ਮੁਫ਼ਤ ਬੱਸ ਯਾਤਰਾ ਸਕੀਮ ਨਾਲ ਮਹਿਲਾ ਯਾਤਰੀਆਂ ਦੇ ਚਿਹਰੇ 'ਤੇ ਆਈਆਂ ਰੋਣਕਾਂ

ਸੂਬਾ ਸਰਕਾਰ ਦੀ ਵੀ ਕੀਤੀ ਜਾ ਰਹੀ ਭਰਪੂਰ ਸ਼ਲਾਘਾ

ਮੁਫ਼ਤ ਬੱਸ ਯਾਤਰਾ ਸਕੀਮ ਨਾਲ ਮਹਿਲਾ ਯਾਤਰੀਆਂ ਦੇ ਚਿਹਰੇ 'ਤੇ ਆਈਆਂ ਰੋਣਕਾਂ

ਲੁਧਿਆਣਾ: ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ  ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ਨੇ ਮਹਿਲਾ ਯਾਤਰੀਆਂ ਦੇ ਚਿਹਰਿਆਂ 'ਤੇ ਰੌਣਕਾਂ ਲਿਆ ਦਿੱਤੀਆਂ ਹਨ, ਜਿਸ ਲਈ ਉਨ੍ਹਾਂ ਵੱਲੋਂ ਸੂਬਾ ਸਰਕਾਰ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ।

ਇੱਕ ਮਹਿਲਾ ਯਾਤਰੀ ਸ਼ਸ਼ੀ ਵੱਲੋਂ ਅਮਰ ਸ਼ਹੀਦ ਸੁਖਦੇਵ ਇੰਟਰਸਟੇਟ ਬੱਸ ਟਰਮੀਨਲ ਵਿਖੇ, ਜੋ ਆਪਣੇ ਪਰਿਵਾਰ ਨਾਲ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ, ਨੇ ਕਿਹਾ ਕਿ ਉਹ ਪ੍ਰਤੀ ਸਵਾਰੀ 200 ਰੁਪਏ ਕਿਰਾਏ ਵਜੋਂਂ ਅਦਾ ਕਰਦੀ ਸੀ ਅਤੇ ਹੁਣ ਉਹ ਬਿਨਾਂ ਇੱਕ ਪੈਸਾ ਖਰਚ ਕੀਤੇ ਸਫਰ ਕਰ ਰਹੀ ਹੈ। ਉਸਨੇ ਕਿਹਾ ਕਿ ਮੁਫਤ ਸਫ਼ਰ ਇਕ ਵਰਦਾਨ ਹੈ ਅਤੇ ਉਹ ਬਹੁਤ ਖੁਸ਼ ਹੈ, ਕਿਉਂਕਿ ਇਸ ਨਾਲ ਉਸਨੂੰ ਕਾਫ਼ੀ ਪੈਸੇ ਦੀ ਬੱਚਤ ਹੋਵੇਗੀ ।

ਫਿਰੋਜ਼ਪੁਰ ਜਾ ਰਹੀ ਸਰਬਜੀਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁਫਤ ਬੱਸ ਯਾਤਰਾ ਦੇ ਵਿਸ਼ੇਸ਼ ਤੋਹਫ਼ੇ ਲਈ ਧੰਨਵਾਦ ਕੀਤਾ ਕਿਉਂਕਿ ਉਸ ਨੂੰ ਇਸ ਰਸਤੇ ਦੀ ਯਾਤਰਾ ਲਈ 165 ਰੁਪਏ ਅਦਾ ਕਰਨੇ ਪੈਂਦੇ ਸਨ। ਉਸਨੇ ਇਹ ਵੀ ਕਿਹਾ ਕਿ ਇਸ ਇਤਿਹਾਸਕ ਕਦਮ ਨਾਲ ਮੱਧ ਸ਼੍ਰੇਣੀ ਦੇ ਨਾਲ-ਨਾਲ ਮਹਿਲਾ ਯਾਤਰੀਆਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਅਤੇ ਹੇਠਲੇ ਵਰਗ ਦੇ ਪਰਿਵਾਰ ਪੈਸੇ ਦੀ ਬਚਤ ਕਰ ਸਕਣਗੇ।

ਅੰਮ੍ਰਿਤਸਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਆਈ ਜਸਪ੍ਰੀਤ ਕੌਰ ਨੇ ਕਿਹਾ ਕਿ ਉਹ ਲੁਧਿਆਣਾ ਤੋਂ 200 ਰੁਪਏ (ਇਕ ਪਾਸੇ ਦਾ 200 ਰੁਪਏ ਕਿਰਾਇਆ) ਖਰਚ ਕਰਦੀ ਸੀ, ਪਰ ਹੁਣ ਉਸਨੂੰ ਕਾਫੀ ਬੱਚਤ ਹੋਵੇਗੀ। ਉਸਨੇ ਕਿਹਾ ਕਿ ਸਰਕਾਰੀ ਬੱਸਾਂ ਦੀ ਯਾਤਰਾ ਵਧੇਰੇ ਸੁਰੱਖਿਅਤ ਅਤੇ ਪ੍ਰੇਸ਼ਾਨੀ ਰਹਿਤ ਹੋਵੇਗੀ। ਉਸਨੇ ਮੁਫਤ ਬੱਸ ਯਾਤਰਾ ਦੀ ਸਹੂਲਤ ਦੇ ਇਸ ਅਸਾਧਾਰਨ ਫੈਸਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।

