ਜਰਖੜ ਖੇਡਾਂ ਦੀਆਂ ਤਰੀਕਾਂ ਐਲਾਨੀਆਂ- ਖੇਡਾਂ 17-18-19 ਦਸੰਬਰ ਨੂੰ
ਕਬੱਡੀ ਅਤੇ ਹਾਕੀ ਦਾ ਹੋਵੇਗਾ ਮਹਾਂਕੁੰਭ , ਪਹਿਲੀ ਵਾਰ ਹੋਵੇਗੀ ਮੁੱਕੇਬਾਜੀ, ਗਾਇਕ ਕਰਨ ਔਜਲਾ ਦਾ ਲੱਗੇਗਾ ਅਖਾੜਾ
ਲੁਧਿਆਣਾ: ਜੇਕਰ ਕੋਰੋਨਾ ਮਹਾਂਮਾਰੀ ਦੇ ਹਾਲਾਤ ਠੀਕ ਰਹੇ ਤਾਂ ਇਸ ਵਾਰ ਦੀਆਂ ਕਿਸਾਨ ਅੰਦੋਲਨ ਨੂੰ ਸਮਰਪਿਤ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 17-18 ਅਤੇ 19 ਦਸੰਬਰ 2021 ਨੂੰ ਹੋਣਗੀਆਂ । ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਇੰਡੀਅਨ ਗਾਰਡੀਅਨ ਸੈੰਟਰ ਲੁਧਿਆਣਾ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇੰਗਲੈਂਡ ਤੋਂ ਹੰਸਲੋ ਦੇ ਸਾਬਕਾ ਮੇਅਰ ਪ੍ਰੀਤਮ ਸਿੰਘ ਗਰੇਵਾਲ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਇੰਸਪੈਕਟਰ ਬਲਵੀਰ ਸਿੰਘ ,ਨਿਰਮਲ ਸਿੰਘ ਨਿੰਮਾ ਡੇਹਲੋਂ , ਸਾਹਿਬਜੀਤ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ ,ਗੁਰਸਤਿੰਦਰ ਸਿੰਘ ਪਰਗਟ, ਤਰਨ ਜੋਧਾਂ ,ਰਾਣਾ ਜੋਧਾਂ ਯਾਦਵਿੰਦਰ ਸਿੰਘ ਤੂਰ ਆਦਿ ਪ੍ਰਮੁੱਖ ਮੈਂਬਰਾਂ ਨੇ ਹਿੱਸਾ ਲਿਆ ।
ਮੀਟਿੰਗ ਦੀ ਕਾਰਵਾਈ ਬਾਰੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਤੇ ਪ੍ਰੀਤਮ ਸਿੰਘ ਗਰੇਵਾਲ ਨੇ ਦੱਸਿਆ ਇਸ ਵਾਰ ਕਬੱਡੀ ਅਤੇ ਹਾਕੀ ਦਾ ਵੱਡੇ ਪੱਧਰ ਤੇ ਮਹਾਕੁੰਭ ਕਰਵਾਇਆ ਜਾਵੇਗਾ । ਆਲ ਓਪਨ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ ਹੋਵੇਗਾ ਜਦਕਿ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ। ਹਾਕੀ ਵਿੱਚ ਅੰਡਰ 12 ਸਾਲ ਮੁੰਡੇ , ਹਾਕੀ ਲੜਕੀਆਂ ਅਤੇ ਮਰਦਾਂ ਦੇ ਸੀਨੀਅਰ ਵਰਗ ਦੇ ਮੁਕਾਬਲੇ ਹੋਣਗੇ । ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਕੱਪ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਸਰੀਹ ਦੀ ਯਾਦ ਨੂੰ ਸਮਰਪਿਤ ਹੋਵੇਗਾ । ਇਸ ਵਾਰ ਜਰਖੜ ਖੇਡਾਂ ਵਿੱਚ ਪਹਿਲੀ ਵਾਰ ਮੁੱਕੇਬਾਜ਼ੀ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ । ਹਾਕੀ ਮੁਕਾਬਲੇ ਮਹਿੰਦਰਪ੍ਰਤਾਪ ਗਰੇਵਾਲ ਟਰੱਸਟ ਵੱਲੋਂ ਸਪਾਂਸਰ ਹੋਣਗੇ ਜਦਕਿ ਕਬੱਡੀ ਕੱਪ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਮੋਹਣਾਂ ਜੋਧਾਂ ਹੋਰਾਂ ਦੀ ਪੂਰੀ ਟੀਮ ਵੱਲੋਂ ਸਪੋਂਸਰ ਹੋਵੇਗਾ। ਇਸ ਵਰ੍ਹੇ ਦੀਆਂ ਖੇਡਾਂ ਕਬੱਡੀ ਸਟਾਰ ਮਾਣਕ ਜੋਧਾ, ਉੱਘੇ ਕੁਮੈਂਟੇਟਰ ਡਾ ਦਰਸ਼ਨ ਬੜੀ ਅਤੇ ਹਰਬੰਸ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਹੋਣਗੀਆਂ । ਇਸ ਵਾਰ ਅਖਾੜਾ ਲਾਉਣ ਦੀ ਵਾਰੀ ਉੱਘੇ ਲੋਕ ਗਾਇਕ ਕਰਨ ਔਜਲਾ ਦੀ ਰਹੇਗੀ । ਫਾਈਨਲ ਸਮਾਰੋਹ ਤੇ ਇਲਾਕੇ ਦੀਆਂ ਉੱਘੀਆਂ 6 ਸ਼ਖ਼ਸੀਅਤਾਂ ਦਾ ਸਨਮਾਨ ਹੋਵੇਗਾ ।