ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਡਣ ਦਸਤੇ ਨੇ 9ਵੇਂ ਦਿਨ ਮਾਲੇਰਕੋਟਲਾ ਜ਼ਿਲ੍ਹੇ ਦੀ ਸਬ ਡਵੀਜਨ ਅਮਰਗੜ੍ਹ ਦੇ ਵੱਖ ਵੱਖ ਪਿੰਡਾ ਦਾ ਕੀਤਾ ਦੌਰਾ
ਅਮਰਗੜ੍ਹ/ ਮਾਲੇਰਕੋਟਲਾ,18 ਨਵੰਬਰ, 2023:
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਡਣ ਦਸਤੇ ਨੇ ਪਰਾਲੀ ਨੂੰ ਸਾੜਨ ਦੇ ਮਾਮਲਿਆਂ ਦੇ ਨਿਰੀਖਣ ਦੇ 09 ਵੇਂ ਦਿਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਉੱਡਣ ਦਸਤੇ ਵੱਲੋਂ ਅਮਰਗੜ੍ਹ ਸਬ ਡਵੀਜ਼ਨ ਦੇ ਪਿੰਡ ਅਲੀਪੁਰ, ਰਾਏਪੁਰ,ਝੱਲ,ਨੰਗਲ, ਮੋਹਾਲੀ , ਮੋਹਾਲਾ, ਲਾਡੇਵਾਲ,ਚੌਂਦਾ ਆਦਿ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ । ਇਸ ਮੌਕੇ ਉਨ੍ਹਾਂ ਪਿੰਡ ਪੱਧਰ 'ਤੇ ਨਿਯੁਕਤ ਕੀਤੇ ਗਏ ਕਲੱਸਟਰ ਅਫ਼ਸਰਾਂ ਤੇ ਖੇਤੀਬਾੜੀ ਅਫ਼ਸਰਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀ ਨੀਰਜ ਕਟਿਆਲ ਨੂੰ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਗਿਆ ਹੈ।
ਐਸ.ਡੀ.ਐਮ. ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਨੇ ਦੱਸਿਆ ਕਿ ਉੱਡਣ ਦਸਤੇ ਵਲੋਂ ਜ਼ਿਲ੍ਹੇ ਦੇ ਕੁਲ 192 ਪਿੰਡਾਂ ਵਿੱਚੋਂ ਕਰੀਬ 149 ਅਤੀ ਸੰਵੇਦਨਸ਼ੀਲ ਪਿੰਡ ਜਿਨ੍ਹਾਂ ਵਿੱਚ ਪਿਛਲੇ ਸਾਲ ਏ.ਟੀ.ਆਰ ਤੇ ਅੱਗਾ ਲੱਗਣ ਦੀ ਸੂਚਨਾ ਦਰਜ ਹੋਈ ਸੀ ਉਨ੍ਹਾਂ ਪਿੰਡਾਂ ਦੇ ਨਾਲ ਨਾਲ ਹੋਰ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਜਾਇਜਾ ਲਿਆ ਜਾ ਰਿਹਾ ਹੈ। ਹੁਣ ਅਮਰਗੜ੍ਹ ਸਬ ਡਵੀਜਨ ਦੇ ਕਰੀਬ ਕਰੀਬ ਸਾਰੇ ਸੰਵੇਦਨਸ਼ੀਲ ਪਿੰਡਾਂ ਦੇ ਨਾਲ ਨਾਲ ਹੋਰ ਪਿੰਡਾਂ ਦਾ ਕੇਂਦਰੀ ਟੀਮ ਵਲੋਂ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਜਾਇਜਾ ਲਿਆ ਜਾ ਚੁੱਕਾ ਹੈ । ਇਸ ਉੱਡਣ ਦਸਤੇ ਦਾ ਜ਼ਿਲ੍ਹਾ ਪ੍ਰਸ਼ਾਸਨ, ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਦਸਤੇ ਵੱਲੋਂ ਪਿੰਡਾਂ ਦੇ ਵੱਖ-ਵੱਖ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਟੀਮ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਇਨ-ਸੀਟੂ ਅਤੇ ਐਕਸ-ਸੀਟੂ ਤਰੀਕਿਆਂ ਨੂੰ ਦੇਖਿਆ ਜਾ ਰਿਹਾ ਹੈ। ਉੱਡਣ ਦਸਤੇ ਨੇ ਹਦਾਇਤ ਕੀਤੀ ਕਿ ਪਰਾਲੀ ਸਾੜਨ ਦੀ ਹਰੇਕ ਘਟਨਾ ਨੂੰ ਵਾਤਾਵਰਨ ਮੁਆਵਜ਼ਾ ਆਦਿ ਲਗਾ ਕੇ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।