ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨਾਲ ਔਰਤਾਂ/ਲੜਕੀਆਂ ਵਿਚ ਖੁਸ਼ੀ ਦੀ ਲਹਿਰ
ਪੂਰੇ ਰਾਜ ਅੰਦਰ ਸਰਕਾਰੀ ਬੱਸਾਂ ਤੇ ਕਿਤੇ ਵੀ ਮੁਫ਼ਤ ਆ ਜਾ ਸਕਦੀਆਂ ਹਨ ਔਰਤਾਂ/ਲੜਕੀਆਂ
ਫਿਰੋਜ਼ਪੁਰ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਵੱਲ ਅਹਿਮ ਕਦਮ ਪੁੱਟਦਿਆਂ ਰਾਜ ਦੀਆਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਔਰਤ ਵਰਗ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਭਲਾਈ ਅਤੇ ਸਹੂਲਤ ਲਈ ਚਲਾਈ ਗਈ ਇਸ ਸਕੀਮ ਦਾ ਰਾਜ ਦੀਆਂ 1.31 ਕਰੋੜ ਔਰਤਾਂ /ਲੜਕੀਆਂ ਨੂੰ ਲਾਭ ਮਿਲੇਗਾ ।
ਵੱਖ ਵੱਖ ਸਰਕਾਰੀ ਬੱਸਾਂ ਜਿਨ੍ਹਾਂ ਵਿਚ ਪੀ ਆਰ ਟੀ ਸੀ ,ਪੰਜਾਬ ਰੋਡਵੇਜ਼ ਪਨਬੱਸ ਆਦਿ ਸਰਕਾਰੀ ਬੱਸਾਂ ਵਿੱਚ ਵੱਖ -ਵੱਖ ਥਾਵਾਂ ਤੋਂ ਆ ਅਤੇ ਜਾ ਰਹੀਆਂ ਔਰਤਾਂ /ਲੜਕੀਆਂ ਜਿਨ੍ਹਾਂ ਨੇ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਲਈ ਵਿੱਚ ਵੱਖਰੀ ਕਿਸਮ ਦਾ ਚਾਅ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੁਫ਼ਤ ਬੱਸ ਸਫ਼ਰ ਦੀ ਸਹੂਲਤ ਮਿਲਣ ਤੇ ਜ਼ਿਲ੍ਹੇ ਦੀ ਵਸਨੀਕ ਗੁਰਮੀਤ ਕੌਰ ਸਮੇਤ ਹੋਰ ਔਰਤਾ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ /ਲੜਕੀਆਂ ਦੇ ਸਤਿਕਾਰ ਅਤੇ ਉਨ੍ਹਾਂ ਨੂੰ ਵਿੱਤੀ ਤੌਰ ਤੇ ਫਾਇਦਾ ਦੇਣ ਲਈ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਲਾਭ ਜਿੱਥੇ ਸਮੁੱਚੇ ਔਰਤ ਵਰਗ /ਲੜਕੀਆਂ ਨੂੰ ਹੋਵੇਗਾ ਉੱਥੇ ਖ਼ਾਸਕਰ ਗ਼ਰੀਬ ਵਰਗ ਨੂੰ ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਹੋਵੇਗਾ। ਮੁੱਫਤ ਬੱਸ ਸਫਰ ਦੀ ਸਹੂਲਤ ਲੈ ਰਹੀਆਂ ਵੱਡੀ ਗਿਣਤੀ ਵਿੱਚ ਹੋਰ ਔਰਤਾਂ ਦੇ ਵੀ ਇਹੀ ਵਿਚਾਰ ਸਨ।
ਪੀ ਆਰ ਟੀ ਸੀ ਫਿਰੋਜ਼ਪੁਰ ਦੇ ਅਧਿਕਾਰੀਆਂ ਨੇ ਇਸ ਮੌਕੇ ਦੱਸਿਆ ਕਿ ਪੀ ਆਰ ਟੀ ਸੀ ,ਪੰਜਾਬ ਰੋਡਵੇਜ਼ ,ਪਨਬੱਸ ਦੀਆਂ ਬੱਸਾਂ ਵਿੱਚ ਫਿਰੋਜ਼ਪੁਰ ਤੋਂ ਵੱਖ ਵੱਖ ਸਟੇਸ਼ਨਾਂ ਲਈ ਔਰਤਾਂ ਲੜਕੀਆਂ ਵੱਡੀ ਪੱਧਰ ਤੇ ਆ ਅਤੇ ਜਾ ਰਹੀਆਂ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ /ਲੜਕੀਆਂ ਤੋਂ ਕੋਈ ਵੀ ਕਿਰਾਇਆ ਨਹੀਂ ਵਸੂਲਿਆ ਜਾ ਰਿਹਾ ਬਲਕਿ ਉਨ੍ਹਾਂ ਦਾ ਪਹਿਚਾਣ ਪੱਤਰ ਵੇਖ ਕੇ ਉਨ੍ਹਾਂ ਨੂੰ ਮੁਫਤ ਟਿਕਟ ਮੁਹੱਈਆ ਕਰਵਾਈ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਔਰਤਾਂ ,ਲੜਕੀਆਂ, ਬੱਚੀਆਂ ਨੂੰ ਸਰਕਾਰੀ ਬੱਸਾਂ ਵਿਚ ਸਫਰ ਦੌਰਾਨ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।