ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਨਟੈਂਸਿਵ ਕੇਅਰ ਯੂਨਿਟ ਸਥਾਪਿਤ ਹੋਣਗੇ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

ਰਾਜ ਵਿੱਚ 50 ਨਵੇਂ ਵੈਂਟੀਲੇਟਰਾਂ ਦੀ ਸਪਲਾਈ ਆਈ

ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਨਟੈਂਸਿਵ ਕੇਅਰ ਯੂਨਿਟ ਸਥਾਪਿਤ ਹੋਣਗੇ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨਵਾਂਸ਼ਹਿਰ ’ਚ ਸ਼ਨਿੱਚਰਵਾਰ ਨੂੰ ਕੋਵਿਡ-19 ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ।

ਨਵਾਂਸ਼ਹਿਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਇੰਨਟੈਂਸਿਵ ਕੇਅਰ ਵਾਰਡ ਬਣਾਏ ਜਾਣਗੇਬ ਜਿੱਥੇ ਵੈਂਟੀਲੇਟਰ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਹੋਣਗੀਆਂ।
ਸ੍ਰੀ ਸਿੱਧੂ ਜੋ ਕਿ ਇੱਥੇ ਕੋਰੋਨਾ ਵਾਇਰਸ ਦੇ ਕੇਸਾਂ ਬਾਅਦ ਉਤਪੰਨ ਹੋਈ ਸਥਿਤੀ ਦਾ ਜਾਇਜ਼ਾ ਲੈਣ ਆਏ ਸਨ, ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਜ਼ਿਲ੍ਹਾ ਹਸਪਤਾਲਾਂ ’ਚ ਲਾਏ ਜਾਣ ਵਾਲੇ 50 ਵੈਂਟੀਲੇਟਰਾਂ ਦੀ ਸਪਲਾਈ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਈ ਸੀ ਯੂ ਵਾਰਡਾਂ ਅਤੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਬੇਹੋਸ਼ੀ ਮਾਹਿਰ ਡਾਕਟਰਾਂ ਨੂੰ ਨਾਮੀਂ ਸਿਹਤ ਸੰਸਥਾਵਾਂ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ ਤਾਂ ਜੋ ਉਹ ਆਈ ਸੀ ਯੂ ਵਾਰਡਾਂ ਨੂੰ ਬੇਹਤਰ ਢੰਗ ਨਾਲ ਚਲਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਨਵਾਂਸ਼ਹਿਰ ਨੂੰ ਦੋ ਵੈਂਟੀਲੇਟਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ, ਜਿਹੜੇ ਕਿ ਲੋੜੀਂਦਾ ਬੁਨਿਆਦੀ ਢਾਂਚਾ ਮੁਕੰਮਲ ਹੋਣ ਬਾਅਦ ਕਾਰਜਸ਼ੀਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਜੇਕਰ ਕਿਸੇ ਮਰੀਜ਼ ਨੂੰ ਹੰਗਾਮੀ ਹਾਲਤ ’ਚ ਵੈਂਟੀਲੇਟਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਨੇੜਲੇ ਜ਼ਿਲ੍ਹੇ ’ਚ ਤਬਦੀਲ ਕਰ ਲਿਆ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਬਣੀ ਸਥਿਤੀ ਨੂੰ ਸੰਭਾਲਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਲੜੀ ਨੂੰ ਤੋੜਨ ਲਈ ਖਬਰਦਾਰ ਰਹਿਣਾ ਪਵੇਗਾ ਅਤੇ ਕੀਤੇ ਜਾ ਰਹੇ ਯਤਨਾਂ ਨੂੰ ਬਰਕਰਾਰ ਰੱਖਣਾ ਪਵੇਗਾ। ਸਿਵਲ ਸਰਜਨ ਨੇ ਇਸ ਮੌਕੇ ਦੱਸਿਆ ਕਿ ਸਿਹਤ ਵਿਭਾਗ ਜੰਗੀ ਪੱਧਰ ’ਤੇ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਆਪਣੇ ਯਤਨਾਂ ’ਚ ਇਸ ਦੇ ਖਾਤਮੇ ਤੱਕ ਢਿੱਲ ਨਹੀਂ ਆਉਣ ਦੇਵੇਗਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਮੀਟਿੰਗ ਦੌਰਾਨ ਸਮੂਹ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਤੋਂ ਪੀੜਤ ਮਰੀਜ਼ਾਂ ਬਾਰੇ ਰੋਜ਼ਾਨਾ ਸਿਵਲ ਸਰਜਨ ਨੂੰ ਰਿਪੋਰਟ ਦੇਣ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਹਸਪਤਾਲਾਂ ’ਚ ਦਵਾਈਆ ਦੀ ਮੌਜੂਦਗੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹੇ ’ਚ ਦਵਾਈਆਂ ਦੀ ਲੋੜੀਂਦੀ ਸਪਲਾਈ ਅਤੇ ਟੈਸਟਿੰਗ ਕਿੱਟਾਂ ਦੀ ਸਪਲਾਈ ’ਚ ਕੋਈ ਕਮੀ ਨਾ ਆਉਣ ਦੇਣ ਦਾ ਭਰੋਸਾ ਦਿਵਾਇਆ।
ਉਨ੍ਹਾਂ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਆਟਾ ਮਿੱਲਾਂ ਨੂੰ ਨਿਯਮਿਤ ਆਧਾਰ ’ਤੇ ਚਲਾਉਣ ਲਈ ਵੀ ਆਖਿਆ ਤਾਂ ਜੋ ਜ਼ਰੂਰਤ ਮੰਦ ਲੋਕਾਂ ਨੂੰ
ਮੁਸ਼ਕਿਲ ਨਾ ਆਵੇ।
ਸੂਬੇ ’ਚ ਕੋਵਿਡ-19 ਕੇਸਾਂ ਦੀ ਤਾਜ਼ਾ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਅੱਜ ਸਾਰੀਆਂ ਹੀ ਰਿਪੋਰਟਾਂ ਨੈਗਟਿਵ ਆਈਆਂ ਹਨ। ਉਨ੍ਹਾ ਦੱਸਿਆ ਕਿ ਹੁਣ ਤੱਕ ਲਏ ਗਏ 838 ਸੈਂਪਲਾਂ ’ਚੋਂ 596 ਨੈਗੇਟਿਵ ਆਏ ਹਨ ਤੇ 38 ਪਾਜ਼ੇਟਿਵ ਆਏ ਹਨ ਜਦਕਿ ਬਾਕੀਆਂ ਦਾ ਨਤੀਜਾ ਆਉਣਾ ਬਾਕੀ ਹੈ। ਸ਼ਹੀਦ ਭਗਤ ਸਿਘ ਨਗਰ ’ਚ ਹੁਣ ਤੱਕ 123 ਸੈਂਪਲ ਨੈਗੇਟਿਵ ਆਉਣ ਬਾਰੇ ਅਤੇ 19 ਪਾਜ਼ੇਟਿਵ ਆਉਣ ਬਾਰੇ ਵੀ ਉਨ੍ਹਾਂ ਜਾਣਕਾਰੀ ਦਿੱਤੀ।
ਇਸ ਮੁਲਾਂਕਣ ਮੀਟਿੰਗ ਵਿੱਚ ਐਮ ਐਲ ਏ ਅੰਗਦ ਸਿੰਘ ਨਵਾਂਸ਼ਹਿਰ, ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਬਲਾਚੌਰ, ਡੀ ਸੀ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਅਤੇ ਹੋਰ ਅਧਿਕਾਰੀ ਮੌਜੂਦ ਸਨ।