ਸ੍ਰੀ ਰਾਮਬਾਗ ਬਿਰਧ ਆਸ਼ਰਮ ਵਿਖੇ ਲਗਾਇਆ ਗਿਆ ਕੋਵਿਡ19 ਸੈਂਪਲਿੰਗ (ਚੈੱਕਅਪ) ਕੈਂਪ
ਲੱਛਣ ਮਿਲਣ ਤੇ ਬਿਨ੍ਹਾਂ ਕਿਸੇ ਡਰ ਤੋਂ ਕੋਵਿਡ19 ਜਾਂਚ ਜ਼ਰੂਰ ਕਰਵਾਓ- ਵਧੀਕ ਡਿਪਟੀ ਕਮਿਸ਼ਨਰ
ਫਿਰੋਜ਼ਪੁਰ: ਜੇਕਰ ਕਿਸੇ ਵਿਅਕਤੀ ਨੂੰ ਵੀ ਕੋਰਨਾ ਵਾਇਰਸ ਨਾਲ ਸਬੰਧਿਤ ਕੋਈ ਲੱਛਣ ਨਜਰ ਆਉਂਦੇ ਹਨ ਤਾਂ ਉਹ ਕੋਵਿਡ19 ਟੈਸਟ ਜ਼ਰੂਰ ਕਰਵਾਉਣ। ਇਹ ਅਪੀਲ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਸ੍ਰੀ ਰਾਮਬਾਗ ਬਿਰਧ ਆਸ਼ਰਮ ਵਿਖੇ ਲਗਾਏ ਗਏ ਕੋਵਿਡ19 ਸੈਂਪਲਿੰਗ ਕੈਂਪ ਦੀ ਸ਼ੁਰਆਤ ਕਰਨ ਮੌਕੇ ਕੀਤੀ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਸ ਵੇਲੇ ਤੇਜੀ ਨਾਲ ਵੱਧ ਰਿਹਾ ਹੈ ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਵੀ ਆਪਣੇ ਵਿੱਚ ਕੋਈ ਲੱਛਣ ਨਜਰ ਆਉਂਦੇ ਹਨ ਤਾਂ ਉਹ ਬਿਨਾ ਡਰ ਤੋਂ ਕੋਵਿਡ19 ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਕਈ ਲੋਕ ਡਰ ਦੇ ਕਾਰਨ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਵੇਗਾ ਇਸ ਕਰ ਕੇ ਟੈਸਟ ਨਹੀਂ ਕਰਵਾਉਂਦੇ। ਉਨ੍ਹਾ ਕਿਹਾ ਕਿ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਜੇਕਰ ਕਿਸੇ ਵਿਅਕਤੀ ਦੀ ਰਿਪੋਰਟ ਪੋਜਟਿਵ ਆਉਂਦੀ ਹੈ ਤਾਂ ਉਹ ਘਰ ਵਿੱਚ ਹੀ ਆਪਣੇ ਆਪ ਨੂੰ ਇਕਾਂਤਵਾਸ ਕਰ ਸਕਦਾ ਹੈ ਤੇ ਉਸ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਲੋਕ ਕੋਵਿਡ19 ਟੀਕਾਕਰਨ ਲਈ ਵੀ ਅੱਗੇ ਆਉਣ ਤਾਂ ਜੋ ਇਸ ਵਾਇਰਸ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਸੈਂਪਲਿੰਗ ਅਤੇ ਵੈਕਸੀਨੇਸ਼ਨ ਤੋਂ ਬਿਲਕੁਲ ਵੀ ਨਾ ਘਬਰਾਉਣ ਅਤੇ ਅਫਵਾਹਾਂ ਤੋਂ ਦੂਰ ਰਹਿ ਕੇ ਖੁਦ ਸੈਪਲਿੰਗ ਤੇ ਵੈਕਸੀਨੇਸ਼ਨ ਲਈ ਅੱਗੇ ਆਉਣ।
ਇਸ ਦੌਰਾਨ ਆਸ਼ਰਮ ਦੇ ਪ੍ਰਧਾਨ ਹਰੀਸ਼ ਗੋਇਲ ਨੇ ਦੱਸਿਆ ਕਿ ਆਸ਼ਰਮ ਵਿਖੇ ਰਹਿ ਰਹੇ 40 ਦੇ ਕਰੀਬ ਬਜ਼ੁਰਗਾਂ ਦੀ ਕੋਵਿਡ19 ਸਬੰਧੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਕੋਵਿਡ19 ਵੈਕਸੀਨੇਸ਼ਨ ਵੀ ਲੱਗ ਚੁੱਕੀ ਹੈ। ਇਸ ਮੌਕੇ ਸੰਚਾਲਕ ਮਧੂ ਗੋਇਲ ਵੀ ਮੌਜੂਦ ਸਨ।