ਸਿਹਤ ਵਿਭਾਗ ਵੱਲੋਂ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਦੀ ਸ਼ੁਰੂਆਤ  – ਸਿਵਲ ਸਰਜਨ

ਸਿਹਤ ਵਿਭਾਗ ਵੱਲੋਂ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਦੀ ਸ਼ੁਰੂਆਤ  – ਸਿਵਲ ਸਰਜਨ

ਲੁਧਿਆਣਾ , 4 ਜੁਲਾਈ, 2023: ਡਾ. ਹਿਤਿੰਦਰ ਕੌਰ ਸਿਵਲ ਸਰਜਨ ਲੁਧਿਆਣਾ ਦੀ ਦੇਖ ਰੇਖ ਹੇਠ ਸਿਹਤ ਵਿਭਾਗ ਲੁਧਿਆਣਾ ਵੱਲੋਂ 4 ਜੁਲਾਈ ਤੋਂ 17 ਜੁਲਾਈ ਤੱਕ ਤੀਬਰ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ 0-5 ਸਾਲ ਦੇ ਬੱਚਿਆਂ ਨੂੰ ਘਰ-ਘਰ ਜਾ ਕੇ ਓ.ਆਰ.ਐਸ. ਦੇ ਪੈਕੇਟ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਮੁਹਿੰਮ ਵਿੱਚ ਆਸ਼ਾ ਵਰਕਰਜ਼ ਵਲੋਂ ਪਰਿਵਾਰਾਂ ਨੂੰ ਸਾਫ ਸਫਾਈ ਰੱਖਣ,ਬੱਚਿਆਂ ਦੀ ਢੁਕਵੀਂ ਖੁਰਾਕ ਬਾਰੇ ਅਤੇ ਦਸਤ ਰੋਗਾਂ ਤੋਂ ਬਚਾਅ ਬਾਰੇ ਜਾਗਰੂਕ ਵੀ ਕੀਤਾ ਜਾਵੇਗਾ। ਉਹਨਾ ਅੱਗੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਦਸਤ ਰੋਗ ਤੋਂ ਬਚਾਅ ਲਈ ਓ.ਆਰ.ਐਸ. ਤੋਂ ਇਲਾਵਾ ਜਿੰਕ ਦੀ ਗੋਲੀ ਲਗਾਤਾਰ 14 ਦਿਨ ਤੱਕ ਦਿੱਤੇ ਜਾਣ ਸਬੰਧੀ ਉਚੇਚੇ ਤੌਰ ਤੇ ਜੋਰ ਦਿੱਤਾ ਜਾਵੇਗਾ।

ਇਸ ਮੌਕੇ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।  ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵੱਲੋਂ ਦਸਤ ਰੋਗ ਤੋਂ ਪੀੜਿਤ ਬੱਚਿਆਂ ਦੀ ਸ਼ਨਾਖਤ ਕਰਕੇ ਵਧੇਰੇ ਬੀਮਾਰ ਬੱਚਿਆਂ ਨੂੰ ਸਿਹਤ ਕੇਂਦਰਾਂ ਵਿਖੇ ਰੈਫਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪੰਦਰਵਾੜੇ ਦੌਰਾਨ ਏ.ਐਨ.ਐਮਜ਼. ਵੱਲੋਂ ਸਾਰੇ ਸਬ ਸੈਂਟਰਾਂ, ਪੀ.ਐਚਸੀਜ਼, ਸੀ.ਐਚ.ਸੀਜ਼,ਅਤੇ ਸਿਵਲ ਹਸਪਤਾਲਾਂ ਵਿਖੇ ਓ.ਆਰ.ਐਸ./ਜਿੰਕ ਕੌਰਨਰ ਸਥਾਪਿਤ ਕੀਤੇ ਜਾਣਗੇ ਜਿਥੇ ਓ.ਆਰ.ਐਸ. ਦਾ ਘੋਲ ਬਣਾਉਣ ਦੀ ਵਿਧੀ,ਜਿੰਕ ਦੀ ਗੋਲੀ ਘੋਲ ਕੇ ਪਿਲਾਉਣ ਦੀ ਵਿਧੀ ਸਿਖਾਈ ਜਾਵੇਗੀ ਅਤੇ ਲੋੜ ਅਨੁਸਾਰ ਉਪਚਾਰ ਵੀ ਕੀਤਾ ਜਾਵੇਗਾ।

ਉਨਾ  ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਏ.ਐਨ.ਐਮਜ਼. ਵੱਲੋਂ ਆਪਣੇ ਖੇਤਰ ਵਿੱਚ ਸਥਿਤ ਸਾਰੇ ਸਕੂਲਾਂ ਵਿੱਚ ਦਸਤ ਰੋਗ ਨੂੰ ਕੰਟਰੋਲ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ਤੇ ਹੱਥ ਧੋਣ ਦੀ ਉਚਿੱਤ ਤਕਨੀਕ ਸਿਖਾਈ ਜਾਵੇਗੀ। ਉਹਨਾ  ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਆਈ ਸੀ.ਡੀ.ਐਸ. ਵਿਭਾਗ ਦਾ ਇਸ ਮੁਹਿੰਮ ਵਿੱਚ ਵਿਸ਼ੇਸ਼ ਰੋਲ ਰਹੇਗਾ। ਇਹਨਾ ਵਿਭਾਗਾਂ ਦੇ ਸਹਿਯੋਗ ਨਾਲ ਹੀ ਸਿਹਤ ਵਿਭਾਗ ਵੱਲੋਂ ਸਮੁੱਚੀ ਮੁਹਿੰਮ ਚਲਾਈ ਜਾਵੇਗੀ। ਇਹਨਾ ਵਿਭਾਗਾਂ ਵੱਲੋਂ ਵੀ ਆਪਣੇ ਪੱਧਰ ਬੱਚਿਆਂ ਨੂੰ ਸਾਫ ਸਫਾਈ ਅਤੇ ਵਿਸ਼ੇਸ਼ ਕਰਕੇ ਹੱਥਾਂ ਦੀ ਸਫਾਈ ਬਾਰੇ ਅਸੈਂਬਲੀ ਅਤੇ ਮਿਡ ਡੇ ਮੀਲ ਮੌਕੇ ਜਾਗਰੂਕ ਕੀਤਾ ਜਾਵੇਗਾ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਮੌਜੂਦਾ ਮੌਸਮ ਵਿੱਚ ਆਪਣੀ ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਖੁੱਲੇ ਵਿੱਚ ਸ਼ੋਚ ਜਾਣ ਤੋਂ ਪਰਹੇਜ ਕੀਤਾ ਜਾਵੇ। ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਣਾ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਧੌਤੇ ਜਾਣ। ਜਿਆਦਾ ਪੱਕੇ ਫਲ ਤੇ ਸਬਜੀਆਂ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਬਾਸੀ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ।