ਫਸਲੀ ਵਿਭਿੰਨਤਾ ਲਿਆਉਣ ਲਈ ਜ਼ਿਲ੍ਹੇ ਅੰਦਰ ਸਥਾਪਿਤ ਕੀਤੀ ਜਾਵੇਗੀ ਬਾਗਬਾਨੀ ਅਸਟੇਟ-ਰਜ਼ਨੀਸ ਦਹੀਆ
14 ਏਕੜ ਵਿੱਚ 20 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ ਬਾਗਬਾਨੀ ਅਸਟੇਟ

ਫਿਰੋਜ਼ਪੁਰ, 12 ਦਸੰਬਰ, 2022: ਕਣਕ-ਝੋਨੇ ਦੀ ਪੈਦਾਵਾਰ ਘਟਣ ਅਤੇ/ ਖੇਤੀ ਵਿੱਚ ਖੜੋਤ ਹੋਣ ਕਾਰਣ ਕਿਸਾਨਾਂ ਦਾ ਮੁਨਾਫਾ ਘੱਟ ਹੋ ਰਿਹਾ ਹੈ ਅਤੇ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ । ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਾਗਬਾਨੀ ਫਸਲਾਂ ਨੂੰ ਪ੍ਰਫੁਲਿਤ ਕਰਨ, ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਦੇ ਮਕਸਦ ਨਾਲ ਜ਼ਿਲ੍ਹੇ/ ਅੰਦਰ 14 ਏਕੜ ਵਿੱਚ 20 ਕਰੋੜ ਦੀ ਲਾਗਤ ਨਾਲ ਬਾਗਬਾਨੀ ਅਸਟੇਟ ਸਥਾਪਿਤ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜ਼ਨੀਸ ਦਹੀਆ ਨੇ ਡਿਪਟੀ ਡਾਇਰੈਕਟਰ ਬਾਬਗਾਨੀ ਡਾ.ਬਲਕਾਰ ਸਿੰਘ ਅਤੇ ਪ੍ਰੋਜੈਕਟ ਅਫਸਰ ਸ੍ਰੀ ਸਿਮਰਨ ਸਿੰਘ ਨਾਲ ਵਿਚਾਰ-ਵਟਾਦਰਾਂ ਕਰਦੇ ਹੋਏ ਕੀਤਾ। ਵਿਧਾਇਕ ਦਹੀਆ ਨੇ ਦੱਸਿਆ ਕਿ ਇਸ ਬਾਗਬਾਨੀ ਅਸਟੇਟ ਵਿੱਚ ਕਿਸਾਨਾਂ ਨੂੰ ਨਵੀਨਤਮ ਮਸ਼ੀਨਰੀ ਦੇ ਨਾਲ-ਨਾਲ ਚੰਗੀ ਕੁਆਲਿਟੀ ਦਾ ਬੀਜ, ਫਸਲਾਂ ਲਈ ਦਵਾਈਆਂ, ਫਰਟੀਲਾਇਜ਼ਰ, ਉੱਚ ਕੁਆਲਿਟੀ ਦੇ ਫਲਦਾਰ ਬੂਟੇ ਬਹੁਤ ਹੀ ਵਾਜਿਬ ਰੇਟ ਉੱਤੇ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਹਾਇਕ ਧੰਦੇ ਜਿਵੇਂ ਕਿ ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ ਅਤੇ ਗਡੋਇਆ ਦੀ ਖਾਦ ਤਿਆਰ ਕਰਨ ਦੀ ਟਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜ਼ੋ ਉਹ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਆਪਣਾ ਜੀਵਨ ਪੱਧਰ ਉੱਚਾ ਕਰ ਸਕਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਵਿੱਚ ਸਥਾਪਿਤ ਹੋਣ ਵਾਲੀ ਅਸਟੇਟ ਵਿੱਚ ਪਲਾਂਟ ਹੈਲਥ ਕਲੀਨਿਕ ਅਤੇ ਮਿੱਟੀ ਪਰਖ ਲੈਬ ਦੀ ਸਹੂਲਤ ਵੀ ਹੋਵੇਗੀ ਤਾਂ ਜ਼ੋ ਖੇਤੀ ਉੱਪਰ ਹੋਣ ਵਾਲੇ ਬੇਲੋੜੇ ਖਰਚਿਆਂ ਨੂੰ ਘਟਾਇਆ ਜਾ ਸਕੇ। ਬਾਗਬਾਨਾਂ/ਕਿਸਾਨਾਂ ਨੂੰ ਤੁੜਾਈ ਤੋ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਮਾਰਕੀਟਿੰਗ ਵਿੰਗ ਅਤੇ ਪ੍ਰੋਸੈਸਿੰਗ-ਕਮ-ਸਿਖਲਾਈ ਕੇਂਦਰ ਵੀ ਸਥਾਪਿਤ ਹੋਣਗੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਬਜ਼ੀਆਂ ਅਤੇ ਫਲਾਂ ਨਾਲ ਸਬੰਧਤ ਨਵੀਆਂ ਇਜ਼ਾਤ ਕੀਤੀਆਂ ਕਿਸਮਾਂ ਦੇ ਪ੍ਰਦਰਸ਼ਨੀ ਪਲਾਟ ਲਗਾਏ ਜਾਣਗੇ ਅਤੇ ਸਮੇਂ-ਸਮੇਂ ਤੇ ਕੈਪ ਲਗਾ ਕੇ ਬਾਗਬਾਨੀ ਨਾਲ ਸਬੰਧਤ ਨਵੀਆਂ-ਨਵੀਆਂ ਖੋਜਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।