ਜਰਖੜ ਵਿੱਚ ਖੁੱਲੇਗੀ ਮੁੱਕੇਬਾਜ਼ੀ ਅਕੈਡਮੀ
5ਜਾਬ ਫਾਊਂਡੇਸ਼ਨ ਹੋਵੇਗਾ ਮੁੱਖ ਸਪਾਂਸਰ, ਮੁੰਡੇ ਕੁੜੀਆਂ ਨੂੰ ਮਿਲੇਗੀ ਮੁਫ਼ਤ ਟ੍ਰੇਨਿੰਗ
ਲੁਧਿਆਣਾ: ਜਰਖੜ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਵਿੱਚ ਉਸ ਵੇਲੇ ਇਕ ਹੋਰ ਵੱਡਾ ਵਾਧਾ ਹੋਵੇਗਾ ਜਦੋਂ ਹਾਕੀ ਦੇ ਨਾਲ ਨਾਲ ਜਰਖੜ ਦੇ ਵਿਚ ਮੁੱਕੇਬਾਜ਼ੀ ਦੇ ਅਕੈਡਮੀ ਵੀ ਖੁੱਲ੍ਹੇਗੀ। ਇਸ ਅਕੈਡਮੀ ਦਾ ਨਾਮ 5ਜਾਬ ਮੁੱਕੇਬਾਜ਼ੀ ਅਕੈਡਮੀ ਜਰਖੜ ਹੋਵੇਗਾ, ਜਿਸ ਨੂੰ 5ਜਾਬ ਫਾਊਂਡੇਸ਼ਨ ਮੁੱਖ ਤੌਰ ਤੇ ਸਪਾਂਸਰ ਕਰੇਗੀ । ਇਹ ਅਕੈਡਮੀ ਵਿੱਚ ਇਲਾਕੇ ਦੇ ਮੁੰਡੇ ਅਤੇ ਕੁੜੀਆਂ ਨੂੰ ਮੁਫ਼ਤ ਟਰੇਨਿੰਗ ਦਿਤੀ ਜਾਵੇਗੀ। ਜਿਸ ਵਿੱਚ ਕੁੜੀਆਂ ਨੂੰ ਖਿਡਾਰਨਾਂ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
ਜਰਖੜ ਖੇਡ ਸਟੇਡੀਅਮ ਦਾ ਦੌਰਾ ਕਰਨ ਆਏ ਫਾਊਂਡੇਸ਼ਨ ਦੇ ਇਕ ਵਫ਼ਦ ਸ ਜਗਦੀਪ ਸਿੰਘ ਘੁੰਮਣ ਮੁੰਬਈ , ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਚਕਰ , ਦੱਸਿਆ ਕਿ ਆਈਪੀਐਲ ਨੂੰ ਮੁੱਖ ਸਪਾਂਸਰ ਦੇਣ ਵਾਲੀ ਕੰਪਨੀ ਡਰੀਮ ਸਪੋਰਟਸ ਫਾਓੂਂਡੇਸ਼ਨ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖੇਡਾਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਹੈ ।ਉਸ ਦੇ ਅਧੀਨ ਕੰਮ ਕਰ ਰਹੀ 5ਜਾਬ ਫਾਊਂਡੇਸ਼ਨ ਨੇ ਪੰਜਾਬ ਦੇ ਵਿੱਚ ਮੁੱਕੇਬਾਜ਼ੀ ਦੇ ਤਿੰਨ ਸੈਂਟਰ ਜਿਨ੍ਹਾਂ ਵਿੱਚ ਚਕਰ ਮੁੱਕੇਬਾਜ਼ੀ ਅਕੈਡਮੀ ਜੋ ਪਹਿਲਾਂ ਹੀ ਕੰਮ ਕਰ ਰਹੀ ਹੈ ,ਇਸ ਤੋਂ ਇਲਾਵਾ ਜਰਖੜ (ਲੁਧਿਆਣਾ ) ਅਤੇ ਤਲਵਾੜਾ (ਕਪੂਰਥਲਾ ) ਵਿਖੇ ਮੁੱਕੇਬਾਜ਼ੀ ਦੇ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ । 