ਪ੍ਰੋ. ਪਿਆਰਾ ਸਿੰਘ ਭੋਗਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਪ੍ਰੋ. ਪਿਆਰਾ ਸਿੰਘ ਭੋਗਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : 25 ਮਈ, 2023
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਤੇੇ ਮੈਂਬਰਾਂ ਵੱਲੋਂ ਅਕਾਡਮੀ
ਦੇ ਮੋਢੀ ਮੈਂਬਰ ਪ੍ਰੋ. ਪਿਆਰਾ ਸਿੰਘ ਭੋਗਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ
ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਨੇ
ਕਿਹਾ ਕਿ ਪ੍ਰੋ. ਪਿਆਰਾ ਸਿੰਘ ਭੋਗਲ ਉੱਘੇ ਲੇਖਕ ਤੇ ਪੱਤਰਕਾਰ ਹੋਣ ਦੇ ਨਾਲ ਨਾਲ
ਅਕਾਡਮੀ ਦੇ ਮੋਢੀ ਮੈਂਬਰਾਂ ਵਿਚੋਂ ਸਨ। ਉਨ੍ਹਾਂ ਕਿਹਾ ਨਿਰੰਤਰ ਜਗਦੀ ਤੇ ਮਘਦੀ ਜੋਤ
ਦਾ ਨਾਮ ਸੀ ਪ੍ਰੋ. ਪਿਆਰਾ ਸਿੰਘ ਭੋਗਲ ਜਿਨ੍ਹਾਂ ਨੇ ਸਾਹਿਤ ਸਿਰਜਣਾ, ਸਾਹਿਤ ਅਧਿਆਪਕ
ਤੇ ਸਿੱਖਿਆ ਅਦਾਰੇ ਸਥਾਪਤ ਕਰਨ ਹਿਤ ਵੱਡਮੁੱਲਾ ਯੋਗਦਾਨ ਪਾਇਆ। ਸੀਨੀਅਰ ਮੀਤ ਪ੍ਰਧਾਨ
ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਪ੍ਰੋ. ਪਿਆਰਾ ਸਿੰਘ ਭੋਗਲ ਸਾਡੇ ਸਤਿਕਾਰਤ
ਸਾਹਿਤਕਾਰ ਸਨ ਉਨ੍ਹਾਂ ਦੇ ਦੇਹਾਂਤ ਕਾਰਨ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ
ਹੈ।

ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ
ਪ੍ਰੋ. ਪਿਆਰਾ ਸਿੰਘ ਭੋਗਲ ਨੇ ਪੰਜਾਬੀ ਸਾਹਿਤ ਦਾ ਇਤਿਹਾਸ 1969 ਵਿਚ ਲਿਖਿਆ ਜਿਸ ਨੂੰ
ਪੜ੍ਹ ਕੇ ਹਜ਼ਾਰਾਂ ਵਿਦਿਆਰਥੀਆਂ ਨੇ ਐੱ.ਏ. ਪੰਜਾਬੀ ਪਾਸ ਕੀਤੀ। ਪ੍ਰੋ. ਪਿਆਰਾ ਸਿੰਘ
ਭੋਗਲ ਨੇ ‘ਹਾਵ ਭਾਵ, ਅਜੇ ਤਾਂ ਮੈਂ ਜਵਾਨ ਹਾਂ, ਪਹਿਲੀ ਵਾਰ, ਸਿਧ ਪੁੱਠ ਨਵਾਂ ਪਿੰਡ,
ਪੁਤਲਾ, ਮੈਂ ਤੂੰ ਤੇ ਉਹ’ ਆਦਿ ਕਹਾਣੀ ਸੰਗ੍ਰਹਿ ਤੋਂ ਇਲਾਵਾ ਅੰਮਿ੍ਰਤਾ ਪ੍ਰੀਤਮ ਇਕ
ਅਧਿਐਨ, ਆਪੇ ਕਾਜ ਸਵਾਰੀਏ, ਕਵੀ ਮੋਹਨ ਸਿੰਘ, ਦਿਨ ਰਾਤ, ਧਰ ਪਿਰ, ਨਵੀਨ ਕਹਾਣੀ
ਨਾਨਕਾਇਣ-ਇਕ ਅਧਿਐਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ ਨਾਵਲਕਾਰ ਨਾਨਕ ਸਿੰਘ,
ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ, ਪੰਜਾਬੀ ਕਵਿਤਾ ਦੇ ਸੌ ਸਾਲ (1850-1954)
ਪਤਵੰਤੇ ਪ੍ਰਸਿੱਧ ਕਹਾਣੀਕਾਰ, ਪ੍ਰਸਿੱਧ ਕਿੱਸਾਕਾਰ ਲੋਕ ਰਾਜ, ਸਿਆੜ (ਨਾਟਕ) ਸ਼ੇਰ ਦੀ
ਸਵਾਰੀ (ਨਾਵਲ) ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਪ੍ਰੋ. ਪਿਆਰਾ ਸਿੰਘ ਭੋਗਲ ਜੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ
ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਅਕਾਡਮੀ
ਪਰਿਵਾਰ ਦੇ ਅੰਗ ਸੰਗ ਹੈ।