ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕੱਲ੍ਹ ਤੋਂ 'ਰੰਗਮੰਚ ਉਤਸਵ: 2022' ਦਾ ਆਗਾਜ਼

ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਕੱਲ੍ਹ ਤੋਂ 'ਰੰਗਮੰਚ ਉਤਸਵ: 2022' ਦਾ ਆਗਾਜ਼

ਅੰਮ੍ਰਿਤਸਰ, 18 ਅਪ੍ਰੈਲ, 2022 :ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਰਾਮਾ ਕਲੱਬ ਵੱਲੋਂ ਮਾਣਯੋਗ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਅਤੇ ਡੀਨ ਵਿਦਿਆਰਥੀ ਭਲਾਈ ਡਾ. ਅਨੀਸ਼ ਦੁਆ ਹੋਣਾਂ ਦੀ ਯੋਗ ਅਗਵਾਈ ਅਤੇ ਨਿਰੰਤਰ ਹੱਲਾਸ਼ੇਰੀ ਸਦਕਾ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਪਹਿਲਾ ਤਿੰਨ ਰੋਜ਼ਾ 'ਰੰਗਮੰਚ ਉਤਸਵ:2022' ਕਰਵਾਇਆ ਜਾ ਰਿਹਾ ਹੈ।   ਇਹ ਰੰਗਮੰਚ ਉਤਸਵ ਮਿਤੀ  19,20 ਅਤੇ 21 ਅਪ੍ਰੈਲ, 2022 ਨੂੰ ਆਯੋਜਿਤ ਕੀਤਾ ਜਾਵੇਗਾ। 

ਇਸ ਰੰਗਮੰਚ ਉਤਸਵ ਵਿੱਚ ਪਹਿਲੇ ਦਿਨ ਡਰਾਮਾ ਕਲੱਬ ਵੱਲੋਂ ਨਾਟਕ 'ਕਹਾਣੀ ਵਾਲੀ ਅੰਮ੍ਰਿਤਾ' ( ਨਿਰਦੇਸ਼ਕ: ਨਵਨੀਤ ਰੰਧੇਅ), ਦੂਜੇ ਦਿਨ ਆਵਾਜ਼ ਰੰਗਮੰਚ ਟੋਲੀ ਵੱਲੋਂ ਨਾਟਕ 'ਜੂਠ' (ਨਿਰਦੇਸ਼ਕ:  ਕੰਵਲ  ਰੰਧੇਅ) ਅਤੇ ਤੀਜੇ ਦਿਨ ਖ਼ਾਲਸਾ ਕਾਲਜ  ਰੰਗਮੰਚ ਵੱਲੋਂ ਨਾਟਕ 'ਵਿਸਮਾਦ' (ਨਿਰਦੇਸ਼ਕ: ਇਮੈਨੁਅਲ ਸਿੰਘ) ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਰਾਮਾ ਕਲੱਬ  ਦੇ ਟੀਚਰ ਇੰਚਾਰਜ ਅਤੇ ਹਿੰਦੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ.ਸੁਨੀਲ ਕੁਮਾਰ,  ਅਵਾਜ਼ ਰੰਗਮੰਚ ਟੋਲੀ ਵੱਲੋਂ ਕੰਵਲ ਰੰਧੇਅ ਅਤੇ ਨਵਨੀਤ ਰੰਧੇਅ ਦੀ ਨਿਰਦੇਸ਼ਨਾ ਹੇਠ ਚੱਲ ਰਹੀ ਇਕ ਮਹੀਨੇ ਦੀ ਰੰਗਮੰਚ ਵਰਕਸ਼ਾਪ ਵੀ ਆਪਣੇ ਆਖਰੀ ਪੜਾਅ ਤੇ ਪਹੁੰਚ ਚੁੱਕੀ ਹੈ। ਪਿਛਲੇ ਕਈ ਦਿਨਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ 25 ਦੇ ਕਰੀਬ ਵਿਦਿਆਰਥੀ ਨਾਟ ਕਲਾਂ ਦੀਆਂ ਬਰੀਕੀਆਂ ਸਿੱਖ ਰਹੇ ਹਨ।