5ਜਾਬ ਫਾਊਂਡੇਸ਼ਨ ਵੱਲੋਂ ਮੁੱਕੇਬਾਜ਼ੀ ਦੇ ਇਹ ਸੈਂਟਰ ਲਈ 3 ਡਾਇਰੈਕਟਰ ਨਾਮਜ਼ਦ ਕੀਤੇ ਜਾਣਗੇ । 5ਜਾਬ ਬਾਕਸਿੰਗ ਅਕੈਡਮੀ ਜਰਖੜ ਲਈ ਵਿਸ਼ੇਸ਼ ਤੌਰ ਤੇ ਕੋਚ, ਬਾਕਸਿੰਗ ਰਿੰਗ, ਸਪੋਰਟਸ ਕਿੱਟ ਅਤੇ ਹੋਰ ਸਭ ਸਹੂਲਤਾਂ ਖਿਡਾਰੀਆਂ ਲਈ ਮੁਹੱਈਆ ਕੀਤੀਆਂ ਜਾਣਗੀਆਂ । ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੂੰ ਵੀ 5ਜਾਬ ਫਾਉਂਡੇਸ਼ਨ ਵੱਡੇ ਪੱਧਰ ਤੇ ਸਪਾਂਸਰਸ਼ਿਪ ਦੇਵੇ ਦੇਵੇਗੀ। ਜਿਸ ਨਾਲ ਹਾਕੀ ਖਿਡਾਰੀਆਂ ਦੀ ਖੇਡ ਵਿੱਚ ਹੋਰ ਸੁਧਾਰ ਆ ਸਕੇ । 5ਜਾਬ ਫਾਊਂਡੇਸ਼ਨ ਦਾ ਇਕੋ ਮਕਸਦ ਹੈ ਕਿ ਪਿੰਡਾਂ ਦੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਅਤੇ ਆਉਣ ਵਾਲੀਆਂ ਓਲੰਪਿਕ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਦੇ ਖਿਡਾਰੀਆਂ ਦੀ ਨਮਾਇੰਦਗੀ ਕਰਾਉਣਾ ਹੈ ।ਜਰਖੜ ਖੇਡ ਸਟੇਡੀਅਮ ਪੰਜਾਬ ਦੇ ਪੇਂਡੂ ਖੇਡ ਸਭਿਆਚਾਰ ਦੀ ਇਕ ਵਿਰਾਸਤ ਹੈ ,ਇਸ ਵਿੱਚੋਂ ਮੁਲਕ ਨੂੰ ਵਧੀਆ ਖੇਡ ਹੁਨਰ ਮਿਲ ਸਕਦਾ ਹੈ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ।
ਇਸ ਮੌਕੇ ਕੇਵਲ ਸਿੰਘ ਖਹਿਰਾ ,ਅਸਤਿੰਦਰਪਾਲ ਸਿੰਘ ਖਹਿਰਾ, ਸਾਹਿਬਜੀਤ ਸਿੰਘ ਸਾਬੀ ਜਰਖਡ਼, ਕੋਚ ਗੁਰਸਤਿੰਦਰ ਸਿੰਘ ਪਰਗਟ , ਤੇਜਿੰਦਰ ਸਿੰਘ ਜਰਖੜ, ਹਰਵਿੰਦਰ ਸਿੰਘ ਘਵੱਦੀ , ਦਲਵੀਰ ਸਿੰਘ ਜਰਖੜ, ਗੁਰਿੰਦਰਪਾਲ ਸਿੰਘ ਗੁਰੀ ਜਰਖੜ,ਜਤਿੰਦਰਪਾਲ ਸਿੰਘ ਦਲੇਅ, ਲਵਜੀਤ ਸਿੰਘ, ਰਘਵੀਰ ਸਿੰਘ ਡੰਗੋਰਾ, ਜਗਦੇਵ ਸਿੰਘ ਜਰਖੜ, ਲਾਲ ਸਿੰਘ ਘਵੱਦੀ,ਹਰਜੋਤ ਸਿੰਘ ਢੋਲੇਵਾਲ, ਤੇਜੀ ਜੱਸੜ, ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਬਾਕਸਿੰਗ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਜਰਖੜ ਸਟੇਡੀਅਮ ਪ੍ਰਬੰਧਕਾਂ ਨਾਲ ਕਿਸੇ ਵਕਤ ਵੀ ਸੰਪਰਕ ਕਰ ਸਕਦੇ ਹਨ ।