ਜਰਖੜ ਹਾਕੀ ਲੀਗ -  ਸਬ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਰਾਮਪੁਰ  ਸੈਂਟਰ, ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਘਵੱਦੀ ਕਲੱਬ ਫਾਈਨਲ ਵਿੱਚ ਪੁੱਜੇ, ਫਾਈਨਲ ਅੱਜ  

ਓਲੰਪੀਅਨ ਰਾਜਿੰਦਰ ਸਿੰਘ ਨੇ ਬੱਚਿਆਂ ਦਾ ਲਗਾਇਆ ਹਾਕੀ ਕੋਚਿੰਗ ਦਾ ਕਲੀਨਿਕ  

ਜਰਖੜ ਹਾਕੀ ਲੀਗ -  ਸਬ ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਰਾਮਪੁਰ  ਸੈਂਟਰ, ਸੀਨੀਅਰ ਵਰਗ ਵਿੱਚ ਜਰਖੜ ਅਕੈਡਮੀ ਅਤੇ ਘਵੱਦੀ ਕਲੱਬ ਫਾਈਨਲ ਵਿੱਚ ਪੁੱਜੇ, ਫਾਈਨਲ ਅੱਜ  

ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ  ਕੌਮੀ ਹਾਕੀ ਖਿਡਾਰੀ  ਧਰਮਿੰਦਰ  ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਖੇਡੇ ਗਏ ਸੈਮੀਫਾਈਨਲ  ਮੈਚਾਂ ਵਿੱਚ ਜੇਤੂ ਰਹਿਕੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਗਿੱਲ ਕਲੱਬ ਘਵੱਦੀ ਨੇ ਫਾਈਨਲ ਵਿੱਚ ਪ੍ਰਵੇਸ਼ ਪਾਇਆ ਜਦਕਿ   ਜਦਕਿ  ਜੂਨੀਅਰ ਵਰਗ ਵਿੱਚ ਅਮਰਗੜ੍ਹ ਸਕੂਲ ਅਤੇ ਰਾਮਪੁਰ  ਕੋਚਿੰਗ ਸੈਂਟਰ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ  ।
ਜਰਖੜ ਸਟੇਡੀਅਮ ਵਿਖੇ ਚੱਲ ਰਹੀ ਲੀਗ ਦੇ ਸੀਨੀਅਰ ਵਰਗ ਦੇ ਪਹਿਲੇ ਸੈਮੀ ਫਾੲੀਨਲ ਵਿੱਚ ਜਰਖੜ ਅਕੈਡਮੀ ਨੇ ਗਿੱਲ ਕਲੱਬ ਧਮੋਟ ਨੂੰ  5-2 ਗੋਲਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ  ਪਰਗਟ ਸਿੰਘ ਨੇ 2 ਜਤਿੰਦਰਪਾਲ ਸਿੰਘ ਵਿੱਕੀ ,ਡਿੰਪੀ ਅਤੇ ਲਵਜੀਤ ਸਿੰਘ ਨੇ ਇਕ ਗੋਲ ਕੀਤਾ ਜਦ ਕਿ ਧਮੋਟ ਵੱਲੋਂ ਦੋਵੇਂ ਗੋਲ ਰਮਨਜੀਤ ਸਿੰਘ ਨੇ ਕੀਤੇ।  ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਗਿੱਲ ਕਲੱਬ ਘਵੱਦੀ ਨੇ  ਕੋਚ ਦਰਸ਼ਨ ਸਿੰਘ ਕਲੱਬ ਕਿਲਾ ਰਾਏਪੁਰ  ਨੂੰ 4-2 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਰੁਵਿੰਦਰਪਾਲ ਸਿੰਘ ਅਤੇ ਗੁਰਜੀਤ ਸਿੰਘ ਨੇ 2-2 ਗੋਲ ਕੀਤੇ ਜਦਕਿ ਕਿਲ੍ਹਾ ਰਾਏਪੁਰ ਵੱਲੋਂ ਸੁਖਪ੍ਰੀਤ ਅਤੇ ਰੌਬਿਨ 1-1 ਗੋਲ ਕੀਤਾ  ।
ਸਬ ਜੂਨੀਅਰ ਵਰਗ ਦੇ ਸੈਮੀਫਾਈਨਲ ਮੈਚਾਂ ਵਿੱਚ ਅਮਰਗੜ੍ਹ ਸਕੂਲ ਨੇ ਜਰਖੜ ਅਕੈਡਮੀ ਨੂੰ  2-1ਗੋਲਾਂ ਨਾਲ ਹਰਾਇਆ ਜੇਤੂ ਟੀਮ ਵੱਲੋਂ ਹਰਮਨ ਅਤੇ ਕੋਮਲਪ੍ਰੀਤ  ਨੇ 1-1ਗੋਲ ਕੀਤਾ ਜਦਕਿ ਜਰਖੜ ਵੱਲੋਂ ਮਾਨਵਦੀਪ ਸਿੰਘ ਨੇ ਇੱਕੋ ਇੱਕ ਗੋਲ ਕੀਤਾ ।ਦੂਸਰੇ ਸੈਮੀਫਾਈਨਲ ਵਿਚ ਰਾਮਪੁਰ ਕੋਚਿੰਗ ਸੈੰਟਰ  ਨੇ ਜਟਾਣਾ ਸਕੂਲ  ਨੂੰ  4-0 ਗੋਲਾਂ ਨਾਲ ਹਰਾਇਆ ਜੇਤੂ ਟੀਮ  ਵੱਲੋਂ ਨਵਜੋਤ ਅਤੇ ਅਨਮੋਲਦੀਪ ਨੇ 2-2 ਗੋਲ ਕੀਤੇ ।

