਆ ਕਾਰਗੁਜ਼ਾਰੀ ਲਈ ਮੁੱਖ ਅਫ਼ਸਰ ਥਾਣਾ ਔੜ ਇੰਸਪੈਕਟਰ ਮਲਕੀਤ ਸਿੰਘ ਨੂੰ ਪਹਿਲਾ, ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ ਐਸ. ਆਈ ਨਰੇਸ਼ ਕੁਮਾਰੀ ਨੂੰ ਦੂਸਰਾ ਅਤੇ ਮੁੱਖ ਸਿਪਾਹੀ ਥਾਣਾ ਸਿਟੀ ਬਲਾਚੌਰ ਨਰੇਸ਼ ਕੁਮਾਰ ਨੂੰ ਤੀਸਰਾ ਸਥਾਨ ਮਿਲਿਆ ਹੈ। ਇਨਾਂ ਤਿੰਨਾਂ ਨੂੰ ਅੱਜ ਪ੍ਰਸੰਸਾ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕਪਤਾਨ ਪੁਲਿਸ ਸਥਾਨਕ ਮਨਵਿੰਦਰ ਬੀਰ ਸਿੰਘ, ਕਪਤਾਨ ਪੁਲਿਸ ਜਾਂਚ ਵਜੀਰ ਸਿੰਘ ਖਹਿਰਾ ਅਤੇ ਉੱਪ ਕਪਤਾਨ ਪੁਲਿਸ ਸਥਾਨਕ ਨਵਨੀਤ ਕੌਰ ਗਿੱਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਜ਼ਿਲੇ ਵਿਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਰਮਚਾਰੀਆਂ ਦੇ ਨਾਵਾਂ ਦੀ ਚੋਣ ਕੀਤੀ। ਉਨਾਂ ਦੱਸਿਆ ਕਿ ਜ਼ਿਲਾ ਪੁਲਿਸ ਦਫ਼ਤਰ ਵਿਖੇ ਇਕ ਵਿਸ਼ੇਸ਼ ਬੋਰਡ ਤਿਆਰ ਕੀਤਾ ਗਿਆ ਹੈ, ਜਿਸ ’ਤੇ ਹਰੇਕ ਮਹੀਨੇ ਸਨਮਾਨਿਤ ਹੋਣ ਵਾਲੇ ਪੁਲਿਸ ਅਫ਼ਸਰਾਂ ਦੀਆਂ ਫੋਟੋਆਂ ਲਗਾਈਆਂ ਜਾਣਗੀਆਂ, ਤਾਂ ਜੋ ਜ਼ਿਲੇ ਸਮੂਹ ਪੁਲਿਸ ਕਰਮੀਆਂ ਵਿਚ ਆਪਣੀ ਡਿਊਟੀ ਨੂੰ ਹੋਰ ਵਧੀਆ ਢੰਗ ਨਾਲ ਕਰਨ ਦਾ ਉਤਸ਼ਾਹ ਪੈਦਾ ਹੋ ਸਕੇ।