ਜਸਵੰਤ ਸਿੰਘ ਜ਼ਫ਼ਰ ਦੀ ਚੌਥੀ ਵਾਰਤਕ ਪੁਸਤਕ ਲੋਕ ਅਰਪਨ
ਲੁਧਿਆਣਾ, 18 ਅਗਸਤ, 2021: ਪੰਜਾਬੀ ਚਿੰਤਕ ਅਤੇ ਸ਼ਰੋਮਨੀ ਕਵੀ ਜਸਵੰਤ ਸਿੰਘ ਜ਼ਫ਼ਰ ਦੀ ਚੌਥੀ ਵਾਰਤਕ ਪੁਸਤਕ ‘ਨਾਨਕ ਏਵੈ ਜਾਣੀਐ’ ਦਾ ਲੋਕ ਅਰਪਨ ਸਮਾਗਮ ਸਥਾਨਕ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿਖੇ ਆਯੋਜਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਕਿਹਾ ਕਿ ਜਸਵੰਤ ਸਿੰਘ ਜ਼ਫ਼ਰ ਕਾਲਜ ਦੇ ਉਹਨਾਂ ਉੱਘੇ ਅਤੇ ਮਾਣਮੱਤੇ ਪੁਰਾਣੇ ਵਿਦਿਆਰਥੀਆਂ ਵਿਚੋਂ ਹੈ ਜਿਹਨਾਂ ਨੇ ਇਕ ਤੋਂ ਵੱਧ ਖੇਤਰਾਂ ਵਿਚ ਯੋਗਦਾਨ ਪਾ ਕੇ ਨਾਮਣਾ ਖੱਟਿਆ ਹੈ। ਆਰੰਭ ਵਿਚ ਡਾ. ਅਕਾਲ ਅੰਮ੍ਰਿਤ ਕੌਰ ਨੇ ਪੁਸਤਕ ਦੀ ਵਿਸਥਾਰ ਨਾਲ ਜਾਣ ਪਛਾਣ ਕਰਾਈ। ਪੁਸਤਕ ਨੁੰ ਲੋਕ ਅਰਪਨ ਕਰਦਿਆਂ ਮੁੱਖ ਮਹਿਮਾਨ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਅਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਇਸ ਦੀਆਂ ਉਦਘਾਟਨੀ ਕਾਪੀਆਂ ਸ. ਸੁਖਦੇਵ ਸਿੰਘ ਲਾਜ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਭੇਂਟ ਕੀਤੀਆਂ। ਉੱਘੇ ਵਿਦਵਾਨ ਅਤੇ ਵਰਲਡ ਪੰਜਾਬੀ ਸੈਂਟਰ ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਆਪਣੇ ਮੁੱਖ ਭਾਸ਼ਨ ਵਿਚ ਕਿਹਾ ਕਿ ਜ਼ਫ਼ਰ ਨੂੰ ਔਖੀਆਂ ਗੱਲਾਂ ਨੂੰ ਸੌਖੇ ਤਰੀਕੇ ਕਹਿਣ ਦੀ ਪ੍ਰਭਾਵਸ਼ਾਲੀ ਜੁਗਤ ਅਤੇ ਬਲ ਆ ਗਿਆ ਹੈ, ਇਸੇ ਕਾਰਨ ਉਸ ਦੀ ਹਰੇਕ ਵਿਧਾ ਦੀ ਕਿਸੇ ਵੀ ਪੁਸਤਕ ਨੂੰ ਪਾਠਕਾਂ ਦੀ ਕਮੀ ਨਹੀਂ ਰਹੀ।
ਵਿਚਾਰ ਚਰਚਾ ਸ਼ੁਰੂ ਕਰਦਿਆਂ ਚਿੰਤਕ, ਕਵੀ ਅਤੇ ਨਾਵਲਕਾਰ ਡਾ. ਮਨਮੋਹਨ ਨੇ ਕਿਹਾ ਕਿ ਵਿਦਵਾਨਾਂ, ਟੀਕਾਕਾਰਾਂ, ਪ੍ਰਚਾਰਕਾਂ ਅਤੇ ਅਚਾਰੀਆਂ ਓਸ਼ੋ ਵਰਗੇ ਪ੍ਰਵਚਨਕਾਰਾਂ ਦੀਆਂ ਗੁਰਬਾਣੀ ਵਿਆਖਿਆ ਦੀਆਂ ਅਲੱਗ ਅਲੱਗ ਵਿਧੀਆਂ ਹਨ। ਇਹਨਾਂ ਸਾਰੀਆਂ ਦੇ ਥੋੜ੍ਹੇ ਥੋੜ੍ਹੇ ਅੰਸ਼ਾਂ ਦੇ ਸੰਯੋਗ ਨਾਲ ਜ਼ਫਰ ਨੇ ਨਵੀਂ ਸਿਰਨਾਤਮਿਕ ਵਾਰਤਕ ਸ਼ੈਲੀ ਈਜਾਦ ਕੀਤੀ ਹੈ ਜਿਸ ਨੂੰ ਪਾਠਕਾਂ ਨੇ ਭਰਪੂਰ ਰੂਪ ਵਿਚ ਸਵੀਕਾਰ ਕੀਤਾ ਹੈ। ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਜ਼ਫ਼ਰ ਦੀ ਵਾਰਤਕ ਖੋਜੀ ਭਾਂਤ ਦੀ ਹੈ ਪਰੰਤੂ ਉਹ ਆਪਣੇ ਨਿਰਣਿਆਂ ਨੁੰ ਪਾਠਕਾਂ ‘ਤੇ ਥੋਪਦਾ ਨਹੀਂ ਸਗੋਂ ਉਸਦਾ ਮੁਹਾਵਰਾ ਮਸ਼ਵਰਾਨਾ ਹੈ। ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਲੇਖਕ ਦੀ ਮਿਹਨਤ ਦੇ ਨਾਲ ਨਾਲ ਉਸ ਦੇ ਗੁਰੂ ਨਾਨਕ ਪ੍ਰਤੀ ਪਿਆਰ ਅਤੇ ਗੁਰਬਾਣੀ ਪ੍ਰਤੀ ਆਸਥਾ ਦੀ ਵੱਡੀ ਸੂਚਕ ਹੈ। ਪੁਸਤਕ ਦੇ ਪ੍ਰਕਾਸ਼ਕ ਅਤੇ ਚੇਤਨਾ ਪ੍ਰਕਾਸ਼ਨ ਦੇ ਮੁਖੀ ਸ੍ਰੀ ਸਤੀਸ਼ ਗੁਲਾਰੀ ਨੇ ਕਿਹਾ ਕਿ ਜਸਵੰਤ ਜ਼ਫ਼ਰ ਦੀ ਹਰ ਨਵੀਂ ਪੁਸਤਕ ਨੂੰ ਪਾਠਕ ਬੜੀ ਤਾਂਘ ਨਾਲ ਉਦੀਕਦੇ ਹਨ ਅਤੇ ਹੁਣ ਤੱਕ ਉਹਨਾਂ ਦਾ ਅਦਾਰਾ ਲੇਖਕ ਦੀਆਂ ਵੱਖ ਵੱਖ ਕਿਤਾਬਾਂ ਦੀਆਂ ਪੱਚੀ ਹਜ਼ਾਰ ਤੋਂ ਵੱਧ ਕਾਪੀਆਂ ਪਾਠਕਾਂ ਨੂੰ ਮੁਹੱਈਆ ਕਰਾ ਚੁੱਕਾ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਸੁਜੀਤ ਪਾਤਰ ਨੇ ਕਿਹਾ ਕਿ ਜ਼ਫ਼ਰ ਨੇ ਪੰਜਾਬੀ ਕਵਿਤਾ ਵਿਚ ਆਪਣਾ ਵਿਲੱਖਣ ਸਥਾਨ ਬਣਾ ਲੈਣ ਉਪਰੰਤ ਤਾਜ਼ਗੀ ਭਰਪੂਰ ਵਾਰਤਕ ਲੇਖਕ ਵਜੋਂ ਸਥਾਪਤ ਕਰ ਲਿਆ ਹੈ। ਮੁੱਖ ਮਹਿਮਾਨ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਆਪਣੇ ਬੜੇ ਪ੍ਰਭਾਵਸ਼ਾਲੀ ਸੰਬੋਧਨ ਵਿਚ ਕਿਹਾ ਕਿ ਗੁਰੂ ਨਾਨਕ ਨੁੰ ਠੀਕ ਤਰ੍ਹਾਂ ਜਾਨਣ ਦਾ ਓਹੀ ਤਰੀਕਾ ਹੈ ਜੋ ਉਹਨਾਂ ਜਪੁਜੀ ਵਿਚ ਪ੍ਰਮਾਤਮਾ ਨੂੰ ਜਾਨਣ ਦਾ ਦੱਸਿਆ ਹੈ।
ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਚੱਲੀ ਇਸ ਚਰਚਾ ਵਿਚ ਹੋਰਨਾਂ ਤੋਂ ਇਲਾਵਾ ਡਾ. ਕੇਹਰ ਸਿੰਘ, ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਡਾ. ਸੁਰਿੰਦਰਬੀਰ ਸਿੰਘ ਰਿਟਾਇਰਡ ਪਿੰਸੀਪਲ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਡਾ. ਰੂਪਾ ਕੌਰ ਮਾਤਾ ਗੰਗਾ ਕਾਲਜ ਕੋਟਾਂ, ਕਹਾਣੀਕਾਰ ਬਲਵਿੰਦਰ ਗਰੇਵਾਲ ਅਤੇ ਪ੍ਰਸਿੱਧ ਪੱਤਰਕਾਰ ਸਤਿਬੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਲੇਖਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਗੱਲਾਂ ਅਤੇ ਕਾਲਜ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਖਚਾਖਚ ਭਰੇ ਸੈਮੀਨਾਰ ਹਾਲ ਵਿਚ ਉੱਪ ਮੁੱਖ ਇੰਜਨੀਅਰ ਜਗਦੇਵ ਸਿੰਘ ਹਾਂਸ, ਰਿਟਾਇਰਡ ਮੁੱਖ ਇੰਜਨੀਅਰ ਰਛਪਾਲ ਸਿੰਘ, ਰਿਟਾਇਰਡ ਉੱਪ ਮੁੱਖ ਇੰਜਨੀਅਰ ਪਰਮਜੀਤ ਸਿੰਘ ਧਾਲੀਵਾਲ, ਕਵੀ ਪ੍ਰੋ. ਜਗਮੋਹਨ ਸਿੰਘ, ਡਾ. ਬਲਵੀਰ ਕੌਰ ਪੰਧੇਰ, ਕੰਵਲਜੀਤ ਸਿੰਘ ਸ਼ੰਕਰ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਪਿੰਸੀਪਲ ਗੁਰਸ਼ਮਿੰਦਰ ਸਿੰਘ, ਸ. ਸਰਬਜੀਤ ਸਿੰਘ ਸੋਹਲ, ਡਾ. ਪ੍ਰੀਤਕੰਵਲ ਕੌਰ, ਸ. ਗੁਰਸੇਵਕ ਸਿੰਘ ਨਾਮਧਾਰੀ, ਰਾਣਾ ਇੰਦਰਜੀਤ ਸਿੰਘ, ਡਾ. ਪਾਹੁਲਮੀਤ ਸਿੰਘ, ਪ੍ਰੋ. ਹਰਮੀਤ ਸਿੰਘ, ਪ੍ਰੋ. ਰੁਪਿੰਦਰਜੀਤ ਕਥੂਰੀਆ, ਸ. ਪ੍ਰਭਸ਼ਰਨਜੀਤ ਸਿੰਘ, ਡਾ. ਕੰਵਲਦੀਪ ਕੌਰ, ਕਵਿਤਰੀ ਜਸਪ੍ਰੀਤ ਕੌਰ ਗਿੱਲ, ਸ. ਮਹਿਤਾਬ ਸਿੰਘ ਖਾਲਸਾ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਚਾਰਵਾਨ, ਸਾਹਿਤ ਪ੍ਰੇਮੀ, ਕਾਲਜ ਦੇ ਨਵੇਂ ਅਤੇ ਪੁਰਾਣੇ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਹੋਏ। ਪਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਦਾ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਅਤੇ ਦੋਸ਼ਾਲੇ ਭੇਟ ਕਰਕੇ ਸਨਮਾਨ ਕੀਤਾ। ਨਣਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਸ. ਇੰਦਰਪਾਲ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਇਹ ਸਮਾਰੋਹ ਅਹੱਤਵਪੂਰਨ ਚਰਚਾ ਕਾਰਨ ਦੇਰ ਤੱਕ ਸਭ ਦੇ ਚੇਤਿਆਂ ਵਿਚ ਰਹੇਗਾ।ਮੰਚ ਸੰਚਾਲਨ ਪ੍ਰੋ. ਲਖਬੀਰ ਸਿੰਘ ਖਾਨਾ ਨੇ ਬਹੁਤ ਭਾਵਪੂਰਤ ਅਤੇ ਯੋਜਨਾਬੱਧ ਤਰੀਕੇ ਨਾਲ ਕੀਤਾ।