ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਕੋਵਿਡ ੧੯ ਨਾਲ ਲੜਨ ਲਈ ਚੁੱਕੇ ਕਦਮਾਂ 'ਤੇ ਤਸੱਲੀ ਜਾਹਰ ਕੀਤੀ
ਕਿਹਾ, ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ੧੫੦੦੦ ਕਰੋੜ ਰੁਪਏ ਮੌਜੂਦਾ ਸਥਿਤੀ ਵਿੱਚ ਸਿਹਤ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਘੱਟ
ਲੁਧਿਆਣਾ: ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਕੋਵਿਡ ੧੯ ਨਾਲ ਲੜਨ ਲਈ ਚੁੱਕੇ ਕਦਮਾਂ 'ਤੇ ਤਸੱਲੀ ਜਾਹਰ ਕਰਦੇ ਹੋਏ, ਕਿਹਾ ਹੈ ਕਿ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ ੧੫੦੦੦ ਕਰੋੜ ਰੁਪਏ ਮੌਜੂਦਾ ਸਥਿਤੀ ਵਿੱਚ ਸਿਹਤ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਘੱਟ ਹਨ। ਦੇਸ ਦੇ ੩੦ ਰਾਜਾਂ ਵਿੱਚ ਇਹ ਪੈਸਾ ਵੰਡਿਆ ਜਾਂਦਾ ਹੈ, ਤਾਂ ਇਹ ੫੦੦ ਕਰੋੜ ਰੁਪਏ ਬਣਦਾ ਹੈ। ਇਹ ਸਿਹਤ ਦੀਆਂ ਜਰੂਰਤਾਂ ਨੂੰ ਪੂਰਾ ਨਹੀਂ ਕਰਦਾ। ਇਕੱਲੇ ਕੇਰਲਾ ਰਾਜ ਨੇ ੨੦੦੦੦ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ, ਫਿਰ ਕੇਂਦਰ ਲੋੜੀਂਦੇ ਫੰਡਾਂ ਦੀ ਘੋਸਣਾ ਕਰਨ ਤੋਂ ਕਿਉਂ ਪਰਹੇਜ ਕਰ ਰਿਹਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਗਰੀਬ ਲੋਕਾਂ ਲਈ ਸਿਰਫ ਚਿੰਤਾ ਜਾਹਰ ਕੀਤੀ ਹੈ ,ਪਰ ਉਨ੍ਹਾਂ ਲਈ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ। ਰੋਜਾਨਾ ਦਿਹਾੜੀ ਕਰਨ ਵਾਲੇ ਨੂੰ ਸੰਕਟ ਦੀ ਇਸ ਘੜੀ ਵਿੱਚ ਚੰਗੇ ਭੋਜਨ ਅਤੇ ਪੋਸਣ ਦੀ ਜਰੂਰਤ ਹੁੰਦੀ ਹੈ।ਕੇਂਦਰ ਸਰਕਾਰ ਵੱਲੋਂ ਕੋਈ ਰਾਹਤ ਨਾ ਮਿਲਣ ਦੀ ਸੂਰਤ ਵਿਚ ਉਨ੍ਹਾਂ ਨੂੰ ਭੁੱਖਮਰੀ ਦੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ, ਜੋ ਦੇਸ ਲਈ ਇਕ ਗੰਭੀਰ ਮੁੱਦਾ ਹੋਵੇਗਾ। ਅਸੀਂ ੧੧੭ ਦੇਸਾਂ ਵਿੱਚੋਂ ਭੁੱਖਮਰੀ ਦੇ ਸੂਚਕ ਅੰਕ ਵਿੱਚ ਪਹਿਲਾਂ ਹੀ ੧੦੨ ਵੇਂ ਸਥਾਨ ਤੇ ਹਾਂ।
ਇਹ ਬਿਆਨ ਇੰਡੀਅਨ ਡਾਕਟਰਜ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਡਾ:ਅਰੁਣ ਮਿੱਤਰਾ
(ਸੀਨੀਅਰ ਮੀਤ ਪ੍ਰਧਾਨ) ਅਤੇ ਡਾ:ਸਕੀਲ ਉਰ ਰਹਿਮਾਨ (ਜਨਰਲ ਸਕੱਤਰ) ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ ਹੈ।