ਨਸ਼ਾ ਮੁਕਤ ਸਮਾਜ ਸਿਰਜਣ ਲਈ ਮਾਲੇਰਕੋਟਲਾ ਪੁਲਿਸ ਵੱਲੋਂ ਨਿਵੇਕਲੀ ਪਹਿਲ, ਨਸ਼ੇ ਦੀ ਦਲਦਲ ਵਿੱਚ ਫਸੇ ਜ਼ਿਲ੍ਹੇ ਭਰ ਦੇ ਨੌਜਵਾਨਾਂ ਦੀ ਨਿਗਰਾਨੀ ਅਤੇ ਕੌਂਸਲਿੰਗ ਲਈ ਲਗਾਏ 161 ਮੁਲਾਜ਼ਮ – ਜਤਿਨ ਬਾਂਸਲ
ਅਮਰਗੜ੍ਹ/ਮਾਲੇਰਕੋਟਲਾ, 1 ਨਵੰਬਰ, 2023: ਪੰਜਾਬ, ਗੁਰੂਆਂ, ਪੀਰਾਂ, ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਹੈ, ਇਸ ਲਈ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਨਹੀਂ ਬਣਨ ਦਿੱਤਾ ਜਾਵੇਗਾ। ਨਸ਼ਾ ਮੁਕਤ ਪੰਜਾਬ ਬਣਾਉਣਾ ਸਾਡਾ ਮੁੱਖ ਮਨੋਰਥ ਹੈ ਪਰੰਤੂ ਇਸ ਨੂੰ ਕਾਮਯਾਬ ਕਰਨ ਲਈ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਜ਼ਰੂਰ ਮਿਲਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐਸ.ਪੀ ਅਮਰਗੜ੍ਹ ਜਤਿਨ ਬਾਂਸਲ ਨੇ ਪੰਜਾਬ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬ ਡਵੀਜ਼ਨ ਅਮਰਗੜ੍ਹ ਦੇ ਪਿੰਡ ਅਲੀਪੁਰ ਵਿਖੇ ਆਯੋਜਿਤ ‘ਜਨ ਸੁਣਵਾਈ ਕੈਂਪਾਂ’ ਦੌਰਾਨ ਕੀਤੇ ।
ਜਨ ਸੁਣਵਾਈ ਕੈਂਪਾਂ’ ਦੌਰਾਨ ਪਿੰਡ ਨਿਵਾਸੀਆਂ ਨਾਲ ਗੱਲਬਾਤ ਕਰਦਿਆ ਬਾਂਸਲ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕਰਨ ਵਾਲਾ ਅਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਚਲਾਉਣ ਵਾਲਾ ਦੇ ਬਰਾਬਰ ਸਮਾਜ ਵਿਰੋਧੀ ਅਨਸਰਾਂ ਦੀ ਸ਼ਰੇਣੀ ਵਿੱਚ ਆਉਂਦੇ ਹੈ ।ਇਨ੍ਹਾਂ ਦਾ ਸਾਥ ਦੇਣ ਵਾਲਾ ਉਨਾਂ ਹੀ ਗੁਨਾਹਗਾਰ ਹੈ ਜਿਨਾਂ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲਾ । ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੂੰ ਬਿਨਾਂ ਕਿਸੇ ਘਬਰਾਹਟ ਦੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੰਜਾਬ ਪੁਲਿਸ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ । ਪੁਲਿਸ ਵੱਲੋਂ ਉਨ੍ਹਾਂ ਦੇ ਵੇਰਵੇ ਗੁਪਤ ਰੱਖੇ ਜਾਂਦੇ ਹਨ। ਉਨ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ । ਉਹ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਸਿੱਧੀ ਉਨ੍ਹਾਂ ਨੂੰ ਜਾਂ ਸਿੱਧੇ ਤੌਰ ਤੇ ਪੁਲਿਸ ਡਰੱਗ ਕੰਟਰੋਲ ਰੂਮ ਦੇ ਨੰਬਰ 91155-18150 ਤੇ ਸਾਂਝੀ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਿਸ ਪੂਰੀ ਤਰ੍ਹਾਂ ਗੰਭੀਰ ਹੈ, ਇਸ ਲਈ ਕਿਸੇ ਵੀ ਸਿਆਸੀ ਵਿਅਕਤੀ ਜਾਂ ਹੋਰ ਮੋਹਤਬ ਵਿਅਕਤੀ ਕਿਸੇ ਵੀ ਨਸ਼ਾ ਤਸਕਰ ਦੀ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਕਰਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਤੇ ਐਸ.ਐਸ.ਪੀ ਮਾਲੇਰਕੋਟਲਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਪੁਲਿਸ ਨੇ ਨਸ਼ੇ ਦੀ ਦਲਦਲ ਵਿੱਚ ਫਸੇ ਉਨ੍ਹਾਂ ਨੌਜਵਾਨਾਂ ਦੀਆਂ ਸੂਚੀਆਂ ਤਿਆਰ ਕੀਤੀ ਹਨ ਜਿਨ੍ਹਾਂ ਨੂੰ ਤੁਰੰਤ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਸਮਾਜਿਕ ਜ਼ਰੂਰਤ ਹੈ। ਐਸ.ਐਸ.ਪੀ ਗਰੇਵਾਲ ਦੀ ਅਗਵਾਈ ਵਿੱਚ ਨਸ਼ਾ ਮੁਕਤ ਸਮਾਜ ਸਿਰਜਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ ਜਿਸ ਤਹਿਤ ਨਸ਼ਾ ਕਰਨ ਵਾਲੇ ਹਰੇਕ ਯੁਵਾ ਨਾਲ ਇੱਕ -ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਗਈ ਹੈ , ਜੋ ਉਸ ਦੀ ਨਿਗਰਾਨੀ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਮਨੋਵਿਗਿਆਨਕ ਕੌਂਸਲਿੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਇਸ ਅਲਾਮਤ ਤੋਂ ਬਾਹਰ ਕੱਢ ਕੇ ਜਲਦ ਤੋਂ ਜਲਦ ਸਮਾਜ ਦੀ ਮੁੱਖ ਧਾਰਾਂ ਦਾ ਮੈਂਬਰ ਬਣਾਇਆ ਜਾ ਸਕੇ ।
ਪਿੰਡ ਅਲੀਪੁਰ ਵਿਖੇ ‘ਜਨ ਸੁਣਵਾਈ ਕੈਂਪਾਂ’ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਡੀ.ਐਸ.ਪੀ ਨੇ ਦੱਸਿਆ ਕਿ ਨਸ਼ੇ ਦੀ ਗ੍ਰਿਫ਼ਤ ਦੇ ਸ਼ਿਕਾਰ ਨੌਜਵਾਨਾਂ ਅਤੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੂੰ ਤੁਰੰਤ ਕਾਊਂਸਲਿੰਗ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਕਾਰਜ ਲਈ ਕਰੀਬ 161 ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਨਿਭਾ ਰਹੇ ਹਨ । ਉਨ੍ਹਾਂ ਕਿਹਾ ਕਿ ਨਸਾ ਕਰਨ ਵਾਲਿਆਂ ਦੀ ਜ਼ਿਲ੍ਹਾਂ ਪੁਲਿਸ ਦੁਸ਼ਮਣ ਲਈ ਸਗੋਂ ਦੋਸਤ ਹੈ । ਇਸ ਲਈ ਹਰੇਕ ਨੌਜਵਾਨ ਨਾਲ ਲਗਾਤਾਰ ਮਿਲਣ ਅਤੇ ਟੈਲੀਫ਼ੋਨ ਤੇ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਊਂਸਲਿੰਗ ਲਈ ਨੌਜਵਾਨਾਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ । ਜ਼ਰੂਰਤ ਪੈਣ ਉੱਤੇ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਵੀ ਕਰਾਇਆ ਜਾਵੇਗਾ। ਜਿਸ ਦੇ ਜਲਦ ਹੀ ਸਾਰਥਕ ਨਤੀਜੇ ਅੱਗੇ ਆਉਣ ਦੀ ਆਸ ਹੈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਵਿਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਉਹਨਾਂ ਨੇ ਇਕ ਤਿਹਾਈ ਮੁਲਾਜ਼ਮਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਲਗਾ ਦਿੱਤਾ ਹੈ। ਇਹ ਮੁਲਾਜ਼ਮ ਵੀ ਉਹ ਹਨ, ਜਿਹੜੇ ਸੱਚੇ ਮਨੋਂ ਲੋਕ ਸੇਵਾ ਤਹਿਤ ਇਹ ਕੰਮ ਕਰਨਾ ਚਾਹੁੰਦੇ ਹਨ।