ਭੰਗੜੇ ਦਾ ਉਸਤਾਦ ਤੇ ਸਿਰਮੌਰ ਸਿੱਖਿਆ ਸ਼ਾਸਤਰੀ ਪ੍ਰੋ: ਇੰਦਰਜੀਤ ਸਿੰਘ ਵਿਛੋੜਾ ਦੇ ਗਏ
ਸਭਿਆਚਾਰਕ ਤੇ ਸਿੱਖਿਆ ਅਦਾਰਿਆਂ ਚ ਸੋਗ ਦੀ ਲਹਿਰ
ਲੁਧਿਆਣਾ: ਭੰਗੜੇ ਦੇ ਉਸਤਾਦ ਤੇ ਸਿਰਮੌਰ ਸਿੱਖਿਆ ਸ਼ਾਸਤਰੀ ਪ੍ਰੋ: ਇੰਦਰਜੀਤ ਸਿੰਘ ਅੱਜ ਸਥਾਨਕ ਸੀ ਐੱਮ ਸੀ ਹਸਪਤਾਲ ਵਿੱਚ ਵਿਛੋੜਾ ਦੇ ਗਏ ਹਨ। ਇਹ ਜਾਣਕਾਰੀ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਤੇ ਉਨ੍ਹਾਂ ਦੇ ਨਿਕਟਵਰਤੀ ਰਵਿੰਦਰ ਰੰਗੂਵਾਲ ਨੇ ਦਿੰਦਿਆਂ ਕਿਹਾ ਹੈ ਕਿ ਉਹ ਪਿਛਲੇ ਹਫ਼ਤੇ ਹੀ ਪ੍ਰੋ: ਇੰਦਰਜੀਤ ਸਿੰਘ ਦੇ ਇੰਗਲੈਂਡ ਵੱਸਦੇ ਸ਼ਾਗਿਰਦ ਮਲਕੀਤ ਸਿੰਘ ਗੋਲਡਨ ਸਟਾਰ ਤੇ ਲੋਕ ਗਾਇਕ ਸਰਬਜੀਤ ਚੀਮਾ ਨਾਲ ਉਨ੍ਹਾਂ ਨੂੰ ਹਸਪਤਾਲ ਚ ਵੇਖ ਕੇ ਆਏ ਸਨ। ਜਲੰਧਰ ਚ ਸੜਕ ਹਾਦਸੇ ਦੌਰਾਨ ਉਹ 12 ਮਾਰਚ ਨੂੰ ਸਿਰ ਦੀ ਸੱਟ ਕਾਰਨ ਬੇਹੋਸ਼ ਹੋ ਗਏ ਸਨ ਜਿਸ ਚੋਂ ਉਹ ਆਖਰੀ ਸਾਹਾਂ ਤੀਕ ਨਾ ਉੱਭਰ ਸਕੇ।
ਪ੍ਰੋ: ਇੰਦਰਜੀਤ ਸਿੰਘ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚ ਕਾਮਰਸ ਦੇ ਪ੍ਰੋਫੈਸਰ ਸਨ ਪਰ ਭੰਗੜੇ ਦੇ ਉਸਤਾਦ ਵਜੋਂ ਉਨ੍ਹਾਂ ਸੈਂਕੜੇ ਸ਼ਾਗਿਰਦ ਲੋਕ ਨਾਚ ਭੰਗੜਾ ਤੇ ਸੰਗੀਤ ਖੇਤਰ ਚ ਉਤਾਰੇ ਜਿੰਨ੍ਹਾਂ ਚੋਂ ਮਲਕੀਤ ਸਿੰਘ ਗੋਲਡਨ ਸਟਾਰ, ਸਰਬਜੀਤ ਚੀਮਾ, ਕ ਸ ਮੱਖਣ, ਰੂਪ ਲਾਲ ਮਕਬੂਲ ਤੋਂ ਇਲਾਵਾ ਕਈ ਗਾਇਕ ਹਨ।
ਪ੍ਰੋ: ਇੰਦਰਜੀਤ ਸਿੰਘ ਗੁਰੂ ਨਾਨਕ ਕਾਲਿਜ ਸੁਖਚੈਨਆਣਾ ਫਗਵਾੜਾ ਤੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਵੀ ਬਣੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਆਪ ਰਜਿਸਟਰਾਰ ਵੀ ਰਹੇ।
ਅਕਾਲੀ ਸਿਆਸਤ ਵਿੱਚ ਵੀ ਆਪ ਲੰਮਾ ਸਮਾਂ ਸਰਗਰਮ ਰਹੇ ਅਤੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਦੇ ਵੀ ਪ੍ਰਧਾਨ ਬਣੇ।
