ਚਕਰ ਦੇ ਖੇਡ ਸਭਿਆਚਾਰ ਦਾ ਸਿਰਜਣਹਾਰ: ਪ੍ਰਿੰ. ਬਲਵੰਤ ਸਿੰਘ ਸੰਧੂ
ਜੇਕਰ ਕੋਈ ਇੱਕ ਇਨਸਾਨ ਪੱਕੇ ਇਰਾਦੇ ਨਾਲ ਕੱਝ ਕਰਨ ਦੀ ਠਾਣ ਲਵੇ ਤਾਂ ਕੁੱਝ ਵੀ ਸੰਭਵ ਹੈ।ਅਜਿਹਾ ਹੀ ਕਰ ਦਿਖਾਇਆ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦੇ ਜੰਮਪਲ ਪ੍ਰਿੰ. ਬਲਵੰਤ ਸਿੰਘ ਸੰਧੂ ਨੇ।ਉਨ੍ਹਾਂ ਨੇ ਆਪਣੇ ਪਿੰਡ ਵਿੱਚ ਅਜਿਹਾ ਖੇਡ ਬਗੀਚਾ ਲਾਇਆ ਜਿਸ ਦੀ ਮਹਿਕ ਸਾਰੇ ਸੰਸਾਰ ਵਿੱਚ ਮਹਿਸੂਸ ਕੀਤੀ ਗਈ।ਪ੍ਰਿੰ. ਬਲਵੰਤ ਸਿੰਘ ਸੰਧੂ ਸਹੀ ਅਰਥਾਂ ਵਿੱਚ ਪਿੰਡ ਚਕਰ ਵਿੱਚ ਪੈਦਾ ਹੋਏ ਬਾਕਸਿੰਗ ਸਭਿਆਚਾਰ ਦਾ ਸਿਰਜਣਹਾਰ ਹੈ।ਅੱਜ ਜੇ ਪਿੰਡ ਚਕਰ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਰਿਹਾ ਹੈ, ਪਿੰਡ ਦੀ ਧੀ ਨੂੰ ਅਰਜਨਾ ਐਵਾਰਡ ਮਿਲ ਚੁੱਕਿਆ ਹੈ ਤਾਂ ਇਸ ਦਾ ਅਸਲ ਸਿਹਰਾ ਪ੍ਰਿੰ. ਬਲਵੰਤ ਸਿੰਘ ਸੰਧੂ ਨੂੰ ਜਾਂਦਾ ਹੈ ਜੋ ਪਿਛਲੇ ਸੋਲਾਂ ਸਾਲਾਂ ਤੋਂ ਪਿੰਡ ਦੇ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਪੱਧਰ 'ਤੇ ਤਪੱਸਿਆ ਕਰ ਰਿਹਾ ਹੈ।ਉਸ ਦੀ ਰਹਿਨੁਮਾਈ ਵਿੱਚ ਅਨੇਕਾਂ ਬੱਚੇ ਅੰਤਰ ਰਾਸ਼ਟਰੀ ਪੱਧਰ ਤੱਕ ਖੇਡੇ, ਅਨੇਕਾਂ ਰਾਸ਼ਟਰੀ ਚੈਂਪੀਅਨ ਬਣੇ।
ਪ੍ਰਿੰ. ਬਲਵੰਤ ਸਿੰਘ ਸੰਧੂ ਪੇਸ਼ੇ ਵਜੋਂ ਅਧਿਆਪਨ ਨਾਲ ਜੁੜੇ ਹੋਏ ਹਨ।ਉਹ ਹੁਣ ਤੱਕ ਛੇ ਪੁਸਤਕਾਂ ਲਿਖ ਚੁੱਕੇ ਹਨ।ਜਿੰਨ੍ਹਾਂ ਵਿੱਚ ਇੱਕ ਨਾਵਲ 'ਗੁੰਮਨਾਮ ਚੈਂਪੀਅਨ' ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਦੀ ਜੀਵਨੀ ਉੱਤੇ ਆਧਾਰਿਤ ਹੈ, ਜੋ ਪੰਜਾਬੀ ਖੇਡ ਸਾਹਿਤ ਦਾ ਪਲੇਠਾ ਨਾਵਲ ਹੈ।