 

ਔਰਤਾਂ ਵੱਲੋਂ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਈ ਪੰਜਾਬ ਸਰਕਾਰ ਦੀ ਸ਼ਲਾਘਾ

ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੀ ਵਸਨੀਕ ਗੁਰਮੀਤ ਕੌਰ ਨੇ ਮੁਫ਼ਤ ਬੱਸ ਸਫਰ ਦੀ ਸਹੂਲਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹੂਲਤ ਨਾਲ ਔਰਤਾਂ ਦੀਆਂ ਆਵਾਜਾਈ ਸਬੰਧੀ ਕਈ ਮੁਸ਼ਕਲਾਂ ਹੱਲ ਹੋਈਆਂ ਹਨ ਤੇ ਇਸ ਫ਼ੈਸਲੇ ਲਈ ਪੰਜਾਬ ਸਰਕਾਰ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਥੋੜ੍ਹੀ ਹੈ। ਗੁਰਮੀਤ ਕੌਰ ਨੇ ਕਿਹਾ ਕਿ ਆਰਥਿਕ ਤੌਰ ਉਤੇ ਕਮਜ਼ੋਰ ਵਰਗ ਨਾਲ ਸਬੰਧਤ ਔਰਤਾਂ ਨੂੰ ਹੋਰਨਾਂ ਮੁਸ਼ਕਲਾਂ ਦੇ ਨਾਲ ਨਾਲ ਆਵਾਜਾਈ ਸਬੰਧੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ, ਜਿਸ ਨਾਲ ਔਰਤਾਂ ਨੂੰ ਬਹੁਤ ਲਾਭ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਹੂਲਤ ਆਰਥਿਕ ਤੌਰ ਉਤੇ ਕਮਜ਼ੋਰ ਵਰਗ ਦੀਆਂ ਔਰਤਾਂ ਲਈ ਤਾਂ ਵਰਦਾਨ ਸਾਬਤ ਹੋਈ ਹੈ।
ਇਸ ਤਰ੍ਹਾਂ ਜ਼ਿਲ੍ਹੇ ਦੀ ਇੱਕ ਹੋਰ ਜਸਪ੍ਰੀਤ ਕੌਰ ਨੇ ਇਸ ਸਹੂਲਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਲਾਵਾਂ ਦੀ ਬਿਹਤਰੀ ਲਈ ਅਨੇਕਾਂ ਕਦਮ ਚੁੱਕੇ ਹਨ ਤੇ ਪੰਜਾਬ ਸਰਕਾਰ ਨੇ ਪੜਾਅਵਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਸੂਬੇ ਨੂੰ ਮਾੜੇ ਵਿੱਤੀ ਹਾਲਾਤ ਵਿੱਚੋਂ ਕੱਢ ਕੇ ਤਰੱਕੀ ਦੇ ਰਾਹ ਪਾਇਆ ਹੈ। ਉਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ /ਲੜਕੀਆਂ ਦੇ ਸਤਿਕਾਰ ਅਤੇ ਉਨ੍ਹਾਂ ਨੂੰ ਵਿੱਤੀ ਤੌਰ ਤੇ ਫਾਇਦਾ ਦੇਣ ਲਈ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਲਾਭ ਜਿੱਥੇ ਸਮੁੱਚੇ ਔਰਤ ਵਰਗ /ਲੜਕੀਆਂ ਨੂੰ ਹੋਵੇਗਾ ਉੱਥੇ ਖ਼ਾਸਕਰ ਗ਼ਰੀਬ ਵਰਗ ਨੂੰ ਇਸ ਦਾ ਸਭ ਤੋਂ ਜ਼ਿ਼ਆਦਾ ਫ਼ਾਇਦਾ  ਹੋਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਾਰੇ ਬੱਸ ਚਾਲਕਾਂ/ਕੰਡਕਟਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਮਹਿਲਾ ਯਾਤਰੀ ਨੂੰ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਯਾਤਰਾ ਪ੍ਰਦਾਨ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਲਈ ਸਾਰੀਆਂ ਬੱਸਾਂ ਵਿਚ ਪੈਨਿਕ ਬਟਨ ਵੀ ਲਗਾਏ ਹਨ, ਇਸ ਤੋਂ ਇਲਾਵਾ ਇਨ੍ਹਾਂ ਬੱਸਾਂ ਨੂੰ ਜੀ.ਪੀ.ਐਸ. ਤਕਨੀਕ ਨਾਲ ਵੀ ਜੋੜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਨਾਰੀ ਸਸ਼ਕਤੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਉਹ ਪੰਜਾਬ ਦੀ ਸਮਾਜਿਕ ਤੇ ਆਰਥਿਕ ਤਰੱਕੀ ਵਿੱਚ ਵਧੇਰੇ ਸਰਗਰਮੀ ਨਾਲ ਯੋਗਦਾਨ ਪਾਉਣ ਦੇ ਯੋਗ ਬਣਨਗੀਆਂ।