ਜ਼ਿਲ੍ਹੇ ਦੀਆਂ 11 ਮੰਡੀਆਂ ’ਚ ਖਰੀਦ ਕਾਰਜ ਸ਼ੁਰੂ
ਹੁਣ ਤੱਕ 1137 ਮੀਟਿ੍ਰਕ ਟਨ ਖਰੀਦ ਕੀਤੀ ਗਈ
ਨਵਾਂਸ਼ਹਿਰ: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ 11 ਮੰਡੀਅਆਂ ’ਚ ਆਮਦ ਹੋਣ ਬਾਅਦ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ’ਚੋਂ ਅੱਜ ਸ਼ਾਮ ਤੱਕ 1137 ਮੀਟਿ੍ਰਕ ਟਨ ਖਰੀਦ ਕੀਤੀ ਜਾ ਚੁੱਕੀ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਣਕ ਦੀ ਨਿਰਵਿਘਨ ਖਰੀਦ ਲਈ ਇੱਕ ਜ਼ਿਲ੍ਹਾ ਪੱਧਰੀ ਖਰੀਦ ਕੰਟਰੋਲ ਰੂਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਹੜਾ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਖਰੀਦ ਸਬੰਧੀ ਕੋਈ ਵੀ ਮੁਸ਼ਕਿਲ ਇਸ ਕੰਟਰੋਲ ਰੂਮ ਦੇ ਨੰਬਰਾਂ 01823-227478, 227479 ਅਤੇ 227480 ’ਤੇ ਦੱਸੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਨਵਾਂਸ਼ਹਿਰ, ਰਾਹੋਂ, ਬੰਗਾ, ਬਹਿਰਾਮ, ਸੂੰਢ ਮਕਸੂਦਪੁਰ, ਬਲਾਚੌਰ, ਕਾਠਗੜ੍ਹ, ਮਜਾਰੀ, ਮੋਹਰਾਂ, ਨਾਨੋਵਾਲ ਬੇਟ ਅਤੇ ਸਾਹਿਬਾਂ ਵਿਖੇ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 30 ਮੌਜੂਦਾ ਮੰਡੀਆਂ ਸਮੇਤ 21 ਆਰਜ਼ੀ ਖਰੀਦ ਕੇਂਦਰ ਕਾਇਮ ਕੀਤੇ ਗਏ ਹਨ ਤਾਂ ਜੋ ਕੋਵਿਡ ਦੇ ਮੱਦੇਨਜ਼ਰ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤਹਿਤ ਮੰਡੀਆਂ ’ਚ ਭੀੜ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ, ਜਿਣਸ ਢੇਰੀ ਕਰਨ ਲਈ ਬਲਾਕ ਬਣਵਾਏ ਗਏ ਹਨ, ਮਜ਼ਦੂਰਾਂ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਾਸੋਂ ਮਾਸਕ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਸੀਜ਼ਨ ਦੌਰਾਨ ਬਾਹਰੋਂ ਆਉਣ ਵਾਲੀ ਲੇਬਰ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਚੈਕਿੰਗ ਬਾਅਦ ਹੀ ਉਨ੍ਹਾਂ ਦੀ ਜ਼ਿਲ੍ਹੇ ’ਚ ਐਂਟਰੀ ਕਰਵਾਈ ਜਾ ਰਹੀ ਹੈ।