ਉਹ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ ਵਿਸ਼ੇ ਨਾਲ ਸੰਬੰਧਿਤ ਖੋਜ ਪੇਪਰ ਪੜ੍ਹ ਚੁੱਕੇ ਹਨ।ਅਨੇਕਾਂ ਸੰਪਾਦਿਤ ਪੁਸਤਕਾਂ, ਮੈਗਜ਼ੀਨਾਂ ਵਿੱਚ ਉਨ੍ਹਾਂ ਦੇ ਖੋਜ ਪੇਪਰ ਛਪ ਚੁੱਕੇ ਹਨ।ਹੁਣ ਤੱਕ ਸੱਤ ਵਿਦਿਆਰਥੀਆਂ ਨੂੰ ਪੀਐਚ ਡੀ ਅਤੇ ਸਤਾਰਾਂ ਵਿਦਿਆਰਥੀਆਂ ਨੂੰ ਐਮ ਫਿਲ ਕਰਵਾ ਚੁੱਕੇ ਹਨ।ਅੱਜ ਕੱਲ੍ਹ ਉਹ ਗੁਰੂ ਗੋਬਿੰਦ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ।
ਪ੍ਰਿੰ. ਬਲਵੰਤ ਸਿੰਘ ਸੰਧੂ ਦਾ ਝੁਕਾਅ ਬਚਪਨ ਤੋਂ ਹੀ ਖੇਡਾਂ ਅਤੇ ਸਾਹਿਤ ਵੱਲ ਸੀ।ਇਸ ਦਾ ਵੱਡਾ ਕਾਰਨ ਉਨ੍ਹਾਂ ਉੱਤੇ ਆਪਣੇ ਤਾਇਆ ਜੀ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਖੇਡ ਲਿਖਤਾਂ ਦਾ ਪ੍ਰਭਾਵ ਸੀ।ਪ੍ਰਿੰ. ਬਲਵੰਤ ਸਿੰਘ ਸੰਧੂ ਸਕੂਲ ਪੱਧਰ 'ਤੇ ਅਥਲੈਟਿਕਸ ਵਿੱਚ ਸੂਬਾ ਪੱਧਰ ਦੇ ਖਿਡਾਰੀ ਰਹੇ ਹਨ।ਉਨ੍ਹਾਂ ਦੇ ਅਵਚੇਤਨ ਵਿੱਚ ਬਾਕਸਿੰਗ ਨਾਲ ਪਿਆਰ ਸੀ।ਉਨ੍ਹਾਂ ਨੇ ਇਸ ਖੇਡ ਦੀ ਸਿਖਲਾਈ ਲੈਣ ਨੂੰ ਮੁੱਖ ਰੱਖਦਿਆਂ 1993 ਵਿੱਚ ਲੁਧਿਆਣਾ ਦੇ ਸਰਕਾਰੀ ਕਾਲਜ ਵਿਚ ਬੀ ਏ ਵਿੱਚ ਦਾਖਲਾ ਲੈ ਲਿਆ ਅਤੇ ਨਾਲ ਨਾਲ ਗੁਰੂ ਨਾਨਕ ਸਟੇਡੀਅਮ ਵਿੱਚ ਕੋਚ ਲਾਭ ਸਿੰਘ ਕੋਲ ਬਾਕਸਿੰਗ ਦੇ ਗੁਰ ਸਿੱਖਣ ਲੱਗੇ।ਭਾਵੇਂ ਉਹ ਬਾਕਸਿੰਗ ਵਿੱਚ ਨਾਮਣਾ ਖੱਟਣਾ ਚਾਹੁੰਦੇ ਸਨ ਪਰ ਇੱਥੇ ਵੀ ਸੂਬਾ ਪੱਧਰ ਤੱਕ ਹੀ ਖੇਡ ਸਕੇ।
ਫਿਰ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਪੜ੍ਹਾਈ ਉੱਤੇ ਲਗਾ ਦਿੱਤਾ।1998 ਵਿੱਚ ਐਮ ਏ (ਪੰਜਾਬੀ) ਕਰ ਕੇ ਤੁਰੰਤ ਹੀ ਯੂ.ਸੀ.ਸੀ. ਦਾ ਨੈੱਟ ਦਾ ਇਮਤਿਹਾਨ ਜੇ.ਆਰ.ਐਫ਼. ਸਮੇਤ ਪਾਸ ਕਰ ਲਿਆ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੀਐਚ. ਡੀ. ਕਰਨ ਲੱਗੇ।2003 ਵਿੱਚ ਸਰਕਾਰੀ ਕਾਲਜ ਰੋਪੜ ਵਿਖੇ ਇੱਕ ਸਾਲ ਪੜ੍ਹਾਇਆ।ਫਿਰ 2004 ਵਿੱਚ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ (ਲੁਧਿਆਣਾ) ਵਿਖੇ ਆਪਣਾ ਅਧਿਆਪਨ ਸ਼ੁਰੂ ਕੀਤਾ।ਇਸ ਤਰ੍ਹਾਂ ਉਹ ਆਪਣੇ ਪਿੰਡ ਚਕਰ ਦੇ ਕਰੀਬ ਆ ਗਏ।2005 ਵਿੱਚ ਜਦੋਂ ਉਨ੍ਹਾਂ ਨੇ ਪਿੰਡ ਰਹਿਣਾ ਸ਼ੁਰੂ ਕੀਤਾ ਤਾਂ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ।ਇਨ੍ਹਾਂ ਉਪਰਾਲਿਆਂ ਵਿੱਚ ਹੀ ਚਕਰ ਵਿੱਚ ਬਾਕਸਿੰਗ ਦਾ ਬੂਟਾ ਲਗਾਇਆ ਗਿਆ।
ਇਹ 2005 ਵਿੱਚ ਮਾਰਚ ਦੇ ਅਖੀਰਲੇ ਦਿਨਾਂ ਦੀ ਗੱਲ ਹੈ, ਜਦੋਂ ਪੇਪਰਾਂ ਤੋਂ ਵਿਹਲੇ ਹੋਏ ਛੋਟੇ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਆਉਣ ਲਈ ਪ੍ਰੇਰਣਾ ਸ਼ੁਰੂ ਕਰ ਦਿੱਤਾ।ਇਸ ਕਾਰਜ ਲਈ ਉਹ ਇਕੱਲੇ ਇਕੱਲੇ ਬੱਚੇ ਦੇ ਘਰ ਗਏ।ਲੋਕਾਂ ਨੂੰ ਇਸ ਪਾਸੇ ਪ੍ਰੇਰਿਆ।ਸਭ ਤੋਂ ਵੱਡਾ ਉਪਰਾਲਾ ਇੱਕ ਪਛੜੇ ਪਿੰਡ ਵਿੱਚ ਲੜਕੀਆਂ ਨੂੰ ਖੇਡ ਮੈਦਾਨ ਤੱਕ ਲਿਆਉਣਾ ਸੀ, ਜਿਸ ਵਿੱਚ ਪ੍ਰਿੰ. ਬਲਵੰਤ ਸਿੰਘ ਸੰਧੂ ਬਹੁਤ ਸਫ਼ਲ ਰਹੇ।ਇਸ ਤੋਂ ਪਹਿਲਾਂ ਚਕਰ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੀ ਨਹੀਂ ਸੀ ਕਿ ਲੜਕੀਆਂ ਕਿਸੇ ਵੀ ਖੇਡ ਵਿੱਚ ਭਾਗ ਲੈ ਸਕਣ ਦੀ ਹਿੰਮਤ ਕਰਨ।ਉਨ੍ਹਾਂ ਨੇ ਆਪਣੇ ਸਹਿਪਾਠੀਆਂ, ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਪਣੀਆਂ ਧੀਆਂ ਨੂੰ ਖੇਡ ਮੈਦਾਨ ਵਿੱਚ ਭੇਜਣ ਲਈ ਪ੍ਰੇਰਿਆ।ਜਿਹੜੇ ਲੜਕੇ ਖੇਡਣ ਆਉਂਦੇ ਸਨ, ਉਨ੍ਹਾਂ ਨੂੰ ਆਪਣੀਆਂ ਭੈਣਾਂ ਨੂੰ ਨਾਲ ਲਿਆਉਣ ਲਈ ਪ੍ਰੇਰਿਆ।ਇਸ ਤਰ੍ਹਾਂ 2005 ਵਿੱਚ ਹੀ ਲੜਕੀਆਂ ਦਾ ਖੇਡਾਂ ਖੇਡਣ ਦਾ ਰਸਤਾ ਖੁੱਲ੍ਹ ਗਿਆ।
ਪ੍ਰਿੰ. ਬਲਵੰਤ ਸਿੰਘ ਸੰਧੂ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਅੰਤਰ ਰਾਸ਼ਟਰੀ ਖਿਡਾਰੀ ਬਣਨ, ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ।ਇਸ ਲਈ ਉਨ੍ਹਾਂ ਨੇ ਆਪਣੀ ਪੱਧਰ 'ਤੇ ਹੀ ਅਜਿਹਾ ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ।ਆਪਣੀ ਸਵੇਰ ਤੇ ਸ਼ਾਮ ਖਿਡਾਰੀਆਂ ਨੂੰ ਅਰਪਿਤ ਕਰ ਦਿੱਤੀ।ਮਾਰਚ ਵਿੱਚ ਚਾਰ ਬੱਚਿਆਂ ਤੋਂ ਸ਼ੁਰੂ ਹੋਇਆ ਇਹ ਕਾਫ਼ਲਾ ਸਾਲ ਦੇ ਅਖੀਰ ਤੱਕ ਪੁੱਜਦੇ ਪੁੱਜਦੇ ਸਵਾ ਸੌ ਬੱਚਿਆਂ ਤੱਕ ਪੁੱਜ ਗਿਆ।ਇਸ ਸਮੇਂ ਦੌਰਾਨ ਉਨ੍ਹਾਂ ਨੂੰ ਬਾਕਸਿੰਗ ਦੇ ਗੁਰ ਸਿਖਾਏ ਜਾਂਦੇ, ਪੜ੍ਹਾਈ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ।ਬੱਚਿਆਂ ਵਿੱਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰਨ ਲਈ ਕੁੱਝ ਸਮਾਂ ਰਾਤ ਨੂੰ ਪਿੰਡ ਦੀਆਂ ਸਾਂਝੀਆਂ ਸੱਥਾਂ ਵਿੱਚ ਇਕੱਠਿਆਂ ਬੈਠ ਕੇ ਪੜ੍ਹਨ ਦਾ ਮਾਹੌਲ ਵੀ ਸਿਰਜਿਆ ਗਿਆ।ਨਾਲ ਨਾਲ ਸਮਾਜ ਵਿੱਚ ਵਿਚਰਣ ਦੇ ਗੁਣ ਸਿਖਾਏ ਜਾਂਦੇ।ਇਹ ਸਾਰਾ ਕੁੱਝ ਉਹ 'ਯੰਗਸਰਟਜ਼ ਸਪੋਸਟਸ ਅਕੈਡਮੀ' ਦੇ ਬੈਨਰ ਹੇਠ ਕਰਨ ਲੱਗੇ। ਇਹ ਉਹ ਸਮਾਂ ਸੀ ਜਦੋਂ ਚਕਰ ਇੱਕ ਨਵੀਂ ਕਰਵਟ ਲੈ ਰਿਹਾ ਸੀ।ਉਸ ਸਮੇਂ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਵੱਲੋਂ ਇਸ ਕਾਰਜ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।
