ਸ਼ਿਕਾਇਤ ਨਿਵਾਰਨ ਮੈਗਾ ਕੈਂਪ ਦਾ ਵੱਧ ਤੋਂ ਵੱਧ ਲੋਕ ਲਾਹਾ ਲੈਣ: ਏਕਤਾ ਉੱਪਲ
9 ਨਵੰਬਰ, 2022 ਨੂੰ ਡੀ. ਸੀ. ਮਾਡਲ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਲੱਗੇਗਾ ਮੈਗਾ ਲੀਗਲ ਸਰਵਿਸਿਜ਼ ਕੈਂਪ
ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸਬੰਧੀ ਲੱਗਣਗੇ ਹੈਲਪ ਡੈਸਕ
ਫਿਰੋਜ਼ਪੁਰ, 7 ਨਵੰਬਰ, 2022: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀ ਰਹਿਨੁਮਾਈ ਹੇਠ ਸ਼੍ਰੀ ਵੀਰਇੰਦਰ ਅਗਰਵਾਲ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀ ਅਗਵਾਈ ਵਿੱਚ ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਮੈਗਾ ਲੀਗਲ ਸਰਵਿਸਜ਼ ਕੈਂਪ ਦਾ ਆਯੋਜਨ 9 ਨਵੰਬਰ, 2022 ਨੂੰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮੈਡਮ ਏਕਤਾ ਉੱਪਲ ਵੱਲੋਂ ਮੀਟਿੰਗ ਕਰ ਕੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਭਗ 21 ਵਿਭਾਗ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਦਫ਼ਤਰ ਅਸਿਸਟੈਂਟ ਲੇਬਰ ਕਮਿਸ਼ਨਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਿਹਤ ਵਿਭਾਗ, ਪੁਲਿਸ ਵਿਭਾਗ, ਥਾਣਾ ਵੂਮੈਨ, ਸਿੱਖਿਆ ਵਿਭਾਗ, ਵਨ ਸਟਾਪ ਕਰਾਇਸਿਸ ਸੈਂਟਰ, ਜ਼ਿਲ੍ਹਾ ਸੋਸ਼ਲ ਸਕਿਊਰਿਟੀ ਵਿਭਾਗ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ, ਫੂਡ ਅਤੇ ਸਿਵਲ ਸਪਲਾਈ ਵਿਭਾਗ, ਐੱਨ.ਜੀ.ਓਜ਼, ਬਿਜਲੀ ਵਿਭਾਗ, ਜਲ ਅਤੇ ਸੈਨੀਟੇਸ਼ਨ ਵਿਭਾਗ, ਪੀ.ਡਬਲਿਊ.ਡੀ., ਬਾਲ ਸੁਰੱਖਿਆ ਵਿਭਾਗ, ਵਣ ਵਿਭਾਗ, ਜ਼ਿਲ੍ਹਾ ਸਿੱਖਿਆ ਵਿਭਾਗ, ਜ਼ਿਲ੍ਹਾ ਰੋਜ਼ਗਾਰ ਵਿਭਾਗ, ਜ਼ਿਲ੍ਹਾ ਮੁੱਖ ਦਫ਼ਤਰ ਸਾਂਝ ਕੇਂਦਰ ਅਤੇ ਕਾਮਨ ਸੇਵਾ ਸੈਂਟਰ ਆਦਿ ਵਿਭਾਗਾਂ ਦੇ ਹੈਲਪ ਡੈਸਕ ਲਗਾਏ ਜਾ ਰਹੇ ਹਨ। ਸੀ.ਜੇ.ਐਮ. ਨੇ ਕਿਹਾ ਕਿ ਕੈਂਪ ਵਿੱਚ ਆਮ ਲੋਕਾਂ ਦੀ ਐਂਟਰੀ ਗੇਟ ਨੰਬਰ 3 ਅਤੇ 4 ਤੋਂ ਸਵੇਰੇ 10:00 ਵਜੇ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਆਧਾਰ ਕਾਰਡ, ਲਾਭ ਪਾਤਰੀ ਕਾਰਡ, ਪੈਨਸ਼ਲ ਕਾਰਡ, ਅਪੰਗਤਾ ਸਰਟੀਫਿਕੇਟ, ਜਮਾਂਬੰਦੀ ਦੀਆਂ ਸਮੱਸਿਆਵਾਂ, ਪੁਲਿਸ ਨਾਲ ਸਬੰਧਤ ਸਮੱਸਿਆਵਾਂ, ਘਰੇਲੂ ਝਗੜੇ ਦੀਆਂ ਸਮੱਸਿਆਵਾਂ, ਮਹਿਲਾਵਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ, ਕੋਵਿਡ-19 ਬੂਸਟਰ ਡੋਜ਼, ਮੁਫ਼ਤ ਓ. ਪੀ. ਡੀ. ਚੈੱਕਅੱਪ ਅਤੇ ਉਪਰੋਕਤ ਵਿਭਾਗਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ ‘ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸੀ.ਜੇ.ਐਮ. ਨੇ ਦੱਸਿਆ ਕਿ ਇਸ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈਣ ਲਈ ਅਤੇ ਲੋਕਾਂ ਨੂੰ ਇਸ ਕੈਂਪ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਪੈਨਲ ਐਡਵੋਕੇਟ, ਪੈਰਾ ਲੀਗਲ ਵਲੰਟੀਅਰ, ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ, ਐੱਨ. ਜੀ. ਓ. ਆਦਿ ਸ਼ਾਮਲ ਹਨ। ਇਹ ਸਾਰੀਆਂ ਟੀਮਾਂ ਫਿਰੋਜ਼ਪੁਰ ਵਿੱਚ ਡੋਰ ਟੂ ਡੋਰ ਸਰਵੇ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ ਅਪੀਲ ਕੀਤੀ।