ਉਨ੍ਹਾਂ ਦੇ ਵਿਛੋੜੇ ਨਾਲ ਸਭਿਆਚਾਰਕ ਤੇ ਸਿੱਖਿਆ ਅਦਾਰਿਆਂ ਚ ਸੋਗ ਦੀ ਲਹਿਰ ਫ਼ੈਲ ਗਈ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪ੍ਰੋ: ਇੰਦਰਜੀਤ ਸਿੰਘ ਦੇ ਵਿਛੋੜੇ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਦੇ ਮਨਹੂਸ ਦਿਨ ਨੇ ਸਵੇਰੇ ਸੁਰਵੰਤੇ ਨੌਜਵਾਨ ਗਾਇਕ ਦਿਲਜਾਨ ਦੀ ਮੌਤ ਦੀ ਖ਼ਬਰ ਸੁਣਾਈ ਅਤੇ ਸ਼ਾਮੀਂ ਪ੍ਰੋ: ਇੰਦਰਜੀਤ ਚਲੇ ਗਏ। ਚਿਰਾਂ ਬਾਦ ਇੰਦਰਜੀਤ ਵਰਗੇ ਸਮਰਪਿਤ ਲੋਕ ਨਾਚ ਪੇਸ਼ਕਾਰ ਆਉਂਦੇ ਹਨ ਜੋ ਪੀੜ੍ਹੀਆਂ ਨੂੰ ਪ੍ਰਭਾਵਤ ਕਰਨ। ਉਨ੍ਹਾਂ 1997 ਚ ਲਾਹੌਰ ਲੋਕ ਸੰਗੀਤ ਉਤਸਵ ਦੌਰਾਨ ਲਾਇਲਪੁਰ ਖਾਲਸਾ ਕਾਲਿਜ ਵੱਲੋਂ ਲਾਹੌਰ ਦੇ ਅਲ ਹਮਰਾ ਥੀਏਟਰ ਵਿੱਚ ਪ੍ਰੋ: ਇੰਦਰਜੀਤ ਸਿੰਘ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਚੇਤੇ ਕੀਤਾ ਜਿਸ ਨੂੰ ਵੇਖ ਕੇ ਲੋਕ ਗਾਇਕ ਆਰਿਫ ਲੋਹਾਰ, ਹੰਸ ਰਾਜ ਹੰਸ ਤੇ ਪੰਮੀ ਬਾਈ ਵੀ ਨੱਚ ਉੱਠੇ। ਮੈਂ ਇਸ ਦਾ ਚਸ਼ਮਦੀਦ ਹਾਂ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ:ਐੱਸ ਪੀ ਸਿੰਘ,ਪੰਜਾਬੀ ਲੋਕ ਗਾਇਕ ਪੰਮੀ ਬਾਈ, ਸੁਰਿੰਦਰ ਸ਼ਿੰਦਾ, ਮੰਨਾ ਢਿੱਲੋਂ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ, ਯਾਦਵਿੰਦਰ ਸਿੰਘ ਘੁੰਮਣ ਯੂ ਐੱਸ ਏ, ਕਰਮਪਾਲ ਸਿੰਘ ਢਿੱਲੋਂ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸਕੱਤਰ ਜਨਰਲ ਡਾ: ਨਿਰਮਲ ਜੌੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਸਤੀਸ਼ ਸ਼ਰਮਾ ਸਰਪ੍ਰਸਤ, ਸਕੱਤਰ ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ ਤੋਂ ਇਲਾਵਾ ਕਈ ਸਭਿਆਚਾਰਕ ਹਸਤੀਆਂ ਨੇ ਪ੍ਰੋ: ਇੰਦਰਜੀਤ ਸਿੰਘ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।
ਇਸੇ ਦੌਰਾਨ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਡਾ. ਇੰਦਰਜੀਤ ਸਿੰਘ ਦੇ ਅਕਾਲ-ਚਲਾਣੇ 'ਤੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੀ ਪ੍ਰਬੰਧਕ ਕਮੇਟੀ, ਸਮੂਹ ਸਟਾਫ ਅਤੇ ਵਿਦਿਆਰਥੀ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ।