ਡਿਪਟੀ ਕਮਿਸ਼ਨਰ ਵੱਲੋਂ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਹੈੱਲਪਲਾਈਨ ਨੰਬਰ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੈਲਪਲਾਈਨ ਨੰਬਰ ’ਤੇ ਬੱਚਿਆਂ ਦੀ ਕਾਊਂਸਲਿੰਗ, ਬੇਸਹਾਰਾ ਬੱਚਿਆਂ ਦੇ ਰਹਿਣ ਅਤੇ ਦੇਖਭਾਲ ਸਬੰਧੀ ਕੀਤੀ ਜਾਵੇਗੀ ਮੱਦਦ
ਨਵਾਂਸ਼ਹਿਰ: ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫ਼ਿਊ ਅਤੇ ਲਾਕਡਾਊਨ ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਮਹਿਲਾ ਤੇ ਬਾਲ ਵਿਕਾਸ ਵਿਭਾਗ ਸਲਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਹੈੱਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫ਼ਿਊ ਤੇ ਲਾਕਡਾਊਨ ਦੌਰਾਨ ਜੇਕਰ ਕਿਸੇ ਵੀ ਬੱਚੇ ਦੇ ਸਬੰਧ ਵਿੱਚ ਕੋਈ ਵੀ ਸੂਚਨਾ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਸਿੱਧੇ ਤੌਰ ’ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਨਾਲ ਉਨ੍ਹਾਂ ਦੇ ਮੋਬਾਇਲ ਨੰ 83607-17091 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੌਰਾਨ ਕਈ ਬੱਚਿਆਂ ਨੂੰ ਸਿੱਖਿਆ, ਸੁਰੱਖਿਆ, ਦੇਖਭਾਲ, ਘਰੇਲੂ ਹਿੰਸਾ ਦੌਰਾਨ ਮਾਨਸਿਕ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜਾਰੀ ਹੈਲਪਲਾਈਨ ਨੰਬਰ ’ਤੇ ਬੱਚਿਆਂ ਦੀ ਕਾਊਂਸਲਿੰਗ, ਬੇਸਹਾਰਾ ਬੱਚਿਆਂ ਦੇ ਰਹਿਣ ਅਤੇ ਦੇਖਭਾਲ ਸਬੰਧੀ ਮੱਦਦ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਨੇ ਇਸ ਮੌਕੇ ਕਿਹਾ ਕਿ ਬੱਚਿਆਂ ਨਾਲ ਹੋ ਰਹੇ ਬਾਲ ਸੋਸ਼ਣ ਸਬੰਧੀ ਕੋਈ ਵੀ ਸੂਚਨਾ ਜਾਂ ਸ਼ਿਕਾਇਤ ਤੁਰੰਤ ਇਨ੍ਹਾਂ ਨੰਬਰਾਂ ’ਤੇ ਦਰਜ ਕਰਵਾਈ ਜਾਵੇ ਤਾਂ ਜੋ ਇਸ ਕੋਵਿਡ-19 ਮਹਾਂਮਾਰੀ ਦੌਰਾਨ ਬੱਚਿਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕਰਨਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਕਰਤਾ ਬਾਲ ਹੈਲਪਲਾਈਨ ’ਤੇ ਕੋਈ ਸੂਚਨਾ ਦਿੰਦਾ ਹੈ ਤਾਂ ਉਸਦੀ ਸੂਚਨਾ ਅਤੇ ਹੋਰ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜੇਕਰ ਕੋਈ ਬੱਚਾ ਲਾਵਾਰਿਸ ਜਾਂ ਬੇਸਹਾਰਾ ਮਿਲਦਾ ਹੈ ਤਾਂ ਹੈਲਪਲਾਈਨ ਨੰਬਰ ਬਾਲ ਸੁਰੱਖਿਆ ( ਆਈ ਸੀ) ਅਫ਼ਸਰ 98772-45768, ਲੀਗਲ ਅਫ਼ਸਰ 97794-71804, ਬਾਲ ਸੁਰੱਖਿਆ ਅਫ਼ਸਰ 97794-55125 ਅਤੇ ਚਾਇਲਡ ਹੈੱਲਪਲਾਈਨ 1098 ’ਤੇ ਵੀ ਸੰਪਰਕ ਕਰਕੇ ਤੁਰੰਤ ਸੂਚਨਾ ਦਿੱਤੀ ਜਾਵੇ। ਉਕਤ ਹੈਲਪਲਾਈਨ ਨੰਬਰਾਂ ’ਤੇ ਬੱਚਿਆਂ ਦੀ ਕਾੳੂਂਸਲਿੰਗ, ਕਾਨੂੰਨੀ ਸਲਾਹ, ਸਿੱਖਿਆ ਸਬੰਧੀ ਜਾਂ ਕੋਈ ਵੀ ਪ੍ਰੇਸ਼ਾਨੀ ਬਾਰੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੀ ਮੌਜੂਦ ਸਨ।