ਸਾਬਕਾ ਵਿਧਾਇਕ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਃ ਰਣਜੀਤ ਸਿੰਘ ਤਲਵੰਡੀ ਦਾ ਦੇਹਾਂਤ
ਅੰਤਿਮ ਸੰਸਕਾਰ 6 ਦਸੰਬਰ ਦੁਪਹਿਰ ਤਿੰਨ ਵਜੇ ਹੋਵੇਗਾ।

ਲੁਧਿਆਣਾ, 5 ਦਸੰਬਰ, 2023: ਸਾਬਕਾ ਵਿਧਾਇਕ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਬੱਸੀਆਂ ਰਾਏਕੋਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਦਾ ਅੱਜ ਸ਼ਾਮੀਂ ਪੀ ਜੀ ਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਵੱਡੇ ਪੁੱਤਰ ਸਃ ਰਣਜੀਤ ਸਿੰਘ ਤਲਵੰਡੀ ਲਗਪਗ 67 ਵਰ੍ਹਿਆਂ ਦੇ ਸਨ। ਆਪਣੇ ਇਕਲੌਤੇ ਪੁੱਤਰ ਦੀ ਸਮਕ ਹਾਦਸੇ ਵਿੱਚ ਮੌਤ ਤੋਂ ਬਾਦ ਉਹ ਮਾਨਸਿਕ ਤੌਰ ਤੇ ਬੇਹੱਦ ਡੋਲ ਗਏ ਸਨ ਪਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਉਨ੍ਹਾਂ ਨੂੰ ਬਹੁਤ ਸੰਤੁਲਨ ਚ ਰੱਖਿਆ। ਪਰਿਵਾਰਕ ਸੂਚਨਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਸਵੇਰੇ 11ਵਜੇ ਦਰਸ਼ਨਾਂ ਲਈ ਪਿੰਡ ਤਲਵੰਡੀ ਰਾਏ ਪੁੱਜ ਜਾਵੇਗੀ।
ਰਣਜੀਤ ਸਿੰਘ ਤਲਵੰਡੀ ਦਾ ਅੰਤਿਮ ਸੰਸਕਾਰ ਕੱਲ੍ਹ 6ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ(ਨੇੜੇ ਰਾਏਕੋਟ) ਵਿਖੇ ਦੁਪਹਿਰ ਤਿੰਨ ਵਜੇ ਹੋਵੇਗਾ।
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ ਰਾਏਕੋਟ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਰਣਜੀਤ ਸਿੰਘ ਦੇ ਜਾਣ ਨਾਲ ਮਨ ਨੂੰ ਭਾਰੀ ਠੇਸ ਲੱਗੀ ਹੈ ਕਿਉਂਕਿ ਪਿਛਲੇ ਲਗਪਗ ਤੀਹ ਸਾਲ ਉਸਨੇ ਮੈਨੂੰ ਵੱਡੇ ਭਰਾ ਵਾਲਾ ਮਾਣ ਦਿੱਤਾ। ਰਣਜੀਤ ਸਿੰਘ ਤਲਵੰਡੀ ਨਾਲ ਮਿਲ ਕੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਦਾ ਕਾਇਆ ਕਲਪ ਕਰਵਾਉਣਾ ਸਾਡੀ ਸਾਂਝੀ ਕੋਸ਼ਿਸ਼ ਦਾ ਫ਼ਲ ਸੀ। ਉਸ ਰਾਹੀਂ ਮਿਲੇ ਰਿਸ਼ਤੇ ਤੇ ਮਾਣ ਸਦਾ ਚੇਤਿਆਂ ਚ ਵੱਸੇ ਰਹਿਣਗੇ।
ਰਣਜੀਤ ਸਿੰਘ ਤਲਵੰਡੀ ਦੇ ਵਿਛੋੜੇ ਦੀ ਖ਼ਬਰ ਸੁਣ ਕੇ ਪਿਰਥੀਪਾਲ ਸਿੰਘ ਬਟਾਲਾ ਐੱਸ ਪੀ ਗੁਰਦਾਸਪੁਰ, ਅਮਨਦੀਪ ਸਿੰਘ ਗਿੱਲ, ਸਾਬਕਾ ਪ੍ਰਧਾਨ ਨਗਰ ਪਾਲਿਕਾ ਰਾਏਕੋਟ, ਗੁਰਪ੍ਰੀਤ ਸਿੰਘ ਤੂਰ ਸਾਬਕਾ ਪੁਲੀਸ ਕਮਿਸ਼ਨਰ,ਪ੍ਰਭਜੋਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਜੱਟਪੁਰੀ ਜਨਰਲ ਸਕੱਤਰ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ, ਕੈਨੇਡਾ ਤੋਂ ਰਾਏ ਕੱਲ੍ਹਾ ਦੇ ਵਰਤਮਾਨ ਵਾਰਿਸ ਰਾਏ ਅਜ਼ੀਜ਼ ਉਲਾ ਖ਼ਾਨ, ਕੁਲਦੀਪ ਸਿੰਘ ਗਿੱਲ, ਅਮਰੀਕਾ ਤੋਂ ਇੰਦਰਜੀਤ ਸਿੰਘ ਝੱਜ ਨੇ ਵੀ ਪਰਿਵਾਰ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।