ਜ਼ਿਲ੍ਹੇ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਪ੍ਰੋਟੇਕਟਿਵ ਮਾਸਕ ਦਾ ਨਿਰਮਾਣ ਸ਼ੁਰੂ, ਵਿਧਾਇਕ ਪਿੰਕੀ ਨੇ ਲਿਆ ਜਾਇਜ਼ਾ
ਕਿਹਾ, ਸਾਰੇ ਸੈਂਟਰ ਅਤੇ ਕੁੱਝ ਦਰਜ਼ੀਆਂ ਨੂੰ ਉਪਲਬਧ ਕਰਵਾ ਰਹੇ ਹਨ ਕੱਪੜਾ ਤਾਂਕਿ ਜ਼ਿਲ੍ਹੇ ਲਈ ਬਣਵਾਏ ਜਾ ਸਕਣ ਜ਼ਿਆਦਾ ਤੋ ਜ਼ਿਆਦਾ ਪ੍ਰੋਟੇਕਟਿਵ ਮਾਸਕ
ਫ਼ਿਰੋਜ਼ਪੁਰ: ਜ਼ਿਆਦਾ ਤੋ ਜ਼ਿਆਦਾ ਪ੍ਰੋਟੇਕਟਿਵ ਮਾਸਕ ਪਹੁੰਚਾਉਣ ਦੀ ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਸਕਿਲ ਡਿਵੈਲਪਮੈਂਟ ਸੈਂਟਰ ਵਿੱਚ ਪ੍ਰੋਟੇਕਟਿਵ ਮਾਸਕ ਬਣਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜਿਸਦਾ ਜਾਇਜ਼ਾ ਲੈਣ ਲਈ ਸ਼ਨੀਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਇਸ ਸੈਂਟਰ ਵਿੱਚ ਪੁੱਜੇ । ਵਿਧਾਇਕ ਪਿੰਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਸਕ ਨੂੰ ਲਾਜ਼ਮੀ ਬਣਾਇਆ ਗਿਆ ਹੈ, ਜਿਸ ਦੇ ਤਹਿਤ ਜ਼ਿਆਦਾ ਤੋ ਜ਼ਿਆਦਾ ਲੋਕਾਂ ਤੱਕ ਇਹ ਮਾਸਕ ਪੁੱਜੇ, ਇਸ ਦੇ ਲਈ ਅਸੀਂ ਮਿਲ ਕੇ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਸਕਿਲ ਡਿਵੈਲਪਮੈਂਟ ਸੈਂਟਰ ਵਿੱਚ ਸਟੀਚਿੰਗ ਦੀ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਵੱਲੋਂ ਇਹ ਮਾਸਕ ਤਿਆਰ ਕਰਵਾਏ ਜਾ ਰਹੇ ਹਨ। ਇਸ ਤੋ ਇਲਾਵਾ ਕੁੱਝ ਦਰਜ਼ੀਆਂ ਵੱਲੋਂ ਵੀ ਮਾਸਕ ਬਣਵਾਏ ਜਾ ਰਹੇ ਹਨ। ਇਨ੍ਹਾਂ ਸਾਰੇ ਸੈਂਟਰਾਂ ਅਤੇ ਦਰਜੀਆਂ ਨੂੰ ਉਨ੍ਹਾਂ ਦੇ ਵੱਲੋਂ ਕੱਪੜਾ ਉਪਲਬਧ ਕਰਵਾਇਆ ਗਿਆ ਹੈ ਅਤੇ ਦਰਜ਼ੀ ਮਨੁੱਖਤਾ ਦੇ ਪ੍ਰਤੀ ਆਪਣੇ ਫ਼ਰਜ਼ ਨੂੰ ਸਮਝਦੇ ਹੋਏ ਮੁਫ਼ਤ ਪ੍ਰੋਟੇਕਟਿਵ ਮਾਸਕ ਬਣਾਉਣ ਦੀ ਸੇਵਾ ਕਰ ਰਹੇ ਹਨ ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਤਿਆਰ ਹੋਏ ਮਾਸਕ ਦੀ ਪਹਿਲੀ ਖੇਪ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਵੰਡ ਦਿੱਤੇ ਗਏ ਹਨ ਅਤੇ ਰੋਜ਼ਾਨਾ ਤਿਆਰ ਮਾਸਕ ਲੋਕਾਂ ਵਿੱਚ ਵੰਡੇ ਜਾਣਗੇ । ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋਣ ਵਾਲੀ ਹੈ । ਇੱਥੇ ਆਉਣ ਵਾਲੇ ਕਿਸਾਨਾਂ, ਲੇਬਰ ਅਤੇ ਆੜ੍ਹਤੀਆਂ ਵਿੱਚ ਵੀ ਇਹ ਪ੍ਰੋਟੇਕਟਿਵ ਮਾਸਕ ਵੰਡੇ ਜਾਣਗੇ ਤਾਂਕਿ ਮੰਡੀਆਂ ਵਿੱਚ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਦੀ ਕਿਸੇ ਵੀ ਤਰ੍ਹਾਂ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਾਨੂੰ ਸਾਰੀਆਂ ਨੂੰ ਮਿਲ ਕੇ ਖੜਾ ਹੋਣਾ ਹੋਵੇਗਾ ਅਤੇ ਪਾਰਟੀ ਪੱਧਰ ਤੋ ਉੱਪਰ ਉੱਠ ਕੇ ਕੰਮ ਕਰਨਾ ਹੋਵੇਗਾ, ਤਾਂ ਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਖ਼ਿਲਾਫ਼ ਚੱਲ ਰਹੀ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ । ਵਿਧਾਇਕ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਤਹਿਤ ਮਾਸਕ ਪਹਿਨਣਾ ਜ਼ਰੂਰੀ ਬਣਾਇਆ ਗਿਆ ਹੈ ।