ਸੰਵਿਧਾਨ ਦਿਵਸ ਦੇ ਸਬੰਧ ਵਿੱਚ ਗੁਰਦਾਸ ਰਾਮ ਮੈਮੋਰੀਅਲ ਸਕੂਲ (ਲੜਕੀਆਂ) ਜ਼ੀਰਾ ਵਿਖ ਸਮਾਰੋਹ ਦਾ ਆਯੋਜਨ
ਲੀਗਲ ਲਿਟਰੇਸੀ ਕਲੱਬਾਂ ਰਾਹੀਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
ਜ਼ੀਰਾ (ਫਿਰੋਜ਼ਪੁਰ) 23 ਨਵੰਬਰ, 2022: ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਵੀਰਇੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਲੀਗਲ ਲਿਟਰੇਸੀ ਕਲੱਬਾਂ ਰਾਹੀਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਚਮਕੌਰ ਸਿੰਘ ਦੇ ਸਹਿਯੋਗ ਨਾਲ ਸ਼੍ਰੀ ਰਾਕੇਸ਼ ਸ਼ਰਮਾ ਦੇ ਸ਼੍ਰੀ ਗੁਰਦਾਸ ਰਾਮ ਮੈਮੋਰੀਅਲ ਸਕੂਲ (ਲੜਕੀਆਂ) ਜ਼ੀਰਾ ਵਿਖੇ ਕਰਵਾਇਆ ਗਿਆ । ਇਸ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ । ਇਸ ਤੋਂ ਇਲਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵੀਰਇੰਦਰ ਅਗਰਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੇ ਸੰਵਿਧਾਨ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਉਨ੍ਹਾਂ ਭਾਰਤ ਦੇ ਸਾਰੇ ਨਾਗਰਿਕਾਂ ਦੇ ਮੌਲਿਕ ਫਰਜ਼ਾਂ ਅਤੇ ਅਧਿਕਾਰਾਂ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਇਨ੍ਹਾਂ ਅਧਿਕਾਰਾਂ ਤੋਂ ਪਹਿਲਾਂ ਆਪਣੇ ਮੌਲਿਕ ਫਰਜ਼ਾਂ ਨੂੰ ਜ਼ਰੂਰੀ ਤੌਰ ਤੇ ਨਿਭਾਉਣ ਦਾ ਸੰਦੇਸ਼ ਦਿੱਤਾ। ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਸੰਵਿਧਾਨ ਦਿਵਸ 26 ਨਵੰਬਰ ਨੂੰ ਮਨਾਇਆ ਜਾਂਦਾ ਹੈ ਪਰ ਬੱਚਿਆਂ ਦੇ ਪੇਪਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਦਿਵਸ ਅੱਜ ਹੀ ਮਨਾਉਣ ਦੀ ਤਜਵੀਜ ਰੱਖੀ ਗਈ ਸੀ। ਇਸ ਕਰਕੇ ਇਹ ਸਨਮਾਨ ਸਮਾਰੋਹ ਸੰਵਿਧਾਨ ਦਿਵਸ ਨੂੰ ਮਨਾੳੋੁਣ ਦੇ ਇਵਜ਼ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਮਿਸ ਏਕਤਾ ਉੱਪਲ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਦਫ਼ਤਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸਕੂਲ ਦਾ ਦੌਰਾ ਕਰਕੇ ਇੱਥੇ ਬਣੇ ਬਾਕਸਿੰਗ ਰਿੰਗ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰਾਨ ਬੱਚਿਆਂ ਨੇ ਬਾਕਸਿੰਗ ਮੁਕਾਬਲੇ ਦੇ ਵੀ ਜੌਹਰ ਦਿਖਾਏ । ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੂੰ ਸੰਵਿਧਾਨ ਨਾਲ ਸਬੰਧਤ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪੀ ਨਾਲ ਜਵਾਬ ਦਿੱਤੇ।
ਅੰਤ ਵਿੱਚ ਇਸ ਸਕੂਲ ਵਿੱਚ ਪਹੰੁਚੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਤੋਂ ਆਏ ਜੇਤੂ ਵਿਦਿਾਰਥੀਆਂ ਨੁੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਆਏ ਇੰਚਾਰਜ ਅਧਿਆਪਕ ਸਾਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਤੋਂ ਬਾਅਦ ਸਕੂਲ ਪ੍ਰਬੰਧਨ ਵੱਲੋਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।
ਇਸ ਮੌਕੇ ਮਿਸ ਹੇਮਾ ਤਲਵਾਰ ਪੈਨਲ ਐਡਵੋਕੇਟ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਲਖਵਿੰਦਰ ਸਿੰਘ ਵੀ ਹਾਜ਼ਰ ਸਨ।