ਫਰਵਰੀ 2006 ਵਿੱਚ ਇਸ ਖੇਡ ਕਹਾਣੀ ਵਿੱਚ ਇੱਕ ਨਵਾਂ ਅਧਿਆਇ ਜੁੜਦਾ ਹੈ, ਜਦੋਂ ਇਨ੍ਹਾਂ ਸਭ ਉਪਰਾਲਿਆਂ 'ਤੇ ਕਨੇਡਾ ਤੋਂ ਆਏ ਸ. ਅਜਮੇਰ ਸਿੰਘ ਸਿੱਧੂ ਦੀ ਨਜ਼ਰ ਪੈਂਦੀ ਹੈ।ਉਹ ਪਹਿਲਾਂ ਹੀ ਆਪਣੇ ਪਿੰਡ ਚਕਰ ਲਈ ਕੁੱਝ ਕਰਨਾ ਚਾਹੁੰਦੇ ਸਨ।ਉਨ੍ਹਾਂ ਨੇ ਆਪਣੇ ਭਰਾ ਸ. ਬਲਦੇਵ ਸਿੰਘ ਸਿੱਧੂ ਨਾਲ ਸਲਾਹ ਕੀਤੀ ਅਤੇ ਪਿੰਡ ਵਿੱਚ ਚੱਲ ਰਹੀ 'ਯੰਗਸਰਟਜ਼ ਸਪੋਸਟਸ ਅਕੈਡਮੀ' ਨੂੰ ਅਪਣਾ ਲਿਆ ਤੇ ਇਸ ਉੱਪਰ ਹੋਣ ਵਾਲਾ ਖਰਚਾ ਖੁਦ ਝੱਲਣ ਲੱਗੇ।ਬਾਅਦ ਵਿੱਚ ਇਸ ਅਕੈਡਮੀ ਦਾ ਨਾਮ 'ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ' ਰੱਖ ਦਿੱਤਾ ਗਿਆ।ਸਿੱਧੂ ਪਰਿਵਾਰ ਦੇ ਜੁੜਣ ਨਾਲ ਇਹ ਅਕੈਡਮੀ ਤੇਜ਼ੀ ਨਾਲ ਤਰੱਕੀ ਕਰਨ ਲੱਗੀ।ਇਸ ਸਮੇਂ ਖਿਡਾਰੀਆਂ ਲਈ ਬਾਕਸਿੰਗ ਅਤੇ ਫੁੱਟਬਾਲ ਦੇ ਕੋਚ ਰੱਖਣੇ ਸ਼ੁਰੂ ਕੀਤੇ ਗਏ।ਪਿੰ੍ਰ. ਬਲਵੰਤ ਸਿੰਘ ਸੰਧੂ ਬੱਚਿਆਂ ਦੀ ਰੋਜ਼ਾਨਾ ਕੌਂਸਲਿੰਗ ਕਰਦੇ।ਉਨ੍ਹਾਂ ਨੂੰ ਹਰ ਖੇਤਰ ਵਿੱਚ ਮਿਹਨਤ ਕਰਨ ਲਈ ਪ੍ਰੇਰਦੇ।ਉਹ ਅਕੈਡਮੀ ਦੇ ਫਾਊਂਡਰ ਅਤੇ ਪ੍ਰਧਾਨ ਹੋਣ ਦੇ ਨਾਲ ਨਾਲ ਮੈਂਟਰ ਦੀਆਂ ਸੇਵਾਵਾਂ ਵੀ ਨਿਭਾਉਂਦੇ ਰਹੇ।ਇਹ ਸੇਵਾਵਾਂ ਉਨ੍ਹਾਂ ਨੇ 2018 ਤੱਕ ਨਿਭਾਈਆਂ।
ਇਸ ਸਮੇਂ ਦੌਰਾਨ ਬਾਕਸਿੰਗ ਵਿੱਚ ਚਕਰ ਨੇ ਇੱਕ ਤਹਿਲਕਾ ਮਚਾਈ ਰੱਖਿਆ।ਕੋਚਾਂ ਦੀ ਮਿਹਨਤ ਦੇ ਨਾਲ ਨਾਲ ਪ੍ਰਿੰ. ਬਲਵੰਤ ਸਿੰਘ ਦੀ ਖਿਡਾਰੀਆਂ ਦੀ ਮਾਨਸਿਕਤਾ, ਸਮੱਸਿਆਵਾਂ, ਸਮਰੱਥਾ ਨੂੰ ਸਮਝਣ, ਸਮਝ ਕੇ ਕੰਮ ਲੈਣ ਦੀ ਯੋਗਤਾ ਕਾਰਨ ਨਿੱਤ ਨਵੇਂ ਨਤੀਜੇ ਆਉਣ ਲੱਗੇ।