ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ
ਹਰਿੰਦਰ ਤੇ ਸੁਖਵਿੰਦਰ ਕੋਰੋਨਾ ’ਤੇ ਫ਼ਤਿਹ ਹਾਸਲ ਕਰ ਘਰਾਂ ਨੂੰ ਰਵਾਨਾ
ਨਵਾਂਸ਼ਹਿਰ: ਕੋਰੋਨਾ ਵਾਇਰਸ ਨੂੰ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਮਾਤ ਦੇਣ ਵਾਲੇ ਪਠਲਾਵਾ ਦੇ ਦੋ ਭਰਾ ਹਰਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਡਰਨ ਦੀ ਨਹੀਂ ਬਲਕਿ ਇਸ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਆਪਣੀ ਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣਾ ਹੈ।
20 ਅਤੇ 21 ਮਾਰਚ ਦੀ ਵਿਚਕਾਰਲੀ ਰਾਤ ਨੂੰ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਕੋਵਿਡ-19 ਪਾਜ਼ੇਟਿਵ ਆਉਣ ਬਾਅਦ ਆਪਣੇ ਪਰਿਵਾਰ ਨਾਲ ਇੱਥੇ ਲਿਆਂਦੇ ਗਏ ਦੋਵੇਂ ਭਰਾਵਾਂ ਦਾ ਕਹਿਣਾ ਹੈ ਕਿ ਬਿਮਾਰੀ ਨੂੰ ਹਰਾਉਣ ਲਈ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਸਟਾਫ਼ ਵੱਲੋਂ ਕੀਤੀ ਸੇਵਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸੇਵਾ ਨੇ ਉਨ੍ਹਾਂ ਨੂੰ ਆਪਣੇ ਆਪ ਨੂੰ ਮਰੀਜ਼ ਤਾਂ ਮਹਿਸੂਸ ਹੋਣ ਹੀ ਨਹੀਂ ਦਿੱਤਾ ਅਤੇ ਅੱਜ ਇਸ ਸੇਵਾ ਦਾ ਨਤੀਜਾ ਹੀ ਹੈ ਕਿ ਉਹ ਆਪਣੇ ਘਰਾਂ ਨੂੰ ਸਿਹਤਮੰਦ ਹੋ ਕੇ ਜਾ ਰਹੇ ਹਨ।
ਦੋਵੇਂ ਭਰਾਵਾਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਉਸ ਹੱਦ ਤੱਕ ਹੀ ਖਤਰਨਾਕ ਹੈ, ਜਦੋਂ ਤੱਕ ਅਸੀਂ ਲਾਪ੍ਰਵਾਹ ਹਾਂ। ਜੇਕਰ ਅਸੀਂ ਆਪਣੇ ਪ੍ਰਤੀ ਸੁਹਿਰਦ ਹੋ ਜਾਂਦੇ ਹਾਂ ਤਾਂ ਅਸੀਂ ਇਸ ਦੇ ਪੀੜਤ ਹੋਣ ਬਾਅਦ ਵੀ ਪੂਰੇ ਹੌਂਸਲੇ ਨਾਲ ਇਸ ਦਾ ਮੁਕਾਬਲਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਪਾਲਣ ਜ਼ਰੂਰ ਕੀਤਾ ਜਾਵੇ ਅਤੇ ਜੇਕਰ ਫ਼ਿਰ ਵੀ ਕੋਈ ਵਿਅਕਤੀ ਇਸ ਤੋਂ ਪੀੜਤ ਹੋ ਵੀ ਜਾਵੇ ਤਾਂ ਬੁਲੰਦ ਹੌਂਸਲੇ ਨਾਲ ਇਸ ਦਾ ਮੁਕਾਬਲਾ ਕੀਤਾ ਜਾਵੇ ਅਤੇ ਇਸ ’ਤੇ ਜਿੱਤ ਪ੍ਰਾਪਤ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਤਾਇਨਾਤ ਸਟਾਫ਼ ਦਾ ਇਨ੍ਹਾਂ ਮਰੀਜ਼ਾਂ ਨਾਲ ਅਜਿਹਾ ਭਾਵੁਕ ਰਿਸ਼ਤਾ ਬਣ ਗਿਆ ਹੈ ਕਿ ਉਹ ਇਨ੍ਹਾਂ ਨੂੰ ਘਰ ਤੋਰਨ ਵੇਲੇ ਸਮੂਹਿਕ ਤੌਰ ’ਤੇ ਇਕੱਠੇ ਹੋ ਕੇ ਉਨ੍ਹਾਂ ਨੂੰ ਅਲਵਿਦਾ ਆਖਣ ਆਉਂਦੇ ਹਨ। ਐਸ ਐਮ ਓ ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ਲਈ ਵੱਡੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਕੋਵਿਡ-19 ਮਰੀਜ਼ ਨੂੰ ਘਰ ਜਾਣ ਤੱਕ ਇੱਥੇ ਕੋਈ ਤਕਲੀਫ਼ ਨਾ ਆਵੇ। ਇਸੇ ਲਈ ਉਨ੍ਹਾਂ ਦੀ ਹਰ ਲੋੜ ਦਾ ਖਿਆਲ ਰੱਖਣ ਤੋਂ ਇਲਾਵਾ ਉਨ੍ਹਾਂ ਦੇ ਹੌਂਸਲੇ ਨੂੰ ਬੁਲੰਦ ਰੱਖਣ ਲਈ ਕੌਂਸਲਿੰਗ ਤੱਕ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਡਾ. ਗੁਰਪਾਲ ਕਟਾਰੀਆ, ਐਮ ਐਲ ਟੀ ਨੀਰਜ ਕੁਮਾਰ ਕੰਵਲ ਨੈਣ ਤੇ ਜਗਤਾਰ ਸਿੰਘ, ਸਟਾਫ਼ ਨਰਸ ਜੋਤੀ ਸਰੂਪ, ਕਲੈਰੀਕਲ ਸਟਾਫ਼ ’ਚੋਂ ਰੇਖਾ, ਚਮਨ ਲਾਲ ਡਰਾਇਵਰ ਤੇ ਦਰਜਾ ਚਾਰ ਪ੍ਰਦੀਪ ਵੀ ਮੌਜੂਦ ਸਨ। ਐਸ ਐਮ ਓ ਡਾ. ਹਰਿਵੰਦਰ ਸਿੰਘ ਅਨੁਸਾਰ ਠੀਕ ਹੋਏ ਮਰੀਜ਼ਾਂ ਨੂੰ ਹਸਪਤਾਲ ਤੋਂ ਘਰ ਤੱਕ ਐਂਬੂਲੈਂਸ ’ਤੇ ਭੇਜਿਆ ਜਾ ਰਿਹਾ ਹੈ।