ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਾੜਾ ਭਾਈ ਕਾ ਵਿਖੇ ਲੱਭੇ ਕੋਰੋਨਾ ਪੋਜ਼ੇਟਿਵ ਮਰੀਜ਼ ਦੇ 45 ਪ੍ਰਾਇਮਰੀ ਕੰਟੈਕਟ, ਸਾਰਿਆਂ ਨੂੰ ਕੀਤਾ ਹੋਮ ਕੁਆਰਨਟਈਨ
ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਸਾਂਝੇ ਤੌਰ ਤੇ ਘਰ-ਘਰ ਜਾ ਕੇ ਕੀਤਾ ਸਰਵੇ, ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਲਏ ਗਏ ਸੈਂਪਲ
ਫਿਰੋਜ਼ਪੁਰ: ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਘਰ-ਘਰ ਜਾ ਕੇ ਮੁਹਿੰਮ ਵਾੜਾ ਭਾਈ ਕਾ ਵਿਖੇ ਚਲਾਈ ਗਈ, ਜਿਸ ਦੇ ਤਹਿਤ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ 45 ਲੋਕਾਂ (ਪ੍ਰਾਇਮਰੀ ਕੰਟੈਕਟ) ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਹੋਮ ਕੁਆਰਨਟਈਨ ਕੀਤਾ ਗਿਆ ਹੈ, ਨਾਲ ਹੀ ਇਨ੍ਹਾਂ ਦੇ ਸੈਂਪਲ ਲੈਬ ਟੈਸਟ ਲਈ ਭੇਜੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿੰਡ ਵਿਚ ਕੋਰੋਨਾ ਪੋਜੇਟਿਵ ਮਰੀਜ਼ ਬਾਰੇ ਜਾਣਕਾਰੀ ਮਿਲਣ ਤੋ ਤੁਰੰਤ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰਕੇ ਸੈਂਪਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜਾ ਮਰੀਜ਼ ਕੋਰੋਨਾ ਪੋਜੇਟਿਵ ਆਇਆ ਹੈ, ਉਹ ਲੁਧਿਆਣੇ ਵਿਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਦਾ ਗੰਨਮੈਨ ਸੀ ਜੋ ਕੋਰੋਨਾ ਤੋ ਪੀੜਤ ਸੀ। ਗੰਨਮੈਨ ਹੋਣ ਕਰਕੇ, ਉਹ ਪੋਜੇਟਿਵ ਮਰੀਜ਼ ਦੇ ਪ੍ਰਾਇਮਰੀ ਕੰਟੈਕਟ ਵਿੱਚ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਹੀ ਪ੍ਰਸ਼ਾਸਨ ਨੂੰ ਪ੍ਰਾਇਮਰੀ ਕੰਟੈਕਟ ਦੇ ਬਾਰੇ ਜਾਣਕਾਰੀ ਮਿਲੀ, ਉਨ੍ਹਾਂ ਨੂੰ ਤੁਰੰਤ ਹੋਮ ਕੁਆਰਨਟਈਨ ਕੀਤਾ ਗਿਆ ਅਤੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਸਾਰੀ ਮੁਹਿੰਮ ਐਸ.ਡੀ.ਐਮ ਫਿਰੋਜ਼ਪੁਰ ਸ੍ਰੀ.ਅਮਿਤ ਗੁਪਤਾ ਦੀ ਨਿਗਰਾਨੀ ਹੇਠ ਚੱਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਪੋਜ਼ੇਟਿਵ ਮਰੀਜ਼ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ ਅਤੇ ਮਰੀਜ਼ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ ਕੋਈ ਲੱਛਣ ਅਜੇ ਸਾਹਮਣੇ ਨਹੀਂ ਆਏ ਹਨ ਅਤੇ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ।
ਇਸ ਮੌਕੇ ਐਸ.ਡੀ.ਐਮ ਫਿਰੋਜ਼ਪੁਰ ਸ੍ਰੀ.ਅਮਿਤ ਗੁਪਤਾ ਨੇ ਦੱਸਿਆ ਕਿ ਸਾਂਝੀਆ ਟੀਮਾਂ ਵੱਲੋਂ ਪਿੰਡ ਦੇ 70 ਘਰਾਂ ਦਾ ਸਰਵੇ ਕੀਤਾ ਗਿਆ ਹੈ, ਜਿਸ ਵਿਚ 45 ਪ੍ਰਾਇਮਰੀ ਕਾਂਟੇਕਟ ਲੱਭ ਲਏ ਹਨ। ਜਿਨ੍ਹਾਂ ਦੇ ਸੈਂਪਲ ਲੈਬ ਟੈਸਟ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਪੂਰੀ ਸਥਿਤੀ 'ਤੇ ਦਿਨ-ਰਾਤ ਨਿਗਰਾਨੀ ਕਰ ਰਹੀਆਂ ਹਨ ਅਤੇ ਪੂਰੇ ਪਿੰਡ ਦੀ ਸੀਲਿੰਗ ਕਰਕੇ ਇੱਕ-ਇੱਕ ਘਰ ਵਿਚ ਜਾ ਕੇ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੂਰੇ ਪਿੰਡ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਪਿੰਡ ਦੇ ਹਰ ਘਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। /(18 ਅਪ੍ਰੈਲ 2020)