ਪਿੰਡਾਂ ਵਿੱਚ ਲੜਣ ਦਾ ਸ਼ੌਕ ਰੱਖਣ ਵਾਲੇ ਬੱਚਿਆਂ ਦੀ ਸ਼ਕਤੀ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਪ੍ਰਤਿਭਾ ਵਿੱਚ ਬਦਲ ਦਿੱਤਾ।ਸੁਖਦੀਪ ਚਕਰੀਆ ਅਤੇ ਸੰਦੀਪ ਸਿੰਘ ਭੱਟੀ ਦੋ ਅਜਿਹੇ ਬੱਚੇ ਸਨ ਜੋ ਸਿਰਫ਼ ਲੜਣ ਦੇ ਇਰਾਦੇ ਨਾਲ ਹੀ ਅਕੈਡਮੀ ਵਿੱਚ ਆਏ ਸਨ।ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਉਨ੍ਹਾਂ ਦੀ ਲੜਣ ਦੀ ਭਾਵਨਾ ਨੂੰ ਬਾਕਸਿੰਗ ਵਿੱਚ ਬਦਲ ਦਿੱਤਾ।ਹੁਣ ਦੋਵੇਂ ਅੰਤਰਰਾਸ਼ਟਰੀ ਪੱਧਰ ਦੇ ਪੋ੍ਰਫੈਸ਼ਨਲ ਮੁੱਕੇਬਾਜ਼ ਹਨ।ਪੜ੍ਹਾਈ ਅੱਧ ਵਿਚਕਾਰ ਛੱਡ ਗਏ ਬੱਚਿਆਂ ਨੂੰ ਮੁੜ ਸਕੂਲਾਂ ਨਾਲ ਜੋੜਿਆ।2005 ਵਿੱਚ ਦੂਜੀ ਕਲਾਸ ਵਿੱਚੋਂ ਹਟਿਆ ਹਰਜੀਤ ਸਿੰਘ 2018-19 ਵਿੱਚ ਆਲ ਇੰਡੀਆ ਪੁਲੀਸ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਦਾ ਹੈ।ਅਕੈਡਮੀ ਦੇ ਮਾਹੌਲ ਤੋਂ ਪ੍ਰੇਰਿਤ ਬਲਵੀਰ ਕੌਰ ਕਾਨੂੰਨ ਦੇ ਵਿਸ਼ੇ ਵਿੱਚ ਪੀਐਚ.ਡੀ. ਕਰ ਰਹੀ ਹੈ।ਪ੍ਰਿੰਸੀਪਲ ਸਾਹਿਬ ਦੁਆਰਾ ਜਗਾਏ ਦੀਪ ਨਾਲ ਬਹੁਤ ਸਾਰੇ ਪਰਿਵਾਰਾਂ ਵਿੱਚ ਆਸ ਦਾ ਇੱਕ ਨਵਾਂ ਦੀਪ ਜਗਣ ਲੱਗਿਆ।
ਇਸ ਸਮੇਂ ਦੌਰਾਨ ਚਕਰ ਦੇ ਹੈਰਾਨੀਜਨਕ ਨਤੀਜੇ ਆਉਣ ਲੱਗੇ।ਅਕੈਡਮੀ ਦੀ ਪਹਿਲੀ ਲੜਕੀ ਸ਼ਵਿੰਦਰ ਕੌਰ 2012 ਵਿੱਚ ਨੈਸ਼ਨਲ ਚੈਂਪੀਅਨ ਬਣਨ ਦੇ ਨਾਲ ਨਾਲ ਦੇਸ਼ ਦੀ ਬਿਹਤਰੀਨ ਮੁੱੱਕੇਬਾਜ਼ ਘੋਸ਼ਿਤ ਕੀਤੀ ਗਈ।ਅਮਨਦੀਪ ਕੌਰ ਲਵਲੀ ਆਪਣੀ ਦਮੇਂ ਦੀ ਬਿਮਾਰੀ ਉੱਤੇ ਕਾਬੂ ਪਾ ਕੇ ਵੈਟੀ ਵੇਟ ਵਿੱਚ ਕਈ ਵਾਰ ਨੈਸ਼ਨਲ ਚੈਂਪੀਅਨ ਬਣੀ।ਉਸ ਦੇ ਨਾਲ ਨਾਲ ਉਸ ਦੀ ਭੈਣ ਸਿਮਰਨਜੀਤ ਕੌਰ ਨੂੰ ਵੀ ਪ੍ਰੇਰਿਆ ਗਿਆ ਕਿ ਉਹ ਵੀ ਬਾਕਸਿੰਗ ਖੇਡਣ ਆਇਆ ਕਰੇ।ਪਰ ਉਸ ਦਾ ਸੁਪਨਾ ਇੱਕ ਅਧਿਆਪਕ ਬਣਨ ਦਾ ਸੀ।