ਪਰਾਲੀ ਨੂੰ ਅੱਗ ਨਾ ਲਾਈਏ ਵਾਤਾਵਰਣ ਨੂੰ ਗੰਧਲਾ ਹੋਣੋਂ ਬਚਾਈਏ

ਪਰਾਲੀ ਨੂੰ ਅੱਗ ਨਾ ਲਾਈਏ ਵਾਤਾਵਰਣ ਨੂੰ ਗੰਧਲਾ ਹੋਣੋਂ ਬਚਾਈਏ

ਮਾਲੇਰਕੋਟਲਾ 16 ਨਵੰਬਰ , 2024: ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨ ਪੂਰੀ ਤਰ੍ਹਾਂ ਸੁਚੇਤ ਹੋ ਗਏ ਹਨ, ਜਿਸ ਦੀ ਮਿਸਾਲ ਮਾਲੇਰਕੋਟਲਾ ਜ਼ਿਲ੍ਹੇ ਦੀ ਸਬ ਡਵੀਜਨ ਅਹਿਮਦਗੜ੍ਹ ਦੇ ਪਿੰਡ ਨਾਰੋਮਾਜਰਾ ਦੇ ਪੜ੍ਹੇ ਲਿਖੇ ਕਿਸਾਨ ਸਤਵੀਰ ਸਿੰਘ ਹੈ, ਜੋ ਆਪਣੀ 55 ਏਕੜ ਜ਼ਮੀਨ ਵਿੱਚ ਬਿਨ੍ਹਾਂ ਅੱਗ ਲਗਾਏ ਪਰਾਲੀ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਫਸਲੀ ਵਿਭਿੰਨਤਾ ਅਪਨਾਕੇ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਕੇ ਉਭਰਿਆ ਹੈ। 

ਆਪਣਾ ਖੇਤੀ ਤਜਰਬਾ ਸਾਂਝਾ ਕਰਦਿਆਂ ਅਗਾਂਹਵਧੂ ਕਿਸਾਨ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਰਵਾਇਤੀ ਫਸਲੀ ਚੱਕਰ ਵਿੱਚ ਨਿਕਲਣ ਦੇ ਨਾਲ ਫਸਲੀ ਵਿਭਿੰਨਤਾ ਅਪਨਾਕੇ  ਖੇਤੀ ਨੂੰ ਲਾਹੇਵੰਦ ਧੰਦੇ ਦੇ ਤੌਰ ਤੇ ਵਿਕਸਿਤ ਕਰਕੇ ਆਪਣੀ ਆਰਥਿਕ ਸਿਹਤ ਦਾ ਸੁਧਾਰ ਕਰ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਕਰੀਬ 15 ਏਕੜ ਆਲੂ ਅਤੇ ਆਲੂਆਂ ਦੀ ਪਟਾਈ ਤੋਂ ਬਾਅਦ ਮੱਕੀ ਬੀਜਦਾ ਹੈ।ਉਹ ਖੁਦ ਮੱਕੀ ਦਾ ਆਚਾਰ ਤਿਆਰ ਕਰਦਾ ਹੈ ਅਤੇ ਨਾਲ 35 ਗਾਵਾਂ ਦਾ ਡੇਅਰੀ ਫਾਰਮ ਚਲਾ ਰਿਹਾ ਹੈ। ਇਨ੍ਹਾਂ ਗਾਵਾਂ ਲਈ ਚਾਰਾ ਅਤੇ ਅਚਾਰ ਖੁਦ ਹੀ ਤਿਆਰ ਕਰਦਾ ਹੈ, ਜਿਸ ਨਾਲ ਦੁੱਧ ਦੀ ਪ੍ਰੋਡਕਸ਼ਨ ਆਮ ਫੀਡਾਂ ਦੇ ਮੁਕਾਬਲੇ ਜਿਆਦਾ ਮਿਲ ਰਹੀ ਹੈ।

