ਇਮਾਨਦਾਰੀ ਜਿੰਦਾ ਹੈ- ਏ.ਐਸ.ਆਈ. ਇੰਦਰਜੀਤ ਸਿੰਘ ਵੱਲੋ ਕੀਤੀ ਇਮਾਨਦਾਰੀ ਦੀ ਮਿਸਾਲ ਕਾਇਮ
ਗੁੰਮ ਹੋਇਆ ਕੀਮਤੀ ਪਾਰਸਲ, ਬਰਾਮਦ ਕਰਕੇ ਮਾਲਕ ਨੂੰ ਕੀਤਾ ਸਪੁਰਦ

ਲੁਧਿਆਣਾ: ਪੁਲਿਸ ਵਿਭਾਗ ਦੇ ਸਹਾਇਕ ਸਬ-ਇੰਸਪੈਕਟਰ ਸ.ਇੰਦਰਜੀਤ ਸਿੰਘ ਵੱਲੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਗੁੰਮ ਹੋਇਆ ਕੀਮਤੀ ਸਮਾਨ ਦਾ ਪਾਰਸਲ ਬਰਾਮਦ ਕਰਕੇ ਉਸਦੇ ਮਾਲਕ ਨੂੰ ਸਪੁਰਦ ਕੀਤਾ।
ਕਾਬਿਲੇਗੌਰ ਹੈ ਕਿ ਸਹਾਇਕ ਸਬ-ਇੰਸਪੈਕਟਰ ਸ.ਇੰਦਰਜੀਤ ਸਿੰਘ, ਸਥਾਨਕ ਚੰਡੀਗੜ੍ਹ ਰੋਡ 'ਤੇ ਵੀਰ ਪੈਲੇਸ ਇਲਾਕੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸੀ, ਜਿੱਥੇ ਬੀਤੇ ਕੱਲ ਉਨ੍ਹਾ ਨੂੰ ਇੱਕ ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾ ਦਾ ਇੱਕ ਕੀਮਤੀ ਪਾਰਸਲ ਵੀਰ ਪੈਲੇਸ ਤੋਂ ਕੋਹਾੜਾ ਰੋਡ 'ਤੇ ਕਿੱਧਰੇ ਡਿੱਗ ਪਿਆ ਹੈ। ਸ੍ਰੀ ਇੰਦਰਜੀਤ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਸਾਥੀ ਪੰਜਾਬ ਹੋਮਗਾਰਡ ਦੇ ਜਵਾਨ ਸ੍ਰੀ ਸਾਲਿਗ ਰਾਮ ਦੇ ਸਹਿਯੋਗ ਨਾਲ ਗੁਆਚੇ ਪਾਰਸਲ ਦੀ ਪੜਤਾਲ ਸੁਰੂ ਕਰ ਦਿੱਤੀ ਗਈ, ਜੋ ਉਨ੍ਹਾਂ ਨੂੰ ਦੇਰ ਰਾਤ ਬਰਾਮਦ ਹੋਇਆ। ਏ.ਐਸ.ਆਈ. ਇੰਦਰਜੀਤ ਸਿੰਘ ਵੱਲੋਂ ਕਰਮਚਾਰੀ ਵਿਜੇ ਪਾਸਵਾਨ ਨੂੰ ਫੋਨ 'ਤੇ ਪਾਰਸਲ ਮਿਲਣ ਬਾਰੇ ਇਤਲਾਹ ਦਿੱਤੀ ਗਈ, ਜੋ ਅੱਜ ਉਨ੍ਹਾਂ ਨੂੰ ਸਪੁਰਦ ਕਰ ਦਿੱਤਾ ਗਿਆ।
ਕੋਰੀਅਰ ਕੰਪਨੀ ਦੇ ਕਰਮਚਾਰੀ ਵਿਜੇ ਪਾਸਵਾਨ ਵੱਲੋਂ ਪੁਲਿਸ ਪ੍ਰਸਾਸ਼ਨ ਦਾ ਤਹਿਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਉਸਨੂੰ ਗੁੰਮ ਹੋਇਆ ਕੀਮਤੀ ਪਾਰਸਲ ਵਾਪਸ ਮਿਲਿਆ, ਕਿਉਂਕਿ ਪਾਰਸਲ ਨਾ ਮਿਲਣ ਦੀ ਸੂਰਤ ਵਿੱਚ ਉਸਦੀ ਨੌਕਰੀ ਵੀ ਜਾ ਸਕਦੀ ਸੀ।
ਇਲਾਕੇ ਵਿੱਚ ਚਰਚਾ ਹੋ ਰਹੀ ਹੈ ਕਿ ਏ.ਐਸ.ਆਈ. ਇੰਦਰਜੀਤ ਸਿੰਘ ਦੀ ਇਮਾਨਦਾਰੀ ਕਰਕੇ ਜਿੱਥੇ ਅੱਜ ਕੋਰੀਅਰ ਕੰਪਨੀ ਦੇ ਕਰਮਚਾਰੀ ਦੀ ਨੌਕਰੀ ਸੁਰੱਖਿਅਤ ਹੈ ਉੱਥੇ ਹੀ ਪੁਲਿਸ ਪ੍ਰਸਾਸ਼ਨ 'ਤੇ ਲੋਕਾਂ ਵੀ ਦਾ ਭਰੋਸਾ ਵਧਿਆ ਹੈ।