ਡੇਅਰੀ ਵਿਕਾਸ ਵਿਭਾਗ ਵਲੋਂ 4 ਹਫਤੇ ਦੇ ਡੇਅਰੀ ਉਦਮ ਸਿਖਲਾਈ ਕੋਰਸ ਦੀ ਕਾਊਸਲਿੰਗ 7 ਨੂੰ
14 ਨਵੰਬਰ ਤੋਂ ਹੋਵੇਗੀ ਕੋਰਸ ਦੀ ਸ਼ੁਰੂਆਤ - ਡਿਪਟੀ ਡਾਇਰੈਕਟਰ ਦਲਬੀਰ ਕੁਮਾਰ
ਲੁਧਿਆਣਾ, 4 ਨਵੰਬਰ, 2022: ਡੇਅਰੀ ਉਦਮ ਸਿਖਲਾਈ ਕੋਰਸ ਦਾ ਚੌਥਾ ਅਤੇ ਆਖਰੀ ਬੈਚ ਮਿਤੀ 14 ਨਵੰਬਰ, 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਲ੍ਹਾ ਲੁਧਿਆਣਾ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ ਬੀਜਾ, ਅਤੇ ਡੇਅਰੀ ਸਿਖਲਾਈ ਕੇਂਦਰ ਮੋਗਾ ਐਟ ਗਿੱਲ ਵਿਖੇ ਟ੍ਰੇਨਿੰਗ ਕਰ ਸਕਦੇ ਹਨ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ, ਦਲਬੀਰ ਕੁਮਾਰ ਵਲੋਂ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਮਾਨਯੋਗ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਦਿਸਾ ਨਿਰਦੇਸ਼ਾ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਉਦਮ ਸਿਖਲਾਈ ਕੋਰਸ ਦੀ ਕਾਊਸਲਿੰਗ 07 ਨਵੰਬਰ ਨੂੰ ਦਫਤਰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਬੀਜਾ ਅਤੇ ਡੇਅਰੀ ਸਿਖਲਾਈ ਕੇਂਦਰ ਮੋਗਾ ਐਟ ਗਿੱਲ ਵਿਖੇ ਸਵੇਰੇ 10 ਵਜੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਵਸਨੀਕ ਹੋਵੇ ਅਤੇ ਘੱਟੋ-ਘੱਟ ਦਸਵੀਂ ਪਾਸ ਹੋਵੇ। ਇਸ ਤੋਂ ਇਲਾਵਾ ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਇਜ ਫੋਟੋ ਲੈ ਕੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਉਨ੍ਹਾ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਧ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁੱਚਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਮਿਲਕਿੰਗ ਮਸੀਨ ਦੀ ਖ੍ਰੀਦ ਉਤੇ 50 ਪ੍ਰਤੀਸ਼ਤ ਸਬਸਿਡੀ ਵੀ ਉਪਲੱਬਧ ਹੈ ਅਤੇ ਸਮੂਹ ਚਾਹਵਾਨ ਦੁੱਧ ਉਤਪਾਦਕਾਂ/ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਇਸ ਸਿਖਲਾਈ ਪ੍ਰੋਗਰਾਮ ਵਿਚ ਦਾਖਲਾ ਲੈ ਕੇ ਵਿਭਾਗ ਵੱਲੋਂ ਦਿੱਤੀਆ ਜਾਂਦੀਆਂ ਸਹੂਲਤਾਂ ਦਾ ਵੱਧ ਤੋ ਵੱਧ ਲਾਹਾ ਲੈਣ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 81461-00543 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।