ਪੰਜਾਬ ਹੋਮ ਗਾਰਡਜ਼ ਦੇ ਕਮਾਂਡੈਂਟ ਜਨਰਲ ਅਤੇ ਡਾਇਰੈਕਟਰ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ ਵੱਲੋਂ ਕੋਵਿਡ ਡਿਊਟੀ ’ਤੇ ਤਾਇਨਾਤ ਹੋਮ ਗਾਰਡ ਜੁਆਨਾਂ ਦੀ ਹੌਂਸਲਾ ਅਫ਼ਜ਼ਾਈ
ਘੁੰਮਣ ਨਵਾਂਸ਼ਹਿਰ ਤੋਂ ਇਲਾਵਾ ਮੋਹਾਲੀ, ਰੂਪਨਗਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ’ਚ ਕੋਵਿਡ-19 ਕਰਫ਼ਿਊ ਡਿਊਟੀ ਅਤੇ ਹੋਰ ਥਾਂਵਾਂ ’ਤੇ ਤਾਇਨਾਤ ਜੁਆਨਾਂ ਦੀਆਂ ਮੁਸ਼ਕਿਲਾਂ ਜਾਣਨ ਆਏ ਸਨ

ਨਵਾਂਸ਼ਹਿਰ: ਪੰਜਾਬ ਹੋਮ ਗਾਰਡਜ਼ ਦੇ ਕਮਾਂਡੈਂਟ ਜਰਨਲ ਅਤੇ ਡਾਇਰੈਕਟਰ ਸਿਵਲ ਡਿਫ਼ੈਂਸ ਪੰਜਾਬ ਕੁਲਤਾਰਨ ਸਿੰਘ ਘੁੰਮਣ ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਕੋਵਿਡ-19 ਡਿਊਟੀ ’ਤੇ ਤਾਇਨਾਤ ਹੋਮ ਗਾਰਡ ਜੁਆਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।
ਉਨ੍ਹਾਂ ਇਸ ਮੌਕੇ ਜ਼ਿਲ੍ਹਾ ਹਸਪਤਾਲਾ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਤਾਇਨਾਤ ਹੋਮ ਗਾਰਡ ਜੁਆਨਾਂ ਦੀ ਡਿਊਟੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੂੰ ਐਮ ਐਲ ਏ ਅੰਗਦ ਸਿੰਘ ਵੱਲੋਂ ਕੈਸ਼ ਐਵਾਰਡ ਦੀ ਵੰਡ ਵੀ ਕੀਤੀ।
ਸ੍ਰੀ ਘੁੰਮਣ ਜੋ ਕਿ ਅੱਜ ਨਵਾਂਸ਼ਹਿਰ ਤੋਂ ਇਲਾਵਾ ਮੋਹਾਲੀ, ਰੂਪਨਗਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ’ਚ ਕੋਵਿਡ-19 ਕਰਫ਼ਿਊ ਡਿਊਟੀ ਅਤੇ ਹੋਰ ਥਾਂਵਾਂ ’ਤੇ ਤਾਇਨਾਤ ਜੁਆਨਾਂ ਦੀਆਂ ਮੁਸ਼ਕਿਲਾਂ ਜਾਣਨ ਆਏ ਸਨ, ਨੇ ਪਿਛਲੇ ਦਿਨੀਂ ਨੂਰਮਹਿਲ ’ਚ ਡਿਊਟੀ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਸੁੱਟੇ ਪੈਟਰੋਲ ਬੰਬ ਨਾਲ ਝੁਲਸੇ ਹੋਮ ਗਾਰਡ ਜੁਆਨ ਰਛਪਾਲ ਸਿੰਘ ਦਾ ਉਸ ਦੇ ਪਿੰਡ ਫ਼ਰਵਾਲਾ (ਨੂਰਮਹਿਲ) ਪੁੱਜ ਕੇ ਹਾਲ ਵੀ ਜਾਣਿਆ ਅਤੇ ਉਸ ਵੱਲੋਂ ਦਿਖਾਈ ਬਹਾਦਰੀ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਦੇ ਨਵਾਂਸ਼ਹਿਰ ਦੌਰੇ ਮੌਕੇ ਚਰਨਜੀਤ ਸਿੰਘ ਡਵੀਜ਼ਨਲ ਕਮਾਂਡੈਂਟ ਜਲੰਧਰ ਡਵੀਜ਼ਨ, ਸੋਹਣ ਸਿੰਘ ਮਿਸਰਾ ਜ਼ਿਲ੍ਹਾ ਕਮਾਂਡਰ ਜਲੰਧਰ, ਡਾ. ਅਜੇਪਾਲ ਸਿੰਘ ਜ਼ਿਲ੍ਹਾ ਕਮਾਂਡਰ ਰੂਪਨਗਰ, ਕੈਪਟਨ ਗਗਨਪ੍ਰੀਤ ਸਿੰਘ ਢਿੱਲੋਂ ਜ਼ਿਲ੍ਹਾ ਕਮਾਂਡਰ ਹੁਸ਼ਿਆਰਪੁਰ ਵੀ ਮੌਜੂਦ ਸਨ।
ਨਵਾਂਸ਼ਹਿਰ ਹਸਪਤਾਲ ਵਿਖੇ ਉਨ੍ਹਾਂ ਨੇ ਵਿਧਾਇਕ ਅੰਗਦ ਸਿੰਘ ਵੱਲੋਂ ਕੋਵਿਡ-19 ਦੌਰਾਨ ਡਿਊਟੀ ਕਰਨ ਵਾਲੇ ਸਿਹਤ ਕਰਮੀਆਂ ਅਤੇ ਹੋਮ ਗਾਰਡ ਜੁਆਨਾਂ ਦੀ ਕੈਸ਼ ਇਨਾਮਾਂ ਨਾਲ ਹੌਂਸਲਾ ਅਫ਼ਜ਼ਾਈ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਪਾਸੋਂ ਜ਼ਿਲ੍ਹੇ ’ਚ ਕੋਵਿਡ-19 ਦੇ ਮਾਮਲਿਆਂ ਬਾਅਦ ਦੀ ਹਾਲਤ ਦਾ ਜਾਇਜ਼ਾ ਵੀ ਲਿਆ।
ਫ਼ੋਟੋ ਕੈਪਸ਼ਨ: 17.04.2020 ਕਮਾਡੈਂਟ ਜਨਰਲ ਕੇ ਐਸ ਘੁੰਮਣ 02: ਪੰਜਾਬ ਹੋਮ ਗਾਰਡਜ਼ ਦੇ ਕਮਾਂਡੈਂਟ ਜਨਰਲ ਅਤੇ ਡਾਇਰੈਕਟਰ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਡਿਊਟੀ ’ਤੇ ਤਾਇਨਾਤ ਹੋਮ ਗਾਰਡ ਜੁਆਨ ਨੂੰ ਕੈਸ਼ ਇਨਾਮ ਨਾਲ ਸਨਮਾਨਿਤ ਕਰਦੇ ਹੋਏ। ਨਾਲ ਐਮ ਐਲ ਏ ਅੰਗਦ ਸਿੰਘ, ਡੀ ਸੀ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਵੀ ਨਜ਼ਰ ਆ ਰਹੇ ਹਨ।
17.04.2020 ਕਮਾਡੈਂਟ ਜਨਰਲ ਕੇ ਐਸ ਘੁੰਮਣ 02: ਦੂਸਰੀ ਤਸਵੀਰ ’ਚ ਪੰਜਾਬ ਹੋਮ ਗਾਰਡਜ਼ ਦੇ ਕਮਾਂਡੈਂਟ ਜਨਰਲ ਅਤੇ ਡਾਇਰੈਕਟਰ ਸਿਵਲ ਡਿਫੈਂਸ ਕੁਲਤਾਰਨ ਸਿੰਘ ਘੁੰਮਣ ਪੈਟਰੋਲ ਬੰਬ ਨਾਲ ਝੁਲਸੇ ਹੋਮ ਗਾਰਡ ਜੁਆਨ ਰਛਪਾਲ ਸਿੰਘ ਦਾ ਉਸ ਦੇ ਪਿੰਡ ਫ਼ਰਵਾਲਾ (ਨੂਰਮਹਿਲ) ਵਿਖੇ ਹਾਲ-ਚਾਲ ਪੁੱਛਦੇ ਹੋਏ।