ਇਸ ਲਈ ਉਸ ਨੇ ਦਿਲਚਸਪੀ ਨਹੀਂ ਵਿਖਾਈ।ਪ੍ਰਿੰ. ਬਲਵੰਤ ਸਿੰਘ ਸੰਧੂ ਦੇ ਲਗਾਤਾਰ ਯਤਨਾਂ ਨਾਲ ਉਹ 2010 ਵਿੱਚ ਖੇਡ ਮੈਦਾਨ ਵਿੱਚ ਆੳੇੁਣ ਲਈ ਤਿਆਰ ਹੋ ਗਈ।ਉਹ ਜਦੋਂ ਵੀ ਕਦੇ ਖੇਡ ਛੱਡਣ ਦਾ ਮਨ ਬਣਾਉਂਦੀ ਤਾਂ ਪ੍ਰਿੰਸੀਪਲ ਉਸ ਨੂੰ ਪ੍ਰੇਰ ਕੇ ਫਿਰ ਖੇਡ ਮੈਦਾਨ ਵਿੱਚ ਲੈ ਆਉਂਦੇ।ਅਜਿਹਾ ਬਹੁਤ ਸਾਰੇ ਬੱਚਿਆਂ ਨਾਲ ਹੁੰਦਾ ਰਿਹਾ।ਪ੍ਰਿੰ. ਬਲਵੰਤ ਸਿੰਘ ਸੰਧੂ ਉਨ੍ਹਾਂ ਨੂੰ ਮੁੜ ਮੋੜ ਲਿਆਉਂਦੇ।
2013 ਵਿੱਚ ਸਿਮਰਨਜੀਤ ਕੌਰ ਨੇ ਬੁਲਗਾਰੀਆ ਵਿਖੇ ਹੋਈ ਯੂਥ ਵਿਮੈਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਚਕਰ ਬਾਕਸਿੰਗ ਦੀ ਅੰਤਰ ਰਾਸ਼ਟਰੀ ਪੱਧਰ ਤੇ ਹਾਜ਼ਰੀ ਲਗਵਾਈ।2015 ਵਿੱਚ ਮਨਦੀਪ ਕੌਰ ਸੰਧੂ ਜੂਨੀਅਰ ਬਾਕਸਿੰਗ ਵਿਸ਼ਵ ਚੈਂਪੀਅਨ ਬਣੀ ਅਤੇ ਏਸ਼ੀਆ ਦੀ ਬਿਹਤਰੀਨ ਮੁੱਕੇਬਾਜ਼ ਘੋਸ਼ਿਤ ਕੀਤੀ ਗਈ।2018 ਤੋਂ ਬਾਅਦ ਸਿਮਰਨਜੀਤ ਕੌਰ ਨੇ ਅੰਤਰ ਰਾਸ਼ਟਰੀ ਪੱਧਰ 'ਤੇ ਅਨੇਕਾਂ ਪ੍ਰਾਪਤੀਆਂ ਕੀਤੀਆਂ।ਇਨ੍ਹਾਂ ਪ੍ਰਾਪਤੀਆਂ ਸਦਕਾ ਉਸਦੀ ਚੋਣ 'ਟੋਕੀਓ ਉਲੰਪਿਕ-2020' ਲਈ ਹੋਈ।ਸਿਮਰਨਜੀਤ ਕੌਰ ਨੇ ਬਾਅਦ ਵਿੱਚ 'ਟੋਕੀਓ-ਉਲੰਪਿਕ-2020' ਵਿੱਚ ਹਿੱਸਾ ਲੈ ਕੇ ਪੰਜਾਬ ਦੀ ਪਹਿਲੀ ਉਲੰਪੀਅਨ ਮੁੱਕੇਬਾਜ਼ ਹੋਣ ਦਾ ਇਤਿਹਾਸ ਸਿਰਜਿਆ।ਭਾਵੇਂ ਉਹ ਕੋਈ ਤਗ਼ਮਾ ਤਾਂ ਨਹੀਂ ਜਿੱਤ ਸਕੀ ਪਰ ਸਿਮਰਨਜੀਤ ਨੇ 'ਅਰਜਨਾ ਐਵਾਰਡ' ਜਿੱਤ ਕੇ ਚਕਰ ਦੀ ਉਸ ਪ੍ਰਤਿਭਾ ਉੱਤੇ ਮੋਹਰ ਲਾ ਦਿੱਤੀ, ਜਿਸ ਨੂੰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਤਲਾਸ਼ਣਾ ਤੇ ਤਰਾਸ਼ਣਾ ਸ਼ੁਰੂ ਕੀਤਾ ਸੀ।ਇਸ ਤਰ੍ਹਾਂ ਚਕਰ ਦੀਆਂ ਪ੍ਰਾਪਤੀਆਂ ਦੀ ਲੜੀ ਬਹੁਤ ਲੰਮੀ ਹੈ।ਬਹੁਤ ਸਾਰੇ ਬੱਚੇ ਵੱਖ ਵੱਖ ਮਹਿਕਮਿਆਂ ਵਿੱਚ ਨੌਕਰੀਆਂ 'ਤੇ ਚਲੇ ਗਏ ਹਨ।
