ਕਾਨੂੰਨਗੋ ਐਸੋਸਿਏਸ਼ਨ ਦੇ ਨੁਮਾਇੰਦਿਆਂ ਅਤੇ ਸਮਾਜ ਸੇਵਕਾਂ ਨੇ ਲਈ ਕੋਰੋਨਾ ਦੇ ਮਰੀਜਾਂ ਦੀ ਦੇਖਭਾਲ ਅਤੇ ਸੰਸਕਾਰ ਦੀ ਜਿੰਮਵਾਰੀ

ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕਿਹਾ ਸੰਕਟ ਦੀ ਇਸ ਘੜੀ ਵਿਚ ਹਰ ਤਰ੍ਹਾਂ ਦੀ ਸੇਵਾ ਲਈ ਹਾਂ ਤਿਆਰ

ਕਾਨੂੰਨਗੋ ਐਸੋਸਿਏਸ਼ਨ ਦੇ ਨੁਮਾਇੰਦਿਆਂ ਅਤੇ ਸਮਾਜ ਸੇਵਕਾਂ ਨੇ ਲਈ ਕੋਰੋਨਾ ਦੇ ਮਰੀਜਾਂ ਦੀ ਦੇਖਭਾਲ ਅਤੇ ਸੰਸਕਾਰ ਦੀ ਜਿੰਮਵਾਰੀ

ਫਿਰੋਜ਼ਪੁਰ: ਰੈਵੈਨਿਊ ਕਾਨੂੰਨਗੋ  ਐਸੋਸੀਏਸ਼ਨ ਦੇ ਕੈਸ਼ੀਅਰ ਸੰਤੋਖ ਸਿੰਘ, ਮੰਦਰ ਬਾਬਾ ਜਨਮ ਨਾਥ ਸੋਸਾਇਟੀ ਤੋਂ ਲੇਖਰਾਜ ਅਤੇ ਵਿਪਨ ਕੁਮਾਰ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜਪੁਰ ਸ੍ਰ ਕੁਲਵੰਤ ਸਿੰਘ ਨਾਲ ਮੁਲਾਕਾਤ ਕਰ ਕੇ ਕੋਰੋਨਾ ਦੇ ਪੀੜੀਤ ਮਰੀਜਾਂ ਦੀ ਦੇਖਭਾਲ ਅਤੇ ਕਿਸੇ ਦੀ ਮੌਤ ਹੋਣ ਤੇ ਉਸ ਦਾ ਸੰਸਕਾਰ ਕਰਨ ਦੀ ਜਿੰਮਵਾਰੀ ਲਈ ਹੈ।  ਕੈਸ਼ੀਅਰ ਸੰਤੋਖ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਪੀਲ ਤੋਂ ਬਾਅਦ ਉਹ ਲੋਕ ਸੰਕਟ ਦੀ ਇਸ ਘੜੀ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਏ ਹਨ। ਕੁੱਝ ਦਿਨ ਪਹਿਲਾ ਇੱਕ ਸ਼ੱਕੀ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਸੰਸਕਾਰ ਨੂੰ ਲੈ ਕੇ ਕਾਫ਼ੀ ਦਿੱਕਤ ਆਈ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਲੋਕਾਂ ਨੂੰ ਸੰਸਕਾਰ ਦਾ ਵਿਰੋਧ ਕਰਨ ਦੀ ਬਜਾਏ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ। ਇਸ ਅਪੀਲ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਈਆਂ ਹਨ।
ਕਾਨੂੰਨਗੋ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੀਆਂ ਕੁੱਝ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਜੇਕਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ ਕੋਈ ਵੀ ਇਹੋ ਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਹ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਸਬੰਧਿਤ ਮਰੀਜ਼ ਦੀ ਦੇਖਭਾਲ ਅਤੇ ਰੱਬ ਨਾ ਕਰੇ ਜੇਕਰ ਉਸ ਦੀ ਮੌਤ ਹੁੰਦੀ ਹੈ ਤਾਂ ਉਹ ਉਸ ਦਾ ਸੰਸਕਾਰ ਤੱਕ ਦੀ ਸਾਰੀ ਪ੍ਰਕ੍ਰਿਆ ਕਰਨਗੇ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕਈ ਇਹੋ ਜਿਹੇ ਕੇਸ ਦੇਖਣ ਵਿਚ ਆਏ ਹਨ ਕਿ ਕੋਰੋਨਾ ਪ੍ਰਭਾਵਿਤ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਹੀ ਪਿੱਛੇ ਹਟ ਜਾਂਦੇ ਹਨ ਜਦਕਿ ਕਾਨੂੰਨਗੋ ਸੰਤੋਖ ਸਿੰਘ, ਲੇਖਰਾਜ, ਵਿਪਨ ਕੁਮਾਰ ਵਰਗੇ ਸਮਾਜ ਸੇਵਕ ਸੰਕਟ ਦੀ ਇਸ ਘੜੀ ਵਿਚ ਸੇਵਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਸ਼ਾਸਨਿਕ ਕਦਮ ਹੈ ਅਤੇ ਦੂਜੇ ਲੋਕਾਂ ਨੂੰ ਵੀ ਜਾਗਰੂਕ ਹੋਕੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। /(10 ਅਪ੍ਰੈਲ)