ਕੋਵਿਡ-19: ਮਕਾਨ/ਵਿਹੜੇ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਤੋਂ ਇੱਕ ਮਹੀਨਾ ਕਿਰਾਇਆ ਨਾ ਮੰਗਿਆ ਜਾਵੇ-ਜ਼ਿਲ੍ਹਾ ਮੈਜਿਸਟ੍ਰੇਟ
ਉਲੰਘਣਾ ਕਰਨ 'ਤੇ ਮਕਾਨ/ਵਿਹੜੇ ਦੇ ਮਾਲਕ ਹੋਵੇਗਾ ਜੁਰਮਾਨਾ ਅਤੇ ਸਜ਼ਾ
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਕੁਝ ਸਨਅਤੀ ਅਦਾਰੇ ਬੰਦ ਕੀਤੇ ਗਏ ਹਨ ਅਤੇ ਇਥੇ ਕੰਮ ਕਰਨ ਵਾਲੇ ਵਰਕਰਾਂ/ਮਜ਼ਦੂਰਾਂ/ਕਰਮਚਾਰੀਆਂ ਨੇ ਕੰਮ ਛੱਡ ਕੇ ਆਪਣੇ ਸੂਬਿਆਂ ਨੂੰ ਵਾਪਸੀ ਆਰੰਭ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਉਹ ਪੈਦਲ ਹੀ ਆਪਣੇ ਇਲਾਕਿਆਂ ਨੂੰ ਤੁਰ ਪਏ ਹਨ, ਜੋ ਕਿ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਇਸ ਸੰਬੰਧੀ ਅਜਿਹੇ ਵਿਅਕਤੀਆਂ ਨੂੰ ਰਾਹਤ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ 2005 ਅਧੀਨ ਹੁਕਮ ਜਾਰੀ ਕੀਤਾ ਹੈ ਕਿ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਅਜਿਹੇ ਵਰਕਰਾਂ/ਮਜ਼ਦੂਰਾਂ/ਕਰਮਚਾਰੀਆਂ ਤੋਂ ਉਨ੍ਹਾਂ ਦੇ ਮਕਾਨ/ਵਿਹੜੇ ਦੇ ਮਾਲਕ ਕਿਰਾਏ ਆਦਿ ਦੀ ਮੰਗ ਨਾ ਕਰਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਤਰ੍ਹਾਂ ਆਪਣੇ ਇਲਾਕਿਆਂ ਨੂੰ ਤੁਰ ਕੇ ਜਾਣ ਨਾਲ ਇਹਨਾਂ ਵਿਅਕਤੀਆਂ ਨੂੰ ਨੋਵੇਲ ਕੋਰੋਨਾ ਵਾਇਰਸ ਹੋਣ ਦਾ ਡਰ ਪੈਦਾ ਹੋ ਸਕਦਾ ਹੈ। ਇਸ ਲਈ ਇਹਨਾਂ ਨੂੰ ਇਥੇ ਆਪਣੇ ਮਕਾਨਾਂ/ਵਿਹੜਿਆਂ ਵਿੱਚ ਹੀ ਰਹਿਣਾ ਚਾਹੀਦਾ ਹੈ। ਜਿਸ ਲਈ ਉਨ੍ਹਾਂ ਦੇ ਮਾਲਕ ਉਨ੍ਹਾਂ ਤੋਂ ਇੱਕ ਮਹੀਨਾ ਕਿਰਾਏ ਦੀ ਮੰਗ ਨਹੀਂ ਕਰ ਸਕਣਗੇ। ਜੇਕਰ ਕੋਈ ਮਾਲਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਭਾਰੀ ਜੁਰਮਾਨਾ ਜਾਂ ਸਜ਼ਾ ਜਾਂ ਦੋਵੇਂ ਵੀ ਹੋ ਸਕਦੇ ਹਨ। ਜੇਕਰ ਕਿਸੇ ਮਕਾਨ/ਵਿਹੜਾ ਮਾਲਕ ਵੱਲੋਂ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ 01612401347, 2402347 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਇਨ੍ਹਾਂ ਦੇ ਰਹਿਣ ਅਤੇ ਭੋਜਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਵੱਖ-ਵੱਖ ਸੰਸਥਾਵਾਂ ਆਦਿ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਸੁੱਕਾ ਅਤੇ ਤਿਆਰ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਵੇਂ ਨਾ ਕਿਵੇਂ ਇਨ੍ਹਾਂ ਨੂੰ ਇਨ੍ਹਾਂ ਦੀਆਂ ਫੈਕਟਰੀਆਂ ਵਿੱਚ ਰੱਖਿਆ ਜਾ ਸਕੇ ਤਾਂ ਜੋ ਇਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੌਕਡਾਊਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਲਾਖ਼ਾਂ ਪਿੱਛੇ ਰੱਖਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਚਾਰ ਖੁੱਲ੍ਹੀਆਂ ਜੇਲ੍ਹਾਂ (ਓਪਨ ਜੇਲ੍ਹਾਂ) ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਵਿੱਚ ਨਿਊ ਐੱਸ. ਡੀ. ਸਕੂਲ 33 ਫੁੱਟਾ ਬਹਾਦਰਕੇ ਰੋਡ ਲੁਧਿਆਣਾ, ਇੰਡੋਰ ਸਟੇਡੀਅਮ ਪੱਖੋਵਾਲ ਰੋਡ ਲੁਧਿਆਣਾ, ਗੁਰੂ ਨਾਨਕ ਸਟੇਡੀਅਮ ਲੁਧਿਆਣਾ, ਬਾਲਮੀਕ ਭਵਨ ਮੋਤੀ ਨਗਰ ਲੁਧਿਆਣਾ ਸ਼ਾਮਿਲ ਹਨ। ਇਨ੍ਹਾਂ ਚਾਰਾਂ ਜੇਲ੍ਹਾਂ ਦਾ ਓਵਰਆਲ ਇੰਚਾਰਜ ਕੇਂਦਰੀ ਜੇਲ੍ਹ ਲੁਧਿਆਣਾ ਦੇ ਸੁਪਰਡੈਂਟ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪੱਧਰ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਸਹਾਇਕ ਸੁਪਰਡੈਂਟ ਜੇਲ੍ਹ ਤਾਇਨਾਤ ਕੀਤਾ ਗਿਆ ਹੈ।