ਭਾਰਤ ਭੂਸ਼ਣ ਆਸ਼ੂ ਵੱਲੋਂ ਪੱਖੋਵਾਲ ਰੇਡ ਦੇ ਆਰ.ਯੂ.ਬੀ. ਅਤੇ ਆਰ.ਓ.ਬੀ. ਦੇ ਨਾਲ-ਨਾਲ ਸਮਾਰਟ ਮਲਹਾਰ ਰੋਡ ਦੇ ਚੱਲ ਰਹੇ ਕਾਰਜ਼ ਦਾ ਵੀ ਕੀਤਾ ਨਿਰੀਖਣ -
ਇਲਾਕਾ ਵਾਸੀਆਂ ਨੂੰ ਦਿੱਤਾ ਭਰੋਸਾ, ਦੋਵੇਂ ਪ੍ਰੋਜੈਕਟ ਤੈਅ ਸਮੇਂ 'ਚ ਹੋਣਗੇ ਮੁਕੰਮਲ
ਲੁਧਿਆਣਾ: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਅਤੇ ਰੇਲ ਓਵਰ ਬ੍ਰਿਜ (ਆਰ.ਓ.ਬੀ.) ਦੇ ਨਾਲ-ਨਾਲ ਸਮਾਰਟ ਮਲਹਾਰ ਰੋਡ ਦੇ ਚੱਲ ਰਹੇ ਕਾਰਜ਼ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਸ਼ਹਿਰ ਵਿੱਚ ਮੌਜੂਦਾ ਸਮੇਂ ਮਲਹਾਰ ਰੋਡ ਨੂੰ ਸਮਾਰਟ ਰੋਡ ਵਿੱਚ ਤਬਦੀਲ ਕਰਨ ਦੇ ਨਾਲ ਨਾਲ ਇੱਕ ਰੇਲ ਓਵਰ ਬ੍ਰਿਜ (ਆਰ.ਓ.ਬੀ) ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦਾ ਨਿਰਮਾਣ ਕਾਰਜ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਪੱਖੋਵਾਲ ਰੋਡ 'ਤੇ ਰੇਲ ਓਵਰ ਬ੍ਰਿਜ ਅਤੇ ਦੋ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੌਕਣੀ ਮੰਗ ਰਹੀ ਹੈ। ਇਨ੍ਹਾਂ ਸਾਂਝੇ ਪ੍ਰਾਜੈਕਟਾਂ 'ਤੇ ਲਗਭਗ 120 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਨਿਜਾਤ ਮਿਲੇਗੀ।
ਭਾਰਤ ਭੂਸ਼ਣ ਆਸ਼ੂ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਇਹ ਦੋਵੇਂ ਪ੍ਰਾਜੈਕਟ ਉਨ੍ਹਾਂ ਦੇ ਦਿਲ ਦੇ ਕਰੀਬ ਹਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਹੋ ਜਾਣਗੇ ਕਿਉਂਕਿ ਉਹ ਰੋਜ਼ਾਨਾ ਇਨ੍ਹਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਵਸਨੀਕਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਹ ਖੁਦ ਅਤੇ ਉਨ੍ਹਾਂ ਦੀ ਟੀਮ ਦੇਰ ਰਾਤ ਨਿਗਰਾਨੀ ਕਰ ਰਹੀ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਲਈ ਉੱਤਮ ਕੁਆਲਟੀ ਦੀ ਸਮੱਗਰੀ ਦੀ ਵਰਤੋਂ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਵਾਲੇ ਪਾਸੇ ਤੋਂ ਹੀਰੋ ਬੇਕਰੀ ਵਾਲੇ ਪਾਸੇ, ਮੌਜੂਦਾ ਰੇਲਵੇ ਟਰੈਕ ਤੋਂ ਪੱਖੋਵਾਲ ਰੋਡ ਦੇ ਨਾਲ-ਨਾਲ, ਆਰ.ਯੂ.ਬੀ-1 ਦੀ ਲੰਬਾਈ 458.20 ਮੀਟਰ ਹੋਵੇਗੀ (ਹੀਰੋ ਬੇਕਰੀ ਵਾਲੇ ਪਾਸੇ ਤੋਂ ਸਿੱਧਵਾਂ ਨਹਿਰ ਤੱਕ) ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂ ਕਿ ਆਰ.ਯੂ.ਬੀ-2 ਦੀ ਲੰਬਾਈ 1018.46 ਮੀਟਰ (ਇਸ਼ਮੀਤ ਰੋਡ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਰੋਡ ਅਤੇ ਇਸ਼ਮੀਤ ਰੋਡ ਵੱਲ ਪੱਖੋਵਾਲ ਰੋਡ ਵੱਲ) ਹੋਵੇਗੀ।
ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਇਲਾਕਾ ਨਿਵਾਸੀਆਂ ਲਈ ਲਾਭਕਾਰੀ ਸਿੱਧ ਹੋਵੇਗਾ ਜੋ ਇਸ ਸਮੇਂ ਪੱਖੋਵਾਲ ਰੋਡ 'ਤੇ ਭਾਰੀ ਟ੍ਰੈਫਿਕ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਮੁੱਖ ਵਾਅਦਿਆਂ ਵਿੱਚੋਂ ਇੱਕ ਸੀ ਜੋ ਉਨ੍ਹਾਂ ਲੁਧਿਆਣਾ(ਪੱਛਮੀ) ਹਲਕੇ ਦੇ ਵਸਨੀਕਾਂ ਨਾਲ ਕੀਤਾ ਸੀ ਅਤੇ ਉਹ ਇਸਦੀ ਨਿਗਰਾਨੀ ਨਿੱਜੀ ਤੌਰ 'ਤੇ ਕਰ ਰਹੇ ਹਨ।
ਬਾਅਦ ਵਿੱਚ, ਉਨ੍ਹਾਂ ਸਰਾਭਾ ਨਗਰ ਮਾਰਕੀਟ ਦੇ ਨਵੀਨਕਰਣ ਅਤੇ ਮਲਹਾਰ ਰੋਡ ਦੇ ਚੱਲ ਰਹੇ ਕੰਮ ਦਾ ਵੀ ਨੀਰੀਖਣ ਕੀਤਾ। ਇਨ੍ਹਾਂ ਸਾਂਝੇ ਪ੍ਰਾਜੈਕਟਾਂ 'ਤੇ ਕੁੱਲ ਅਨੁਮਾਨਤ ਲਾਗਤ ਲਗਭਗ 38.62 ਕਰੋੜ ਆਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਪ੍ਰਸਤਾਵਿਤ ਪ੍ਰਾਜੈਕਟ ਸਮਾਰਟ ਸਿਟੀ ਲੁਧਿਆਣਾ ਲਈ ਸਮੁੱਚੇ ਟੀਚੇ ਨਾਲ ਮੇਲ ਖਾਂਦਾ ਹੈ ਜਿਸ ਵਿੱਚ ਸ਼ਹਿਰ ਦੇ ਲੋਕਾਂ ਲਈ ਬਿਹਤਰ ਥਾਵਾਂ ਦੀ ਉਸਾਰੀ ਸਮੇਤ ਜਨਤਕ ਖੁੱਲੀ ਜਗ੍ਹਾ ਦੇ ਲੈਂਡਸਕੇਪਿੰਗ ਦੇ ਉਦੇਸ਼ਾਂ 'ਤੇ ਕੰਮ ਕਰਕੇ ਪ੍ਰਾਪਤ ਕੀਤਾ ਗਿਆ ਹੈ, ਕਿਉਂਕਿ ਸ਼ਹਿਰੀ ਜਨਤਕ ਸੰਪਰਕ ਅਤੇ ਇਕੱਠ ਕਰਨ ਦੀ ਜਗ੍ਹਾ, ਬੁਨਿਆਦੀ ਢਾਂਚੇ ਦੇ ਅਪਗ੍ਰੇਡਿੰਗ, ਸਾਫ਼ ਅਤੇ ਸੁਰੱਖਿਅਤ ਵਾਤਾਵਰਣ ਅਤੇ ਲੋਕਾਂ ਲਈ ਸਮਾਰਟ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਦੀ ਵਿਵਸਥਾ ਦੁਆਰਾ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ।
ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਅਪਗ੍ਰੇਡ ਕਰਨ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਸੜਕ ਅਲਾਇਨਮੈਂਟ ਅਤੇ ਸੜਕ ਚੌਰਾਹੇ ਦਾ ਜਿਓਮੈਟਰੀ ਸੁਧਾਰ, ਦੋ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ ਥਾਂਵਾਂ, ਸਮਰਪਿਤ ਸਾਈਕਲ ਟਰੈਕ ਅਤੇ ਪੈਦਲ ਯਾਤਰੀਆਂ ਲਈ ਸੜਕ ਦੇ ਦੋਵਾਂ ਪਾਸਿਆਂ ਦਾ ਮਾਰਗ, ਸੜਕ ਦੇ ਪੂਰੇ ਖੇਤਰ ਦੇ ਨਾਲ-ਨਾਲ ਲੈਂਡਸਕੇਪਿੰਗ, ਲੋਕਾਂ ਲਈ ਸਮਾਰਟ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ ਦੀ ਵਿਵਸਥਾ, ਸਾਫ ਅਤੇ ਸੁਰੱਖਿਅਤ ਵਾਤਾਵਰਣ ਲਈ ਸੜਕੀ ਢਾਂਚੇ ਨੂੰ ਬਿਹਤਰ ਬਣਾਉਣਾ ਸ਼ਾਮਲ ਹੋਣਗੇ।