ਕਿਸਾਨ ਸਤਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ 50ਫੀਂਸਦੀ ਸਬਸਿਡੀ ਉੱਪਰ ਸੁਪਰ ਸੀਡਰ ਲਿਆ ਹੈ ਜਿਸ ਦੀ ਮਦਦ ਨਾਲ ਉਹ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਦੇ ਤਜਰਬਿਆਂ ਮੁਤਾਬਕ ਰਵਾਇਤੀ ਢੰਗ ਨਾਲ ਬੀਜੀ ਕਣਕ ਦੇ ਮੁਕਾਬਲੇ ਲਗਭਗ ਦੋ ਕੁਇੰਟਲ ਕਣਕ ਦੇ ਝਾੜ ਵਿੱਚ ਵਾਧਾ ਹੋਇਆ ਹੈ । ਕਿਸਾਨ ਆਪਣੇ ਖੇਤ ਦੀ ਪਰਾਲੀ ਨੂੰ ਆਪਣੇ ਖੇਤ ਵਿੱਚ ਮਿਲਾ ਕੇ ਮਿੱਟੀ ਦਾ ਉਪਜਾਊਪਣ ਵਿੱਚ ਵਾਧਾ ਕਰਦਾ ਹੈ  ਅਤੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਂਦਾ ਹੈ। ਕਿਸਾਨ ਦੇ ਮੁਤਾਬਿਕ ਉਹ  ਕਿਸਾਨ ਮਾਹਿਰਾਂ ਦੀ ਸਲਾਹ ਅਨੁਸਾਰ ਬਹੁਤ ਘੱਟ ਮਾਤਰਾ ਵਿੱਚ ਯੂਰੀਆ ਖਾਦ  ਜਾਂ ਬਾਹਰੋਂ ਬਾਜ਼ਾਰੋਂ ਮਿਲਣ ਵਾਲੀਆਂ ਖਾਦਾਂ ਦੀ ਵਰਤੋਂ ਕਰਦਾ ਹੈ, ਪਰਾਲੀ  ਬਹੁਤ ਜਿਆਦਾ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦੀ ਹੈ। ਜਦੋਂ ਇਸ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਾਂ ਤਾਂ ਉਹ ਸਾਰੇ ਤੱਤ ਮਿੱਟੀ ਵਿੱਚ ਮਿਲ ਕੇ ਮਿੱਟੀ ਦੇ ਉਪਜਾਊ ਪਣ ਵਿੱਚ ਵਾਧਾ ਕਰਦੇ ਹਨ ।  ਇਹ ਕਿਸਾਨ ਇੱਕ ਵਾਤਾਵਰਨ ਪ੍ਰੇਮੀ ਕਿਸਾਨ ਵੱਜੋਂ ਮਾਣ ਪ੍ਰਾਪਤ ਕਰਕੇ ਨੌਜਵਾਨ ਪੀੜੀ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ।

ਏ.ਡੀ.ਓ ਡਾ ਨਵਦੀਪ ਕੁਮਾਰ ਨੇ ਪਿੰਡ ਅਤੇ ਇਲਾਕੇ ਦੇ ਨੌਜਵਾਨ ਕਿਸਾਨਾਂ ਨੂੰ ਪਿੰਡ ਨਾਰੋਮਾਜਰਾ ਦੇ ਪੜ੍ਹੇ ਲਿਖੇ ਕਿਸਾਨ ਸਤਵੀਰ ਸਿੰਘ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੀ ਜਗ੍ਹਾ ਉਸ ਦੇ ਬਦਲਵੇਂ ਸਰੋਤਾਂ (ਖਾਦਾ) ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ । ਜਿਲ੍ਹੇ ਅੰਦਰ ਡੀ.ਏ.ਪੀ ਖਾਦ ਦੀ ਘੱਟ ਆਮਦ ਦੇ ਮੱਦੇਨਜਰ ਖੇਤੀਬਾੜੀ ਵਿਕਾਸ ਅਫਸਰ ਡਾ ਨਵਦੀਪ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਬਿਜਾਈ ਲਈ ਬਾਜਾਰ ਵਿਚ ਉਪਲਬਧ ਹੋਰਨਾਂ ਫਾਸਫੇਟਿਕ ਖਾਦਾਂ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਸਮੇਂ ਸਿਰ ਕਰਨ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਡੀ.ਏ.ਪੀ ਤੋਂ ਇਲਾਵਾ ਟ੍ਰਿਪਲ ਸੁਪਰ ਫਾਸਫੇਟ 46% ਖਾਦ ਦੀ ਸਪਲਾਈ ਕਣਕ ਦੀ ਬਿਜਾਈ ਵਾਸਤੇ ਕਰਵਾਈ ਜਾ ਰਹੀ ਹੈ। ਵਿਭਾਗ ਵੱਲੋਂ ਲਗਾਤਾਰ ਖਾਦ ਸਪਲਾਇਰ ਕੰਪਨੀਆਂ ਨਾਲ ਤਾਲਮੇਲ ਕਰਕੇ ਜਿਲ੍ਹੇ ਅੰਦਰ ਫਾਸਫੋਰਸ ਖਾਦ ਦੀ ਘਾਟ ਦੀ ਪੂਰਤੀ ਲਈ ਯਤਨ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ।