ਜਰਖੜ ਹਾਕੀ ਲੀਗ--ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਰਾਮਪੁਰ ਹਾਕੀ ਸੈਂਟਰ ਦਾ ਜੇਤੂ ਝੰਡਾ ਰਿਹਾ ਬੁਲੰਦ
ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਜਰਖੜ ਅਕੈਡਮੀ ਨੂੰ ਦਿੱਤੀਆਂ 25 ਹਾਕੀ ਸਟਿੱਕਾਂ
ਲੁਧਿਆਣਾ: ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਜਿੱਥੇ ਰਾਮਪੁਰ ਹਾਕੀ ਕੋਚਿੰਗ ਸੈਂਟਰ ਦੀ ਜੇਤੂ ਮੁਹਿੰਮ ਜਾਰੀ ਰਹੀ ਉਥੇ ਕੋਚ ਦਰਸ਼ਨ ਸਿੰਘ ਕਲੱਬ ਨੇ ਯੰਗ ਸਪੋਰਟਸ ਕਲੱਬ ਓੁਟਾਲਾ ਨੂੰ 6-3 ਗੋਲਾਂ ਨਾਲ ਹਰਾ ਕੇ ਪਹਿਲੀ ਜਿੱਤ ਹਾਸਲ ਕੀਤੀ ।
ਜਰਖੜ ਸਟੇਡੀਅਮ ਵਿਖੇ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਹਾਕੀ ਸੈਂਟਰ ਰਾਮਪੁਰ ਨੇ ਜਟਾਣਾ ਹਾਕੀ ਸੈਂਟਰ ਨੂੰ 5-3 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਨਵਜੋਤ ਅਤੇ ਅਰਸ਼ਪ੍ਰੀਤ ਨੇ 2-2 ਗੋਲ ਕੀਤੇ, ਅਨਮੋਲਦੀਪ ਨੇ ਇਕ ਗੋਲ ਕੀਤਾ ।ਜਟਾਣਾ ਸੈਂਟਰ ਵੱਲੋਂ ਜਸਕੀਰਤ ਸਿੰਘ ਅਤੇ ਸਾਹਿਬਜੋਤ ਸਿੰਘ ਨੇ ਇੱਕ ਇੱਕ ਗੋਲ ਕੀਤਾ । ਅੱਜ ਸੀਨੀਅਰ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ ਰਾਮਪੁਰ ਕਲੱਬ ਨੇ ਇਕ ਫਸਵੇਂ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੂੰ 6-5 ਗੋਲਾਂ ਨਾਲ ਹਰਾਇਆ । ਅੱਜ ਦੇ ਤੀਸਰੇ ਮੁਕਾਬਲੇ ਵਿੱਚ ਕੋਚ ਦਰਸ਼ਨ ਸਿੰਘ ਹਾਕੀ ਕਲੱਬ ਕਿਲ੍ਹਾ ਰਾਏਪੁਰ ਨੇ ਯੰਗ ਕਲੱਬ ਉਟਾਲਾਂ ਨੂੰ 6-3 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ । ਅੱਜ ਦੇ ਮੈਚਾਂ ਦੌਰਾਨ ਹਾਕੀ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਉਪ ਪ੍ਰਧਾਨ ਪੰਜਾਬ ਹਾਕੀ ਐਸੋਸੀਏਸ਼ਨ ,ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਅਤੇ ਅਮਰੀਕ ਸਿੰਘ ਮਿਨਹਾਸ ਐਸ ਪੀ ਪੰਜਾਬ ਪੁਲੀਸ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ ਇਸ ਮੌਕੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਜਰਖੜ ਹਾਕੀ ਅਕੈਡਮੀ ਨੂੰ ਪੰਜਾਬ ਹਾਕੀ ਵੱਲੋਂ 25 ਹਾਕੀ ਸਟਿੱਕਾਂ ਦੇਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਆਖਿਆ ਕਿ ਜਰਖੜ ਵਿਖੇ ਸਬ ਜੂਨੀਅਰ ਬੱਚਿਆਂ ਦਾ ਕੋਚਿੰਗ ਕਲੀਨਿਕ ਲਗਾਇਆ ਜਾਵੇਗਾ ਇਸ ਕੋਚਿੰਗ ਕਲੀਨਿਕ ਵਿਚੋਂ ਉਭਰਦੇ ਹਾਕੀ ਹੁਨਰ ਦੀ ਭਾਲ ਕੀਤੀ ਜਾਵੇਗੀ । ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਧਰਮਿੰਦਰ ਸਿੰਘ ਮਨੀ, ਰਵਿੰਦਰ ਸਿੰਘ ਕਾਲਾ ਘਵੱਦੀ, ਪ੍ਰੇਮ ਸਿੰਘ ਰਾਮਪੁਰ ,ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ, ਰੁਪਿੰਦਰ ਸਿੰਘ ਗਿੱਲ ਆਦਿ ਹੋਰ ਉੱਘੀਅਾਂ ਸ਼ਖ਼ਸੀਅਤਾਂ ਹਾਜ਼ਰ ਸਨ । ਭਲਕੇ 25 ਜੁਲਾਈ ਦਿਨ ਐਤਵਾਰ ਨੂੰ ਜਰਖੜ ਹਾਕੀ ਲੀਗ ਦੇ ਜੂਨੀਅਰ ਅਤੇ ਸੀਨੀਅਰ ਵਰਗ ਦੇ 4 ਮੁਕਾਬਲੇ ਖੇਡੇ ਜਾਣਗੇ ।