ਪ੍ਰਿੰ. ਬਲਵੰਤ ਸਿੰਘ ਸੰਧੂ 2018 ਅਤੇ 2019 ਵਿੱਚ ਨਿੱਜੀ ਰੁਝੇਵਿਆਂ ਕਾਰਨ ਪਿੰਡ ਦੇ ਖੇਡ ਸਭਿਆਚਾਰ ਤੋਂ ਵੱਖ ਹੋ ਗਏ।ਇਸੇ ਦਰਮਿਆਨ 'ਸ਼ੇਰ-ਏ-ਪੰਜਾਬ ਸਪਰੋਟਸ ਅਕੈਡਮੀ' ਵੀ ਇੱਕ ਨਿੱਜੀ ਥਾਂ ਵਿੱਚ ਤਬਦੀਲ ਹੋ ਗਈ।ਬਹੁਤ ਸਾਰੇ ਬੱਚੇ ਸਾਂਝੇ ਥਾਂ 'ਤੇ ਹੀ ਖੇਡਣਾ ਚਾਹੁੰਦੇ ਸਨ।ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮੰਗ 'ਤੇ ਪ੍ਰਿੰ. ਬਲਵੰਤ ਸਿੰਘ ਸੰਧੂ ਇੱਕ ਵਾਰ ਫਿਰ ਖਿਡਾਰੀਆਂ ਦੀ ਪੁਰਾਣੀ ਫ਼ਸਲ ਨੂੰ ਸਾਂਭਣ ਅਤੇ ਨਵੀਂ ਪਨੀਰੀ ਨੂੰ ਤਿਆਰ ਕਰਨ ਲਈ ਹੰਭਲਾ ਮਾਰਨ ਲੱਗੇ ਹਨ।ਉਨ੍ਹਾਂ ਦੀ ਇਸ ਖੇਡ ਕਹਾਣੀ ਵਿੱਚ ਨਵਾਂ ਅਧਿਆਇ ਇਹ ਜੁੜਿਆ ਕਿ ਉਨ੍ਹਾਂ ਨੇ ਪੰਜਾਬ ਦੇ ਖੇਡ ਸਭਿਆਚਾਰ ਨੂੰ ਹੋਰ ਹੁਲਾਰਾ ਦੇਣ ਲਈ ਆਪਣੇ ਹਮਖਿਆਲੀਆਂ ਸ. ਸਵਰਨ ਸਿੰਘ ਤਲਵਾੜਾ ਅਤੇ ਸ. ਜਗਰੂਪ ਸਿੰਘ ਜਰਖੜ ਨਾਲ ਰਲ ਕੇ '5ਜੈਬ ਫਾਊਂਡੇਸ਼ਨ' ਖੜ੍ਹੀ ਕੀਤੀ।ਇਸ ਫਾਊਂਡੇਸ਼ਨ ਅਧੀਨ '5ਜੈਬ ਬਾਕਸਿੰਗ ਅਕੈਡਮੀ' ਦੇ ਬੈਨਰ ਹੇਠ ਚਕਰ ਤੋਂ ਬਿਨਾਂ ਜਰਖੜ (ਲੁਧਿਆਣਾ) ਅਤੇ ਤਲਵਾੜਾ (ਕਪੂਰਥਲਾ) ਵਿਖੇ ਦੋ ਹੋਰ ਬਾਕਸਿੰਗ ਅਕੈਡਮੀਆਂ ਦੀ ਸ਼ੁਰੂਆਤ ਕੀਤੀ ਗਈ।ਭਵਿੱਖ ਵਿੱਚ ਸੰਭਾਵਨਾ ਹੈ ਕਿ ਇਨ੍ਹਾਂ ਬਾਕਸਿੰਗ ਅਕੈਡਮੀਆਂ ਵਿੱਚੋਂ ਹੋਰ ਵੀ ਚੰਗੇ ਨਤੀਜੇ ਨਿਕਲਣਗੇ।ਜੇ ਅਜਿਹੇ ਸ਼ੌਕ ਰੱਖਣ ਵਾਲੇ ਇਨਸਾਨਾਂ ਦੀ ਸਰਕਾਰ ਬਾਂਹ ਫੜ ਲਵੇ ਤਾਂ ਬਹੁਤ ਸਾਰੇ ਖੇਤਰਾਂ ਵਿੱਚ ਪੰਜਾਬ ਦੇ ਨਤੀਜੇ ਸੋਨੇ 'ਤੇ ਸੁਹਾਗੇ ਵਾਲੇ ਹੋਣਗੇ।
-ਜਗਰੂਪ ਸਿੰਘ ਜਰਖੜ
ਖੇਡ ਲੇਖਕ