ਨਗਰ ਸੁਧਾਰ ਟਰੱਸਟ ਵਲੋਂ ਮਹਾਂਰਿਸ਼ੀ ਬਾਲਮੀਕ ਨਗਰ ਦੇ ਐਮ.ਆਈ.ਜੀ. ਫਲੈਟ 'ਚ ਨਾਜਾਇਜ਼ ਉਸਾਰੀ 'ਤੇ ਲਾਈ ਰੋਕ
ਆਮ ਜਨਤਾ ਨੂੰ ਅਪੀਲ, ਐਲ.ਆਈ.ਟੀ. ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਨਾ ਕੀਤਾ ਜਾਵੇ - ਚੇਅਰਮੈਨ ਤਰਸੇਮ ਸਿੰਘ ਭਿੰਡਰ
ਕਿਹਾ! ਉਲੰਘਣਾ ਕਰਨ ਵਾਲਿਆਂ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇਗਾ
ਲੁਧਿਆਣਾ, 18 ਦਸੰਬਰ, 2022: ਨਗਰ ਸੁਧਾਰ ਟਰੱਸਟ ਦੇ ਨਵਨਿਯੁਕਤ ਚੇਅਰਮੈਨ ਸ. ਤਰਸੇਮ ਸਿੰਘ ਭਿੰਡਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਾਇਕ ਟਰੱਸਟ ਇੰਜੀਨੀਅਰ ਸ. ਜਸਵਿੰਦਰ ਸਿੰਘ ਅਤੇ ਜੇ.ਈ. ਰਵਿੰਦਰ ਸਿੰਘ ਵੱਲੋਂ ਫ਼ੀਲਡ ਸਟਾਫ ਦੀ ਮਦਦ ਨਾਲ ਸਥਾਨਕ ਮਹਾਂਰਿਸ਼ੀ ਬਾਲਮੀਕ ਨਗਰ ਵਿਖੇ ਨਜ਼ਾਇਜ਼ ਉਸਾਰੀ ਨੂੰ ਰੋਕ ਦਿੱਤਾ ਗਿਆ।
ਨਗਰ ਸੁਧਾਰ ਟਰੱਸਟ, ਲੁਧਿਆਣਾ ਵੱਲੋਂ ਆਪਣੀਆਂ ਵੱਖ-ਵੱਖ ਵਿਕਾਸ ਸਕੀਮਾਂ ਵਿੱਚ ਨਜ਼ਾਇਜ਼ ਉਸਾਰੀਆਂ, ਇਨਕਰੋਚਮੈਂਟ ਸਬੰਧੀ ਸਮੇਂ-ਸਮੇਂ 'ਤੇ ਕਾਰਵਾਈ ਕੀਤੀ ਜਾਂਦੀ ਹੈ।
ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਨੇ ਵਿਸਥਾਰ ਨਾਲ ਦੱਸਿਆ ਕਿ ਮਹਾਂਰਿਸ਼ੀ ਬਾਲਮੀਕ ਨਗਰ (256 ਏਕੜ) ਸਕੀਮ ਲੁਧਿਆਣਾ ਵਿਚ ਵਾਈ-ਬਲਾਕ ਨੇੜੇ ਪੈਂਦੇ ਐਮ.ਆਈ.ਜੀ. ਫਲੈਟ ਨੰ.30-ਜੀ.ਐਫ਼. ਦੇ ਅਲਾਟੀ/ਨਿਵਾਸੀ ਸੰਜੀਵ ਬਜਾਜ ਵੱਲੋਂ ਫ਼ਲੈਟ ਪਿਛਲੇ ਪਾਸੇ ਫਲੈਟਾਂ ਦੀ ਬਾਊਂਡਰੀ ਵਾਲ ਭੰਨ ਕੇ ਦੋ ਪਿੱਲਰਾਂ ਦੀ ਮੱਦਦ ਨਾਲ ਨਜ਼ਾਇਜ਼ ਕਮਰਾ ਬਣਾਇਆ ਜਾ ਰਿਹਾ ਸੀ ਜਿਸ ਸਬੰਧੀ ਸ਼ਟਰਿੰਗ ਅਤੇ ਸਰੀਆ ਬੰਨਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਨਜ਼ਾਇਜ਼ ਉਸਾਰੀ ਸਬੰਧੀ ਪਹਿਲਾਂ ਵੀ ਫ਼ੀਲਡ ਸਟਾਫ਼ ਵੱਲੋਂ ਉਸਾਰੀ ਰੋਕੀ ਗਈ ਸੀ ਅਤੇ ਟਰੱਸਟ ਵੱਲੋਂ ਧਾਰਾ 195-ਏ ਦਾ ਪਹਿਲਾਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਮਾਲਕ/ਨਿਵਾਸੀ ਵੱਲੋਂ ਫ਼ਿਰ ਵੀ ਅੱਜ ਲੈਂਟਰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਨੂੰ ਅੱਜ ਰੋਕਣ ਸਮੇਂ ਮੌਕੇ 'ਤੇ ਹਾਜ਼ਰ ਲੋਕਾਂ ਵੱਲੋ ਕੰਮ ਰੋਕਣ ਦਾ ਵਿਰੋਧ ਵੀ ਕੀਤਾ ਗਿਆ ਪਰ ਸਰਕਾਰੀ ਅਮਲੇ ਵਲੋਂ ਉਸਾਰੀ ਨੂੰ ਰੋਕ ਦਿੱਤਾ ਗਿਆ ਹੈ।
ਨਗਰ ਸੁਧਾਰ ਟਰੱਸਟ, ਲੁਧਿਆਣਾ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਪ੍ਰੈਸ ਨੋਟ ਰਾਹੀਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ, ਲੁਧਿਆਣਾ ਦੀਆਂ ਵਿਕਾਸ ਸਕੀਮਾਂ ਵਿੱਚ ਅਲਾਟ ਕੀਤੀਆਂ ਜਾਇਦਾਦਾਂ ਅਤੇ ਅਨ-ਅਲਾਟਟਿਡ ਜਾਇਦਾਦਾਂ ਵਿਚ ਨਜ਼ਾਇਜ਼ ਉਸਾਰੀਆਂ ਨਾ ਕੀਤੀਆਂ ਜਾਵੇ ਅਤੇ ਨਾ ਹੀ ਇਨਕਰੋਚਮੈਂਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਦੇਣ ਉਪਰੰਤ ਕੋਈ ਵੀ ਅਜਿਹਾ ਕਰਦਾ ਹੈ ਤਾਂ ਸਰਕਾਰ ਵੱਲੋਂ ਜਾਰੀ ਰੂਲਾਂ/ਹਦਾਇਤਾਂ ਅਨੁਸਾਰ ਉਸਦੀ ਜਾਇਦਾਦ ਜ਼ਬਤ ਕਰਨ ਲਈ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ ਅਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।