 

ਓਲੰਪੀਅਨ ਰਾਜਿੰਦਰ ਸਿੰਘ ਨੇ ਬੱਚਿਆਂ ਨੂੰ ਦਿੱਤੇ ਹਾਕੀ ਟਿਪਸ  
ਅੱਜ ਦੇ ਮੈਚਾਂ ਦੌਰਾਨ ਪੰਜਾਬ ਹਾਕੀ ਦੇ ਚੀਫ ਕੋਚ ਅਤੇ ਓਲੰਪੀਅਨ ਰਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਇਸ ਮੌਕੇ ਓਲੰਪੀਅਨ ਰਜਿੰਦਰ ਸਿੰਘ ਨੇ  ਲੀਗ ਖੇਡ ਰਹੀਆਂ ਸਾਰੀਆਂ ਅਕੈਡਮੀਆਂ ਦੇ 200 ਦੇ ਕਰੀਬ  ਬੱਚਿਆਂ ਨੂੰ ਹਾਕੀ ਦੀਆਂ ਅਹਿਮ ਬਰੀਕੀਆਂ  ,ਸਟਿੱਕਵਰਕ ,ਟੈਕਲਿੰਗ , ਬਾਲ ਦਾ ਆਨ ਪ੍ਰਦਾਨ ,ਪਾਸਿੰਗ ,ਪਨੈਲਟੀ ਕਰਨ ਦੀ ਮੁੁਹਾਰਤ, ਹਾਕੀ ਦਾ ਡਿਸਿਪਲਨ , ਸਖ਼ਤ ਅਭਿਆਸ  ਅਤੇ ਹਾਕੀ  ਪ੍ਰਤੀ  ਸਮਰਪਿਤ ਭਾਵਨਾ ਆਦਿ ਹੋਰ ਗੱਲਾਂ ਬਾਰੇ ਜਾਗਰੂਕ ਕੀਤਾ ਉਨ੍ਹਾਂ ਨੇ ਇੱਕ ਘੰਟੇ  ਦੇ ਕਰੀਬ ਬੱਚਿਆਂ ਦਾ ਕੋਚਿੰਗ ਕਲੀਨਿਕ ਲਾਇਆ ਅਤੇ ਬੱਚਿਆਂ ਨੂੰ ਹਾਕੀ ਸਿੱਖਣ ਦਾ ਪਾਠ ਪੜ੍ਹਾਇਆ । ਬੱਚਿਆਂ ਨੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਓਲੰਪੀਅਨ ਪੱਧਰ ਦੇ ਖਿਡਾਰੀ ਬਨਣ ਦਾ ਪ੍ਰਣ ਕੀਤਾ। ਓਲੰਪੀਅਨ ਰਜਿੰਦਰ ਸਿੰਘ ਨੇ ਆਖਿਆ  ਕਿ ਜਰਖੜ ਹਾਕੀ ਅਕੈਡਮੀ ਪੰਜਾਬ ਦੀ ਹਾਕੀ ਦੇ ਭਵਿੱਖ ਦੀ ਵਿਰਾਸਤ ਹੈ । ਪੰਜਾਬ ਸਰਕਾਰ ਜਰਖੜ ਹਾਕੀ ਅਕੈਡਮੀ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ   ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜਲਦੀ ਹੀ ਸਬ ਜੂਨੀਅਰ ਪੱਧਰ ਦੀ ਇਕ ਹਾਕੀ ਲੀਗ ਸ਼ੁਰੂ ਕੀਤੀ ਜਾਵੇਗੀ ,ਜਿਸ ਦੇ ਮੈਚ ਪੰਜਾਬ ਦੀਆਂ ਵੱਖ ਵੱਖ  ਹਾਕੀ ਅਕੈਡਮੀਆਂ ਵਿੱਚ ਕਰਵਾਏ ਜਾਣਗੇ   ।ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਓਲੰਪੀਅਨ ਰਾਜਿੰਦਰ ਸਿੰਘ ਨੂੰ ਜਰਖੜ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ । ਇਸ ਮੌਕੇ ਭਾਰਤੀ ਹਾਕੀ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਸਮੂਹ ਬੱਚਿਆਂ ਨੂੰ ਲੱਡੂ ਵੰਡੇ ਗਏ ਅਤੇ ਓਲੰਪੀਅਨ ਰਜਿੰਦਰ ਸਿੰਘ ਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਸੁਰਜੀਤ ਹਾਕੀ ਕੋਚਿੰਗ ਸੈਂਟਰ ਦੇ ਮੁੱਖ ਕੋਚ ਦਵਿੰਦਰ ਸਿੰਘ, ਬਲਵਿੰਦਰ ਸਿੰਘ ਜਲੰਧਰ, ਪ੍ਰੋ ਸਵਿੰਦਰ ਸਿੰਘ ,ਬਿੰਦਰ ਸਿੰਘ ਜਰਮਨੀ  ,ਜਗਦੇਵ ਸਿੰਘ ਜਰਖੜ,  ਧਰਮਿੰਦਰ ਸਿੰਘ ਮਨੀ,   ਗੁਰਵਿੰਦਰ ਸਿੰਘ ਕਿਲ੍ਹਾ ਰਾਇਪੁਰ , ਹਰਕਮਲ ਸਿੰਘ ਕਿਲਾ ਰਾਇਪੁਰ   ,ਗੁਰਸਤਿੰਦਰ ਸਿੰਘ ਪਰਗਟ, ਗੁਰਜਿੰਦਰ ਸਿੰਘ ਜੌਨੀ  ਹਰਦੀੋਪ ਸਿੰਘ ਕੌਮੀ ਹਾਕੀ ਖਿਡਾਰੀ  ਪੀ ਐਨ ਬੀ ਬੈੰਕ,ਆਦਿ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਰ ਸਨ  ।  ਜਰਖੜ ਹਾਕੀ ਲੀਗ ਦੇ  ਫਾਈਨਲ ਮੁਕਾਬਲੇ  ਭਲਕੇ 8 ਅਗਸਤ ਦਿਨ  ਨੂੰ ਸ਼ਾਮ 4 ਵਜੇ ਤੋਂ 6 ਵਜੇ ਤਕ   ਖੇਡੇ ਜਾਣਗੇ  ।ਸੀਨੀਅਰ ਵਰਗ ਦਾ ਫਾਈਨਲ ਮੈਚ ਗਿੱਲ ਕਲੱਬ ਘਵੱਦੀ ਬਨਾਮ ਜਰਖੜ ਅਕੈਡਮੀ 4 ਵਜੇ  ਜਦਕਿ ਜੂਨੀਅਰ ਵਰਗ ਦਾ ਫਾਈਨਲ ਰਾਮਪੁਰ ਕੋਚਿੰਗ ਸੈਂਟਰ ਬਨਾਮ ਅਮਰਗਡ਼੍ਹ  ਅਕੈਡਮੀ ਵਿਚਕਾਰ  ਸ਼ਾਮ 5 ਵਜੇ ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਰਨਗੇ