ਬਿੰਦਰਾ ਵੱਲੋਂ 4 ਟੀਕਾਕਰਨ ਕੈਂਪਾ ਦੀ ਸ਼ੁਰਆਤ
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਇਸ ਮਹਾਂਮਾਰੀ ਵਿਰੁੱਧ ਜਾਰੀ ਜੰਗ ਲਈ ਪ੍ਰਸ਼ਾਸ਼ਨ ਦਾ ਕਰੇਗਾ ਪੂਰਨ ਸਹਿਯੋਗ
ਲੁਧਿਆਣਾ: ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅੱਜ ਮਾਡਲ ਟਾਊਨ ਕਮਿਊਨਿਟੀ ਸੈਂਟਰ, ਹੀਰੋ ਈਕੋਟੈਕ ਲਿਮਟਡ, ਕੇ.ਜੇ. ਫੋਰਜਿੰਗ ਲਿਮਟਿਡ ਅਤੇ ਗਰਗ ਐਕਰੀਲਿਕਸ ਵਿਖੇ ਚਾਰ ਟੀਕਾਕਰਨ ਕੈਂਪਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਜ਼ਿਲਾ ਪ੍ਰਸ਼ਾਸਨ ਦੇ ਵੱਡੇ ਪੱਧਰ 'ਤੇ ਲਗਾਏ ਗਏ ਵੈਕਸੀਨੇਸ਼ਨ ਕੈਂਪਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ, ਬਿੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਲਈ ਵੱਧ ਚੜ੍ਹ ਕੇ ਯਤਨ ਕਰ ਰਿਹਾ ਹੈ ਅਤੇ ਪੀ.ਵਾਈ.ਡੀ.ਬੀ. ਵੱਲੋਂ ਵੀ ਅਧਿਕਾਰਤ ਲੋਕਾਂ ਦੀ ਵੈਕਸੀਨੇਸ਼ਨ ਲਈ ਯਤਨਸ਼ੀਲ ਹੈ ਤਾਂ ਜੋ ਜਲਦ ਤੋਂ ਜਲਦ ਲੋਕਾਂ ਦੀ ਵੈਕਸੀਨੇਸ਼ਨ ਕਰਕੇ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ।
ਚੇਅਰਮੈਨ ਨੇ ਕਿਹਾ ਕਿ ਸਿਰਫ ਟੀਕਾਕਰਨ ਮੁਹਿੰਮ ਵਿੱਚ ਤੇਜੀ ਲਿਆੳਣ ਨਾਲ ਇਸ ਮਹਾਂਮਾਰੀ 'ਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ, ਜੋ ਇਸ ਦੀ ਪਸਾਰ ਲੜੀ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਉਦਯੋਗਪਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾਂ ਪੀ.ਵਾਈ.ਡੀ.ਬੀ. ਦਾ ਸਮਰਥਨ ਕੀਤਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਈ ਭਲਾਈ ਸਕੀਮਾਂ ਵਿੱਚ ਪੰਜਾਬ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਵੱਲੋਂ ਪੀ.ਵਾਈ.ਡੀ.ਬੀ. ਨੂੰ ਹਜ਼ਾਰਾਂ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਉਹ ਨੌਜਵਾਨਾਂ ਲਈ ਮਦਦਗਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ, ਉਹ ਚਾਹੁੰਦੇ ਹਨ ਕਿ ਉਦਯੋਗਪਤੀ ਆਪਣੀਆਂ ਇਕਾਈਆਂ ਵਿੱਚ ਵਿਸ਼ੇਸ਼ ਕੈਂਪ ਲਗਾਏ ਤਾਂ ਜੋ ਉਨ੍ਹਾਂ ਦੇ ਸਾਰੇ ਕਰਮਚਾਰੀ ਟੀਕੇ ਲਗਾ ਸਕਣ ਅਤੇ ਸੁਰੱਖਿਅਤ ਰਹਿਣ।
ਉਨ੍ਹਾਂ ਕਿਹਾ ਕਿ ਟੀਕਾਕਰਨ ਹੁਣ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਖੁੱਲ੍ਹਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਆਈ.ਡੀ. ਰਾਹੀਂ ਵੈਕਸੀਨੇਸ਼ਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਸ੍ਰੀ ਬਿੰਦਰਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਟੀਕਾਕਰਣ ਦੀ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾ ਰਹੀ ਹੈ ਅਤੇ ਹੁਣ ਲੋਕਾਂ ਦੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੱਗੇ ਆਕੇ ਆਪਣਾ ਟੀਕਾਕਰਨ ਕਰਵਾਉਣ।
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਵੈਕਸੀਨੇਸ਼ਨ ਸਬੰਧੀ ਫੈਲੀਆਂ ਝੁੱਠੀਆਂ ਅਫਵਾਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਵਿਗਿਆਨੀਆਂ ਵੱਲੋਂ ਕੜੀ ਮਿਹਨਤ ਨਾਲ ਵਾਇਰਸ 'ਤੇ ਕਾਬੂ ਪਾਉਣ ਵਾਲੀ ਵੈਕਸੀਨ ਤਿਆਰ ਕੀਤੀ ਹੈ।
ਇਸ ਮੌਕੇ ਉਨ੍ਹਾਂ ਸਥਾਨਕ ਲੋਧੀ ਕਲੱਬ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਟੀਕਾਕਰਨ ਕੈਂਪ ਵਿਚ ਵੀ ਹਿੱਸਾ ਲਿਆ।