ਲੁਧਿਆਣਾ ਵਾਸੀਆਂ ਨੇ ਕੀਤਾ ਰਿਕਾਰਡ ਕਾਇਮ, 26483 ਲੋਕਾਂ ਵੱਲੋਂ ਕਰਵਾਇਆ ਗਿਆ ਅੱਜ ਟੀਕਾਕਰਨ

ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਮਕਾਬਲੇ ਅੱਜ ਤੱਕ ਹੈ ਸਭ ਤੋਂ ਵੱਡਾ ਆਂਕੜਾ

ਲੁਧਿਆਣਾ ਵਾਸੀਆਂ ਨੇ ਕੀਤਾ ਰਿਕਾਰਡ ਕਾਇਮ, 26483 ਲੋਕਾਂ ਵੱਲੋਂ ਕਰਵਾਇਆ ਗਿਆ ਅੱਜ ਟੀਕਾਕਰਨ

ਲੁਧਿਆਣਾ:  ਜ਼ਿਲ੍ਹੇ ਦੇ 26483 ਨਿਵਾਸੀਆਂ ਵੱਲੋਂ ਅੱਜ ਆਪਣਾ ਟੀਕਾਕਰਨ ਕਰਵਾ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਇਹ ਯਕੀਨੀ ਬਣਾਉਣ ਲਈ ਕਿ ਲੁਧਿਆਣਾ ਵਾਸੀਆਂ ਨੂੰ ਵੱਧ ਤੋਂ ਵੱਧ ਟੀਕੇ ਲਗਵਾਏ ਜਾਣ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਵੈਕਸੀਨੇਸ਼ਨ ਐਟ ਯੋਰ ਡੋਰਸਟੈਪਸ' ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ 26 ਮਾਰਚ, 2021 ਤੋਂ ਮੁਹੱਲਾ, ਕਲੱਬਾਂ, ਫੈਕਟਰੀਆਂ, ਵਪਾਰਕ ਅਦਾਰਿਆਂ ਆਦਿ ਵਿੱਚ ਕੈਂਪ ਲਗਾਏ ਗਏ ਸਨ।

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ 2 ਰੋਜ਼ਾ ਮੈਗਾ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਜਿਕਰਯੋਗ ਹੈ ਕਿ ਅੱਜ ਤੋਂ, ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਵਿਸ਼ੇਸ਼ 2 ਰੋਜ਼ਾ ਅਭਿਆਨ ਚਲਾਇਆ ਗਿਆ ਹੈ, ਜਿਸ ਦੇ ਤਹਿਤ ਜ਼ਿਲ੍ਹੇ ਦੇ ਲਗਭਗ ਹਰ ਪ੍ਰਮੁੱਖ ਹਿੱਸਿਆਂ ਵਿੱਚ ਕਈ ਕੈਂਪ ਲਗਾਏ ਜਾ ਰਹੇ ਹਨ।

ਲੁਧਿਆਣਾ ਜ਼ਿਲ੍ਹੇ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵੱਲੋਂ 26 ਮਾਰਚ, 2021 ਨੂੰ ਇਸ ਵਾਇਰਸ ਦੀ ਪਸਾਰ ਲੜੀ ਨੂੰ ਤੋੜਨ ਲਈ ਥੋੜ੍ਹੇ ਸਮੇਂ ਵਿੱਚ ਵੱਡੀ ਆਬਾਦੀ ਦਾ ਟੀਕਾਕਰਨ ਕਰਨ ਦੇ ਮੰਤਵ ਨਾਲ ਇੱਕ ਵਿਲੱਖਣ ਪਹਿਲ 'ਵੈਕਸੀਨੇਸ਼ਨ ਐਟ ਡੋਰਸਟੈਪਸ' ਦੀ ਸ਼ੁਰੂਆਤ ਕੀਤੀ ਸੀ। ਇਹ ਪਹਿਲ ਨਿਗਮ ਕੌਂਸਲਰ ਸ੍ਰੀ ਮਮਤਾ ਆਸ਼ੂ ਦੀ ਦਿਮਾਗੀ ਸੋਚ ਸੀ, ਜਿਨ੍ਹਾਂ ਸ਼ਹਿਰ ਦੇ ਪ੍ਰਤਾਪ ਨਗਰ ਖੇਤਰ ਵਿੱਚ ਪਹਿਲਾਂ ਅਜਿਹਾ ਕੈਂਪ ਲਗਾਇਆ ਸੀ।

ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਧੇਰੇ ਤੀਬਰਤਾ ਨਾਲ ਫੈਲ ਰਹੀ ਹੈ, ਇਸ ਲਈ ਵੱਧ ਤੋਂ ਵੱਧ ਆਬਾਦੀ ਦਾ ਜਲਦ ਟੀਕਾਕਰਨ ਕਰਕੇ ਉਨ੍ਹਾਂ ਨੂੰ ਕਵਚ ਪ੍ਰਦਾਨ ਕਰਨਾ ਵਧੇਰੇ ਮਹੱਤਵਪੂਰਨ ਹੋ ਜਾਂਦਾ ਹੈ. ਉਨ੍ਹਾਂ ਕਿਹਾ ਕਿ 'ਵੈਕਸੀਨੇਸ਼ਨ ਐਟ ਡੋਰਸਟੈਪਸ' ਮੁਹਿੰਮ ਤਹਿਤ ਟੀਕਾਕਰਨ ਕੇਂਦਰ ਵਿਖੇ ਕਤਾਰ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਹਤ ਟੀਮਾਂ ਵਿਸ਼ੇਸ਼ ਖੇਤਰ/ਫੈਕਟਰੀਆਂ/ਪਿੰਡਾਂ/ਰਿਹਾਇਸ਼ੀ ਸੁਸਾਇਟੀਆਂ ਜਾਂ ਨਿੱਜੀ ਅਦਾਰਿਆਂ ਦਾ ਦੌਰਾ ਕਰਨਗੀਆਂ ਜਿਸ ਲਈ ਸਿਰਫ ਆਪਣੇ ਇਲਾਕਿਆਂ ਜਾਂ ਥਾਵਾਂ 'ਤੇ ਟੀਕਾਕਰਨ ਕੈਂਪ ਲਗਾਉਣ ਲਈ ਪ੍ਰਸ਼ਾਸਨ ਨੂੰ ਇੱਕ ਫੋਨ ਕਰਨ ਦੀ ਲੋੜ ਹੈ।

ਸ੍ਰੀਮਤੀ ਮਮਤਾ ਆਸ਼ੂ ਵੱਲੋਂ ਉਨ੍ਹਾਂ ਦੇ ਸੁਝਾਅ ਨੂੰ ਅਪਣਾ ਕੇ ਇਸ ਪਹਿਲਕਦਮੀ ਨੂੰ ਸੁਰੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜੋ 2 ਦਿਨਾਂ ਮੈਗਾ ਸਮਾਗਮ (ਅਪਰੈਲ 3-4, 2021) ਦੇ ਰੂਪ ਵਿਚ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਟੀਮ ਲੋਕਾਂ ਨੂੰ ਆਪਣੇ ਆਪਣੇ ਖੇਤਰਾਂ ਵਿੱਚ ਕੈਂਪ ਲਗਾਉਣ ਲਈ ਪ੍ਰੇਰਿਤ ਕਰਨ ਵਿੱਚ ਲੱਗੀ ਹੋਈ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਉਨ੍ਹਾਂ ਸੋਚਿਆ ਸੀ ਕਿ ਅੱਜ ਇੱਕ ਦਿਨ ਵਿੱਚ ਲਗਭਗ 20 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ, ਪਰ ਇਹ ਬਹੁਤ ਵੱਡੀ ਗੱਲ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 26,483 ਲੋਕਾਂ ਨੂੰ ਟੀਕਾ ਲਗਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅੱਗੇ ਆਉਣ ਅਤੇ ਕੱਲ ਵੀ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ 'ਮੈਨੂੰ ਉਮੀਦ ਹੈ ਕਿ ਕੱਲ੍ਹ ਇਹ ਗਿਣਤੀ ਹੋਰ ਵਧੇਗੀ'। 

ਡਿਪਟੀ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪ੍ਰਸ਼ਾਸਨ ਸਿਹਤ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ 'ਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਣ ਲਈ ਭੇਜੇਗਾ, ਜਿੱਥੋਂ ਇਹ ਕਾਲ ਆਵੇਗੀ।

ਲੋਕਾਂ ਨੂੰ ਬੇਝਿੱਜਕ ਟੀਕੇ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਸ੍ਰੀ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਟੀਕੇ ਨੂੰ ਵਿਕਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਅਤੇ ਇਸ ਨੂੰ ਰਾਸ਼ਟਰ ਪ੍ਰਤੀ ਸਮਾਜਕ ਜ਼ਿੰਮੇਵਾਰੀ ਮੰਨਦਿਆਂ ਸਾਨੂੰ ਮਹਾਂਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਹੀ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਜਦੋਂ ਕੋਵਿਡ ਦੀ ਵੈਕਸੀਨ ਨਹੀਂ ਸੀ, ਲੋਕ ਵੱਡੀ ਗਿਣਤੀ ਵਿੱਚ ਨਿਰਾਸ਼ ਸਨ ਅਤੇ ਟੀਕੇ ਲਈ ਪ੍ਰਾਰਥਨਾ ਕਰ ਰਹੇ ਸਨ ਅਤੇ ਜਦੋਂ ਹੁਣ ਵੈਕਸੀਨ ਮੌਜੂਦ ਹੈ, ਤਾਂ ਲੋਕਾਂ ਨੂੰ ਇਸ ਮਹਾਂਮਾਰੀ ਦੇ ਵਿਰੁੱਧ ਜੰਗ ਜਿੱਤਣ ਲਈ ਵੈਕਸੀਨ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।