ਰੰਗਮੰਚ ਵਰਕਸ਼ਾਪ ਦੇ ਨਿਰਦੇਸ਼ਕ ਕੰਵਲ ਰੰਧੇਅ ਅਤੇ ਨਵਨੀਤ ਰੰਧੇਅ ਨੇ ਗੱਲ ਬਾਤ ਕਰਦਿਆਂ ਦੱਸਿਆ ਕੇ ਸਾਰੇ ਹੀ ਵਿਦਿਆਰਥੀ ਕਲਾਕਾਰਾਂ ਵਿੱਚ ਰੰਗਮੰਚ ਵਰਕਸ਼ਾਪ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਹੈ ਅਤੇ ਉਹ ਬਹੁਤ ਵਧੀਆ ਢੰਗ ਨਾਲ ਸਿਖਲਾਈ ਲੈ ਰਹੇ ਹਨ। ਇਸ ਮੌਕੇ ਡਰਾਮਾ ਕਲੱਬ ਦੇ ਇਨਚਾਰਜ ਅਤੇ ਹਿੰਦੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ  ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਇਸ ਵਰਕਸ਼ਾਪ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਵਿਦਿਆਰਥੀ ਆਪਣੇ ਮਸਰੂਫ ਅਕਾਦਮਿਕ ਰੁਝੇਵਿਆਂ ਦੇ ਬਾਵਜੂਦ ਬਹੁਤ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਤੇ ਅੰਤਿਮ ਪੜਾਅ 'ਤੇ 'ਰੰਗਮੰਚ ਉਤਸਵ:2022' ਵਿੱਚ  ਵਿਦਿਆਰਥੀ ਕਲਾਕਾਰਾਂ ਵੱਲੋਂ ਇਸ ਵਰਕਸ਼ਾਪ ਦੌਰਾਨ ਤਿਆਰ ਕੀਤੇ ਦੋ ਵੱਖ ਨਾਟਕਾਂ 'ਕਹਾਣੀ ਵਾਲੀ ਅੰਮ੍ਰਿਤਾ' ਅਤੇ 'ਜੂਠ' ਦੀਆਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।  ਇਹ ਉਤਸਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋਂ ਪੰਜਾਬ ਫੋਕ ਆਰਟ ਸੈਂਟਰ, ਗੁਰਦਾਸਪੁਰ ਅਤੇ ਅਵਾਜ਼ ਰੰਗਮੰਚ ਟੋਲੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।  ਇਸ ਰੰਗਮੰਚ ਉਤਸਵ ਵਿੱਚ  ਕੇਵਲ ਧਾਲੀਵਾਲ , ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ , ਆਰਟ ਗੈਲਰੀ ਦੇ ਸਕੱਤਰ ਅਰਵਿੰਦਰ ਚਮਕ , ਡਾ ਦਵਿੰਦਰ ਸਿੰਘ ਰਜਿਸਟਰਾਰ ਖ਼ਾਲਸਾ ਕਾਲਜ, ਇਮੈਨੁਅਲ ਸਿੰਘ, ਸ੍ਰੀ ਨਰੇਸ਼ ਮੋਦਗਿੱਲ ਅਤੇ ਹਰਮਨਪ੍ਰੀਤ ਸਿੰਘ  ਵਰਗੀਆਂ ਰੰਗਮੰਚ ਦੀਆਂ ਮਾਇਆਨਾਜ਼ ਹਸਤੀਆਂ ਮੌਜੂਦ ਰਹਿਣਗੀਆਂ  ।

ਡਾ. ਸੁਨੀਲ ਕੁਮਾਰ, ਟੀਚਰ ਇੰਚਾਰਜ, ਡਰਾਮਾ ਕਲੱਬ ਅਤੇ ਐਸੋਸੀਏਟ ਪ੍ਰੋਫ਼ੈਸਰ, ਹਿੰਦੀ ਵਿਭਾਗ ਅਨੁਸਾਰ ਇਸ ਰੰਗਮੰਚ ਉਤਸਵ ਨੂੰ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੀਚਰ ਸਹਿਬਾਨ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਵਿੱਚ ਇਸ ਉਤਸਵ ਨੂੰ ਲੈ ਕੇ  ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ  ।