ਪੋਲੀਓ ‘ਤੇ ਜਿੱਤ ਬਰਕਰਾਰ ਰੱਖਣ ਲਈ ਸਿਹਤ ਵਿਭਾਗ ਸ਼ੁਰੂ ਕਰੇਗਾ ਆਈ.ਪੀ.ਵੀ. ਦੀ ਤੀਜੀ ਖੁਰਾਕ - ਸਿਵਲ ਸਰਜਨ
ਕਿਹਾ, ਮਾਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਜ਼ਰੂਰ ਕਰਵਾਉਣ
ਫਿਰੋਜ਼ਪੁਰ, 26 ਦਸੰਬਰ 2022:
ਸਿਹਤ ਵਿਭਾਗ ਵੱਲੋਂ 0 ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਅ ਲਈ ਰਾਸ਼ਟਰੀ ਟੀਕਾਕਰਨ ਸੂਚੀ ਮੁਤਾਬਕ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਇਸ ਮੰਤਵ ਲਈ ਸਿਹਤ ਸੰਸਥਾਵਾਂ ਅਤੇ ਦੂਰ ਦੁਰਾਡੇ ਖੇਤਰਾਂ ਵਿੱਚ ਨਿਰਧਾਰਤ ਸ਼ਡਿਊਲ ਮੁਤਾਬਿਕ ਕੈਂਪ ਲਗਾਏ ਜਾਂਦੇ ਹਨ। ਵਿਭਾਗ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਆਗਾਮੀ 01 ਜਨਵਰੀ ਤੋਂ ਆਈ.ਪੀ.ਵੀ. ਦੀ ਤੀਜੀ ਖੁਰਾਕ ਦਾ ਟੀਕਾ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਸਿਹਤ ਸੁਨੇਹੇ ਦਿੰਦੇ ਹੋਏ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਪੋਲੀਓ ਵੈਕਸੀਨ ਦੀ ਇਹ ਇੰਜੈਕਟੇਬਲ ਖੁਰਾਕ ਬੱਚੇ ਨੂੰ 09 ਤੋਂ 12 ਮਹੀਨੇ ਦੀ ਉਮਰ ਵਿੱਚ ਮੀਜ਼ਲ ਰੁਬੈਲਾ ਦੇ ਟੀਕੇ ਨਾਲ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਭਾਰਤ ਵਿੱਚ ਆਖਰੀ ਪੋਲੀਓ ਕੇਸ ਸਾਲ 2011 ਵਿੱਚ ਰਿਪੋਰਟ ਹੋਇਆ ਸੀ ਪਰੰਤੂ ਅਜੇ ਵੀ ਕੁੱਝ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਸਾਹਮਣੇ ਆ ਰਹੇ ਹਨ। ਇਸੇ ਲਈ ਵਿਸ਼ਵ ਸਿਹਤ ਸੰਸਥਾ ਦੀਆਂ ਗਾਈਡਲਾਈਨਜ਼ ਮੁਤਾਬਿਕ ਸਰਕਾਰ ਵੱਲੋਂ ਜਾਰੀ ਰੁਟੀਨ ਟੀਕਾਕਰਨ ਸਾਰਨੀ ਅਨੁਸਾਰ ਜੀਰੋ ਪੋਲੀਓ ਖੁਰਾਕ, ਡੇਢ ਮਹੀਨੇ, ਢਾਈ ਮਹੀਨੇ ਅਤੇ ਸਾਡੇ ਤਿੰਨ ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਓਰਲ ਪੋਲੀਓ ਦੀਆਂ ਖੁਰਾਕਾਂ ਤੋਂ ਇਲਾਵਾ ਇਸ ਦੀ ਬੂਸਟਰ ਡੋਜ਼ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਬੱਚਿਆਂ ਅੰਦਰ ਪੋਲੀਓ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੁਖਤਾ ਕਰਨ ਹਿੱਤ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ਤੇ ਪੋਲੀਓ ਵਿਰੱਧ ਇਜੈਕਟੇਬਲ ਵੈਕਸੀਨ(ਆਈ.ਪੀ.ਵੀ.) ਦੀਆਂ ਦੋ ਖੁਰਾਕਾਂ ਵੀ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੱਤੀ ਵਿਭਾਗ ਵੱਲੋਂ ਪੋਲੀਓ ਵਿਰੁੱਧ ਕੀਤੇ ਜਾਂਦੇ ਰੁਟੀਨ ਟੀਕਾਕਰਨ ਤੋਂ ਇਲਾਵਾ ਸਮੇਂ-ਸਮੇਂ ‘ਤੇ ਪਲਸ ਪੋਲੀਓ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ। ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਜ਼ਿਲਾ ਨਿਵਾਸੀਆਂ ਨੂੰ ਕੀਤੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਮਾਪੇ ਆਪਣੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਕਿ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਇਆ ਜਾ ਸਕੇ ਅਤੇ ਪੋਲੀਓ ‘ਤੇ ਜਿੱਤ ਬਰਕਰਾਰ ਰੱਖੀ ਜਾ ਸਕੇ।