ਸੰਤ ਨਿਰੰਕਾਰੀ ਭਵਨ ਵਿਖੇ ਲਗਾਇਆ ਗਿਆ ਕੋਵਿਡ19 ਟੀਕਾਕਰਨ ਕੈਂਪ
ਲੋਕ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਖੁਦ ਟੀਕਾਕਰਨ ਲਈ ਅੱਗੇ ਆਉਣ – ਵਧੀਕ ਡਿਪਟੀ ਕਮਿਸ਼ਨਰ
ਫਿਰੋਜ਼ਪੁਰ: ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਖੁਦ ਹੀ ਕੋਵਿਡ19 ਟੀਕਾਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਸ ਦਾ ਨਵਾਂ ਸਰੂਪ ਤੇਜੀ ਨਾਲ ਫੈਲ ਰਿਹਾ ਹੈ ਅਤੇ ਇਸ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਜਿਆਦਾ ਖਤਰਨਾਕ ਹੈ। ਇਸ ਕਰਕੇ ਸਾਡੇ ਸਾਰਿਆਂ ਲਈ ਕੋਵਿਡ19 ਟੀਕਾਕਰਨ ਕਰਵਾਉਣ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀ ਤੇ ਆਪਣਿਆਂ ਦੀ ਇਸ ਵਾਇਰਸ ਤੋਂ ਸੁਰੱਖਿਆ ਕਰ ਸਕੀਏ। ਇਹ ਵਿਚਾਰ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਐਤਵਾਰ ਨੂੰ ਸੰਤ ਨਿਰੰਕਾਰੀ ਭਵਨ ਫਿਰੋਜ਼ਪੁਰ ਸ਼ਹਿਰ ਵਿਖੇ ਕੋਵਿਡ19 ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਨ ਮੌਕੇ ਪ੍ਰਗਟ ਕੀਤੇ।
ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਵਿਡ19 ਟੀਕਾਕਰਨ ਮੁਹਿੰਮ ਨੂੰ ਹੋਰ ਤੇਜ ਕਰ ਦਿੱਤਾ ਗਿਆ ਹੈ ਜਿਸ ਤਹਿਤ ਲਗਾਤਾਰ ਕੋਵਿਡ19 ਟੀਕਾਕਰਨ ਦੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰ ਕੇ ਇਸ ਵਾਇਰਸ ਤੋਂ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸੇ ਸਿਲਸਿਲੇ ਵਿੱਚ 20 ਅਪ੍ਰੈਲ ਸ਼ਾਮ 5 ਵਜੇ ਨੂੰ ਦੂਜਾ ਕੈਂਪ ਸ਼੍ਰੀ ਰਾਧਾ ਕ੍ਰਿਸ਼ਨ ਹਨੂਮਾਨ ਮੰਦਰ ਸਾਹਮਣੇ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਖੇ ਵੀ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਪਾਲਨਾ ਤਾਂ ਜਰੂਰ ਕਰਨ ਪਰ ਇਸ ਦੇ ਨਾਲ ਹੀ ਉਹ ਕੋਵਿਡ19 ਟੀਕਾਕਰਨ ਵੀ ਜ਼ਰੂਰ ਕਰਵਾਉਣ। ਇਹ ਜ਼ਰੂਰੀ ਹੈ ਕਿ ਕੋਵਿਡ19 ਟੀਕਾਕਰਨ ਕਰਵਾ ਕੇ ਆਪਣੇ ਆਪ ਤੇ ਕਿਉਂਕਿ ਇਸ ਲਈ ਕੋਵਿਡ19 ਟੀਕਾਕਰਨ ਕਰਵਾਉਣਾ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ।
ਇਸ ਦੌਰਾਨ ਫਿਰੋਜ਼ਪੁਰ ਜ਼ੋਨ ਦੇ ਜ਼ੋਨਲ ਇੰਚਾਰਜ ਐੱਨ. ਐੱਸ. ਗਿਲ ਜੀ ਨੇ ਦੱਸਿਆ ਕਿ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਪੂਰੇ ਭਾਰਤ ਵਿੱਚ ਨਿਰੰਕਾਰੀ ਸਤਿਸੰਗ ਭਵਨਾਂ ਵਿੱਚ ਕੋਵਿਡ -19 ਟੀਕਾਕਰਨ ਕੈਂਪ ਲਗਾਏ ਗਏ ਹਨ ਅਤੇ ਸਰਕਾਰ ਦੀ ਇਸ ਮੁਹਿੰਮ ਵਿੱਚ ਸਹਿਯਗ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਰੂਹਾਨੀ ਸਿੱਖਿਆ ਪ੍ਰਦਾਨ ਕਰਦਾ ਹੈ, ਇਹ ਮਨੁੱਖਤਾ ਦੀ ਸੇਵਾ ਵਿਚ ਵੀ ਸਰਵੋਤਮ ਹੈ। ਇਸ ਤੋਂ ਇਲਾਵਾ, ਮਿਸ਼ਨ ਨੇ ਕੋਰੋਨਾ ਕਾਲ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਣ, ਮਾਸਕ ਵੰਡਣ, ਘਰਾਂ ਗਲੀਆਂ ਅਤੇ ਸਤਸੰਗ ਇਮਾਰਤਾਂ ਆਦਿ ਨੂੰ ਸੈਨੀਟਾਈਜ਼ ਕਰਨਾ ਆਦਿ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਗਿਆਨ ਪ੍ਰਚਾਰਕ ਗੁਰਮੀਤ ਸਿੰਘ ਅਤੇ ਸੰਚਾਲਕ ਚਾਂਦ ਪ੍ਰਕਾਸ਼ ਨੇ ਦੱਸਿਆ ਕਿ ਕੈਂਪ ਦੌਰਾਨ ਸਾਰਿਆਂ ਨੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਜਿਸ ਵਿਚ ਮਾਸਕ ਦੀ ਵਰਤੋਂ, ਸੈਨੀਟਾਈਜ਼ ਅਤੇ ਸਮਾਜਿਕ ਦੂਰੀਆਂ ਦਾ ਪੂਰਾ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਨਿਰੰਕਾਰੀ ਭਵਨ ਮਿਸ਼ਨ ਵੱਲੋਂ ਲੋਕ ਭਲਾਈ ਤੇ ਹੋਰ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸੰਤ ਨਿਰੰਕਾਰੀ ਮਿਸ਼ਨ ਭਵਨ ਦਾ ਸਰਕਾਰ ਦੀ ਕੋਵਿਡ19 ਵੈਕਸੀਨੇਸ਼ਨ ਮੁਹਿੰਮ ਵਿੱਚ ਵੱਡਮੁਲਾ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।