ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ’ਚ ਜਾਨ ਫੂਕਣ ਲਈ ਐਤਵਾਰ ਨੂੰ ਵੀ ਡਟੇ ਰਹੇ ਸਿਹਤ ਅਧਿਕਾਰੀ

ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਟੀਕਾਕਰਨ ਮੁਹਿੰਮ ਦੀ ਖੁਦ ਕਰ ਰਹੇ ਨੇ ਨਿਗਰਾਨੀ

ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ’ਚ ਜਾਨ ਫੂਕਣ ਲਈ ਐਤਵਾਰ ਨੂੰ ਵੀ ਡਟੇ ਰਹੇ ਸਿਹਤ ਅਧਿਕਾਰੀ

ਨਵਾਂਸ਼ਹਿਰ:  ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਛੇੜ ਦਿੱਤੀ ਹੈ ਅਤੇ ਇਸ ਮੁੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਐਤਵਾਰ ਨੂੰ ਵੀ ਆਪਣੀ ਟੀਕਾਕਰਨ ਡਿਊਟੀ ਉੱਤੇ ਡਟੇ ਰਹੇ। ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਬਲਾਕ ਵਿੱਚ ਹੁਣ ਹਫਤੇ ਦੇ ਸਾਰੇ ਦਿਨ ਯੋਗ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਅਤੇ ਰੂਰਲ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼ ਨੇ ਅੱਜ ਤੰਦਰੁਸਤ ਪੰਜਾਬ ਹੈਲਥ ਵੈਲਨੈਸ ਸੈਂਟਰ ਮੱਲਪੁਰ ਅੜਕਾਂ ਅਤੇ ਜੱਬੋਵਾਲ ਸਮੇਤ ਵੱਖ-ਵੱਖ ਟੀਕਾਕਰਨ ਸੈਂਟਰਾਂ ਉੱਤੇ ਚੱਲ ਰਹੇ ਕੋਵਿਡ ਰੋਕੂ ਟੀਕਾਕਰਨ ਦੇ ਕੰਮ ਦਾ ਜਾਇਜ਼ਾ ਲਿਆ।
 
ਇਸ ਮੌਕੇ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ “ਆਓ ਆਪਾਂ ਸਾਰੇ ਇਹ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਅਕਤੀ ਇਹ ਟੀਕਾ ਲਗਵਾਏ।” ਕੋਵਿਡ ਦੇ ਫੈਲਾਅ ਨੂੰ ਰੋਕਣ ਅਤੇ ਸਿਹਤਮੰਦ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਸਿਹਤ ਵਿਭਾਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾਂ ਨੂੰ ਵੀ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

ਇਸ ਦੌਰਾਨ ਰੂਰਲ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਨ ਲਈ ਇਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕੋਵਿਡ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾਈ ਇਹ ਮੁਹਿੰਮ ਹੁਣ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ ਵਿੱਚ ਸਿਲਸਲੇਵਾਰ ਢੰਗ ਨਾਲ ਅੱਗੇ ਵਧ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਉੱਥੋਂ ਦੇ ਆਮ ਲੋਕਾਂ ਨੂੰ ਕੋਵਿਡ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਕੋਵਿਡ ਦੇ ਟੀਕੇ ਨਾਲ ਸਬੰਧਤ ਭਰਮ-ਭੁਲੇਖਿਆਂ ਤੇ ਮਿੱਥਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਮੁਹਿੰਮ ਨੂੰ ਕਾਮਯਾਬ ਬਣਾਇਆ ਜਾ ਸਕੇ।