ਅਸ਼ਵਨੀ ਜੇਤਲੀ ਦੀ ਤਾਜ਼ਾ ਪੰਜਾਬੀ ਗ਼ਜ਼ਲ
ਅਸ਼ਵਨੀ ਜੇਤਲੀ ਇਕ ਅਜਿਹਾ ਸਾਹਿਤਕਾਰ ਹੈ ਜੋ ਹਮੇਸ਼ਾ ਆਪਣੇ ਬਣਾਏ ਸੰਸਾਰ ਵਿਚ ਹੀ ਵਿਚਰਦਾ ਰਹਿੰਦਾ ਹੈ. ਸੰਸਾਰ ਪ੍ਰਤੀ ਉਸਦਾ ਬੇਰੁਖੀ ਵਾਲਾ ਵਤੀਰਾ ਹੀ ਉਸਨੂੰ ਵੱਡਾ ਸਾਹਿਤਕਾਰ ਬਣਾਉਂਦਾ ਹੈ. ਆਪਣੀ ਜਵਾਨੀ ਵੇਲੇ ਨਾਗਮਣੀ ਵਿਚ ਆਪਣੀਆਂ ਕਾਵ ਰਚਨਾਵਾਂ ਛਪਵਾ ਚੁੱਕਾ ਹੈ. ਪਾਸ਼ ਦੇ ਬਹੁਤ ਨੇੜੇ ਰਹਿ ਚੁੱਕਾ ਹੈ. ਕਵਿਤਾ, ਗ਼ਜ਼ਲ ਜਾਂ ਗੀਤ ਲਿਖਣ ਵਿਚ ਉਸਨੂੰ ਰੱਬ ਵੱਲੋਂ ਮੁਹਾਰਤ ਹਾਸਲ ਹੈ. ਸ਼ਬਦਾਂ 'ਤੇ ਕਮਾਲ ਦੀ ਪਕੜ ਹੈ. ਸ਼ਾਇਰੀ ਉਸਦੇ ਦਿਲੋ ਦਿਮਾਗ ਵਿਚ ਹੀ ਨਹੀਂ ਉਸਦੀ ਰੂਹ ਤੇ ਸਵਾਸਾਂ ਵਿਚ ਵਸਦੀ ਹੈ. ਪਰ ਉਸਨੇ ਕਦੀਂ ਰੌਲਾ ਨਹੀਂ ਪਾਇਆ. ਚੁਪਚਾਪ ਕਲਮ ਤੇ ਕਾਗਜ਼ ਦਾ ਰਿਸ਼ਤਾ ਬਣਾਈ ਜਾਂਦਾ ਹੈ. ਰਿਸ਼ਤੇ ਨਿਭਾਈ ਜਾਂਦਾ ਹੈ. ਪਿਆਰ ਦੇ. ਦੋਸਤੀ ਦੇ. ਉਹ ਯਾਰਾਂ ਦਾ ਯਾਰ ਹੈ. ਪਰ ਕਦੇ ਜਤਾਉਂਦਾ ਨਹੀਂ. ਬਿਲਕੁਲ ਜਿਂਵੇਂ ਉਹ ਇਹ ਜਤਾਉਂਦਾ ਨਹੀਂ ਕਿ ਉਹ ਸਾਹਿਤਕਾਰ ਹੈ. ਇਕ ਬਹੁਤ ਵੱਡਾ ਸਾਹਿਤਕਾਰ. ਏਨਾ ਵੱਡਾ ਸਾਹਿਤਕਾਰ ਜਿਸ ਦੇ ਨੇੜੇ ਤੇੜੇ ਪਹੁੰਚਣ ਲਈ ਹੋਰਾਂ ਦੇ ਕਈ ਜਨਮ ਲੱਗ ਜਾਣ. ਮਸਤ ਮੌਲਾ ਤਬੀਅਤ ਹੋਣ ਕਾਰਨ ਕਦੇ ਕਾਗਜ਼ ਤੇ ਲਿਖਿਆ ਤੇ ਕਦੇ ਨ ਲਿਖਿਆ. ਜੇ ਲਿਖਿਆ ਤੇ ਕਦੇ ਵਰਕਾ ਸਾਂਭ ਲਿਆ ਤੇ ਕਦੇ ਵਰਕਾ ਪਹਾੜ ਲਿਆ. ਉਸਨੇ ਸੁਪਨੇ ਤਾਂ ਬਹੁਤ ਬੁਣੇ. ਪਰ ਤਿੜਕੇ ਸੁਪਨਿਆਂ ਦਾ ਭਲਾ ਕੀ? ਇਨ੍ਹਾਂ ਤਿੜਕੇ ਸੁਪਨਿਆਂ ਨੂੰ ਉਸਨੇ ਆਪਣੀ ਪਲੇਠੀ ਕਾਵ ਪੁਸਤਕ "ਤਿੜਕੇ ਸੁਪਨੇ ਦੀ ਗਾਥਾ" ਵਿਚ ਸਾਂਭਣ ਦਾ ਜਤਨ ਕੀਤਾ ਹੈ. ਉਸਦੇ ਸੁਪਨੇ ਤਿੜਕੇ ਜਰੂਰ ਹਨ. ਪਰ, ਹਿੰਮਤ ਨਹੀਂ ਹਾਰੀ ਹੈ. ਉਹ ਅਜੇ ਵੀ ਸੁਪਨੇ ਬੁਣ ਰਿਹਾ ਹੈ. ਨਿਰੰਤਰਤਾ ਨਾਲ. ਬਿਨਾਂ ਆਪਣੀ ਉਮਰ 'ਤੇ ਆਪਣੇ ਨਾਲ ਵਾਪਰੇ ਹਾਦਸਿਆਂ ਦੀ ਪ੍ਰਵਾਹ ਕੀਤਿਆਂ.
`ਸਿਟੀ ਏਅਰ ਨਿਊਜ਼' ਦੇ ਪਾਠਕਾਂ ਦੀ ਨਜ਼ਰ ਹੈ ਉਹਨਾਂ ਦੀ ਤਾਜ਼ਾ ਗ਼ਜ਼ਲ -
ਸਾਡੇ ਨਾਲ ਤਾਂ ਇਸ ਤਰ੍ਹਾਂ ਹਰ ਵਾਰੀ ਹੋ ਗਈ
ਫਸਲ ਪੱਕੀ ਜਦੋਂ ਇਸ਼ਕ ਦੀ, ਗੜ੍ਹੇਮਾਰੀ ਹੋ ਗਈ
ਸੁਪਨੇ 'ਚ ਮਿਲੇ ਜਦ ਵੀ, ਬੜਾ ਹੁੱਭ ਕੇ ਮਿਲੇ
ਹੋਇਆ ਜਦੋਂ ਵੀ ਸਾਹਮਣਾ, ਬੇਜ਼ਾਰੀ ਹੋ ਗਈ
ਰੰਗ 'ਚ ਉਸਦੇ ਰੰਗ ਗਿਐ ਅੰਗ-ਅੰਗ ਕੁਝ ਇਸ ਤਰ੍ਹਾਂ
ਮਨ ਵਿੱਚ,ਵਜਦ ਵਿੱਚ, ਅਜਬ ਅੱਜ ਖੁਮਾਰੀ ਹੋ ਗਈ
ਬੈਠੇ ਜੋ ਹਨ ਚਿਰਾਂ ਤੋਂ ਹੱਕ ਲੈਣ ਦੀ ਖਾਤਿਰ
ਸੱਤਾ ਦੀ ਉਹਨਾਂ 'ਤੇ ਅੜੀ ਵੀ ਭਾਰੀ ਹੋ ਗਈ
ਚੌਥਾ ਸੀ ਥੰਮ੍ਹ ਜੋ ਕਦੇ ਗਿਰਦੇ ਗਿਰਦੇ ਗਿਰ ਗਿਐ
ਹਰ ਸੁਰ ਹੁਣ ਮੀਡਿਆ ਦੀ ਦਰਬਾਰੀ ਹੋ ਗਈ