'ਖੇਡਾਂ ਵਤਨ ਪੰਜਾਬ ਦੀਆ' ਨੇ ਰੱਖੀ ਤੰਦਰੁਸਤ ਪੰਜਾਬ ਦੀ ਨੀਂਹ - ਵਿਧਾਇਕ ਕੁਲਵੰਤ ਸਿੰਘ ਸਿੱਧੂ
ਵਿਧਾਇਕ ਸਿੱਧੂ ਦੀ ਪ੍ਰਧਾਨਗੀ 'ਚ ਹਲਕਾ ਆਤਮ ਨਗਰ 'ਚ ਕ੍ਰਿਕਟ ਟੂਰਨਾਮੈਂਟ ਆਯੋਜਿਤ
ਲੁਧਿਆਣਾ, 11 ਦਸੰਬਰ, 2022: ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆ' ਨੇ ਮਜਬੂਤ ਅਤੇ ਤੰਦਰੁਸਤ ਪੰਜਾਬ ਦੀ ਨੀਂਹ ਰੱਖੀ ਹੈ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਾਲ ਖੇਡਾਂ ਕਰਵਾ ਕੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਵਚਨਬੱਧ ਹੈ।
ਉਹ ਬੀਤੀ ਸ਼ਾਮ ਸਥਾਨਕ ਮਾਡਲ ਟਾਊਨ ਇਲਾਕੇ ਵਿੱਚ ਡਾ. ਅੰਬੇਡਕਰ ਨਗਰ ਕ੍ਰਿਕਟ ਕਲੱਬ ਵੱਲੋਂ ਆਪਣੇ ਭਰਾ ਜਬਰ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਏ ਗਏ 6ਵੇਂ ਕ੍ਰਿਕਟ ਟੂਰਨਾਮੈਂਟ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆ਼ ਵਿੱਚ ਤਿੰਨ ਲੱਖ ਖਿਡਾਰੀਆਂ ਦੀ ਰਿਕਾਰਡਤੋੜ ਸ਼ਮੂਲੀਅਤ ਦਰਸਾਉਂਦੀ ਹੈ ਕਿ ਜੇਕਰ ਮੌਕਾ ਦਿੱਤਾ ਜਾਵੇ ਤਾਂ ਪੰਜਾਬੀ ਨੌਜਵਾਨ ਖੇਡਾਂ ਵਿੱਚ ਕਮਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਲਾਨਾ ਆਯੋਜਨ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਬਹਾਲ ਕਰੇਗਾ।
ਵਿਧਾਇਕ ਸਿੱਧੂ ਨੇ ਦੱਸਿਆ ਕਿ ਸਿਹਤਮੰਦ ਮੁਕਾਬਲੇ ਨੌਜਵਾਨਾਂ ਨੂੰ ਸਕਾਰਾਤਮਕ ਊਰਜਾ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਫਾਈਨਲ ਮੁਕਾਬਲੇ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਇਆ ਜਿੱਥੇ ਉਨ੍ਹਾਂ ਖਿਡਾਰੀਆਂ ਨੂੰ ਟ੍ਰਾਫੀਆਂ ਵੰਡੀਆਂ ਅਤੇ ਫਾਈਨਲ ਮੁਕਾਬਲੇ ਦੀ ਜੇਤੂ ਟੀਮ ਨੂੰ 41000 ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਕ੍ਰਿਕਟ ਟੀਮ ਨੂੰ 25000 ਰੁਪਏ ਦੀ ਰਾਸ਼ੀ ਆਪਣੇ ਨਿੱਜੀ ਫੰਡ ਵਿੱਚੋਂ ਭਂੇਂਟ ਕੀਤੀ।