ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਯਕੀਨੀ ਬਣਾਏ ਜਾਣ-ਡਾ. ਸ਼ੇਨਾ ਅਗਰਵਾਲ

ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਯਕੀਨੀ ਬਣਾਏ ਜਾਣ-ਡਾ. ਸ਼ੇਨਾ ਅਗਰਵਾਲ
ਹੜਾਂ ਦੀ ਰੋਕਥਾਮ ਸੰਬਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ, ਜ਼ਿਲਾ ਮਾਲ ਅਫ਼ਸਰ ਵਿਪਿਨ ਭੰਡਾਰੀ ਤੇ ਹੋਰ। 

ਨਵਾਂਸ਼ਹਿਰ: ਬਰਸਾਤਾਂ ਦੇ ਸੀਜ਼ਨ ਦੌਰਾਨ ਹੜਾਂ ਦੀ ਕਿਸੇ ਵੀ ਹੰਗਾਮੀ  ਸਥਿਤੀ ਨਾਲ ਨਜਿੱਠਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅਧਿਕਾਰੀਆਂ ਨੂੰ ਜ਼ਿਲੇ ਵਿਚ ਸਾਰੇ ਹੜ ਰੋਕੂ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ। ਅੱਜ ਇਥੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਅਤੇ ਪਿੰਡਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਉਨਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ। 
    

ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ ਨੂੰ ਨਾਜ਼ੁਕ ਥਾਵਾਂ ਦੀ ਮਜ਼ਬੂਤੀ ਦੇ ਨਾਲ-ਨਾਲ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਦੇ ਰਹਿੰਦੇ ਕੰਮ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੇ ਵਹਾਅ ਵਿਚ ਕੋਈ ਅੜਚਣ ਨਾ ਪੈਦਾ ਹੋਵੇ। ਇਸੇ ਤਰਾਂ ਉਨਾਂ ਸੀਵਰੇਜਾਂ ਦੀ ਸਫ਼ਾਈ ਅਤੇ ਇਨਾਂ ਦੀ ਬਲਾਕੇਜ ਦੂਰ ਕਰਨ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਬਰਸਾਤਾਂ ਦੌਰਾਨ ਸੰਚਾਰ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਕੰਟਰੋਲ ਰੂਮ ਚਾਲੂ ਹਾਲਤ ਵਿਚ ਰੱਖਿਆ ਜਾਵੇ। ਉਨਾਂ ਪੁਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ  ਦੇ ਚਾਰੇ ਅਤੇ ਦਵਾਈਆਂ ਲਈ ਪ੍ਰਬੰਧ ਕਰਨ, ਪਾਵਰਕਾਮ ਨੂੰ ਰਾਹਤ ਕੈਪਾਂ ਵਿਚ ਬਿਜਲੀ ਸਪਲਾਈ  ਯਕੀਨੀ ਬਣਾਉਣ, ਖੁਰਾਕ ਤੇ ਸਿਵਲ ਸਪਲਾਈ ਵਿਭਾਗ  ਨੂੰ ਹੜਾਂ ਤੋ ਪ੍ਰਭਾਵਿਤ ਲੋਕਾਂ ਦੀ ਜਰੂਰਤ ਲਈ ਲੋੜ ਅਨੁਸਾਰ  ਕੈਰੋਸੀਨ, ਡੀਜ਼ਲ, ਪੈਟਰੋਲ, ਤਰਪਾਲਾਂ, ਰਾਸ਼ਨ ਅਤੇ ਹੋਰ ਖਾਣ-ਪੀਣ ਦੀਆ ਵਸਤੂਆਂ, ਸਿਹਤ ਵਿਭਾਗ ਵੱਲੋ ਹੜ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਪਾਂ ਲਈ ਦਵਾਈਆਂ ਅਤੇ ਮੈਡੀਕਲ ਟੀਮਾਂ  ਦਾ ਢੁਕਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨਾਂ ਕਿਸ਼ਤੀਆਂ, ਤੈਰਾਕਾਂ, ਗੋਤਾਖੋਰਾਂ, ਚੱਪੂ, ਲਾਈਫ ਜੈਕਟਾਂ, ਬੋਰੇ, ਰੱਸੀਆਂ, ਬਾਂਸ, ਪੰਪਿੰਗ ਸੈੱਟਾਂ ਆਦਿ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨਾਂ ਹੜ ਰੋਕੂ ਪ੍ਰਬੰਧਾਂ ਨਾਲ ਸਬੰਧਤ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਾਊਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਕੇ ਰੱਖਣ, ਤਾਂ ਜੋ ਮੌਕੇ ’ਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਵਿਚ ਕੋਈ ਕਠਿਨਾਈ ਪੇਸ਼ ਨਾ ਆਵੇ। ਇਸ ਮੌਕੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲਾ ਮਾਲ ਅਫ਼ਸਰ ਵਿਪਿਨ ਭੰਡਾਰੀ, ਡੀ. ਐਸ. ਪੀ ਨਵਨੀਤ ਕੌਰ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।